ਜਗਦੀਸ਼ ਥਿੰਦ
ਫਾਜ਼ਿਲਕਾ 23 ਸਤੰਬਰ
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਵੱਲੋਂ ਸੰਭਾਵਿਤ ਹੜਾਂ ਦੇ ਪ੍ਰਬੰਧਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨਾਂ ਨੇ ਹੜ ਆਉਣ ਦੀ ਸਥਿਤੀ 'ਤੇ ਪ੍ਰਭਾਵਿਤ ਖੇਤਰ ਦੇ ਲੋਕਾਂ ਲਈ ਖਾਣ-ਪੀਣ, ਰਹਿਣ-ਸਹਿਣ ਅਤੇ ਪਸ਼ੂਆਂ ਦੇ ਚਾਰੇ ਆਦਿ ਦੇ ਅਗਾਉਂ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ। ਉਨਾਂ ਕਿਹਾ ਕਿ ਹੜਾਂ ਦੀ ਸਥਿਤੀ ਵਿਚ ਨਿਪਟਣ ਲਈ ਤਹਿਸੀਲਦਾਰ ਦਫਤਰ ਫਾਜ਼ਿਲਕਾ ਵਿਖੇ ਜ਼ਿਲਾ ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਹੋਇਆ ਹੈ ਜੋ ਕਿ 24 ਘੰਟੇ ਖੁੱਲਾ ਰਹੇਗਾ ਤੇ ਸੰਕਟ ਦੀ ਘੜੀ ਵਿੱਚ ਲੋੜਵੰਦ ਲੋਕ ਕਿਸੇ ਵੀ ਸਮੇਂ ਇਸ 'ਤੇ ਸੰਪਰਕ ਕਰ ਸਕਦੇ ਹਨ। ਉਨਾਂ ਦੱਸਿਆ ਕਿ ਕੰਟਰੋਲ ਰੂਮ ਵਿਖੇ ਹੜਾਂ ਸਬੰਧੀ ਸਥਿਤੀ ਨੂੰ ਵੇਖਦਿਆਂ ਜ਼ਿਲਾ ਪੱਧਰ 'ਤੇ ਟੋਲ ਫ੍ਰੀ ਨੰਬਰ 01638-262153 ਤੇ ਤਹਿਸੀਲ ਜਲਾਲਾਬਾਦ ਵਿਖੇ 01638-251373 ਵੀ ਚਾਲੂ ਕੀਤਾ ਗਿਆ ਹੈ ਤੇ ਲੋੜ ਪੈਣ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜਾਂ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਲਈ ਸੰਕਟ ਦੀ ਸਥਿਤੀ ਨਜਿੱਠਣ ਲਈ ਉਨਾਂ ਲਈ ਪਹਿਲਾਂ ਹੀ ਜ਼ਿਲੇ ਅੰਦਰ 16 ਰਾਹਤ ਕੈਂਪਾਂ ਦੀ ਸਥਾਪਨਾ ਕੀਤੀ ਹੋਈ ਹੈ ਤਾਂ ਜੋ ਲੋਕਾਂ ਨੂੰ ਸੰਕਟ ਦੀ ਸਥਿਤੀ ਵਿੱਚ ਕਿਸੇ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਅੱਗੇ ਕਿਹਾ ਕਿ ਪਸ਼ੂਆਂ ਦੇ ਚਾਰੇ ਆਦਿ ਹੋਰ ਸਬੰਧੀ ਲੋੜੀਂਦੇ ਪ੍ਰਬੰਧ ਵੀ ਮੁਕੰਮਲ ਕਰ ਲਏ ਜਾਣ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੜ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਨ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਉਣ ਕਿ ਹੜਾਂ ਦੀ ਸਥਿਤੀ ਵਿੱਚ ਕਿਸ਼ਤੀ ਚਲਾਉਣ ਲਈ ਮਲਾਹਾਂ ਆਦਿ ਦੀ ਸ਼ਨਾਖਤ ਕਰ ਲਈ ਜਾਵੇ ਤਾਂ ਜੋ ਮੌਕੇ 'ਤੇ ਉਨਾਂ ਦੀ ਮਦਦ ਲਈ ਜਾ ਸਕੇ। ਉਨਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਹੜ ਪ੍ਰਭਾਵਿਤ ਇਲਾਕੇ ਲਈ ਮਾਹਰ ਡਾਕਟਰੀ ਟੀਮਾਂ ਦਾ ਗਠਨ ਕਰ ਲਿਆ ਜਾਵੇ ਤੇ ਲੋੜੀਂਦੀਆਂ ਦਵਾਈਆਂ ਆਦਿ ਦਾ ਵੀ ਖਾਸ ਕਰਕੇ ਪ੍ਰਬੰਧ ਕਰ ਲਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਹਿਸੀਲ ਜਲਾਲਾਬਾਦ ਵਿੱਚ ਹੜਾਂ ਨਾਲ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਸੰਤੋਖ ਸਿੰਘ ਵਾਲਾ, ਪ੍ਰਭਾਤ ਸਿੰਘ ਵਾਲਾ ਹਿਠਾੜ, ਬੱਘੇ ਕੇ ਹਿਠਾੜ, ਚੱਕ ਖੀਵਾ, ਢੰਡੀ ਕਦੀਮ, ਢੰਡੀ ਖੁਰਦ, ਪੀਰੇ ਕੇ ਉਤਾੜ ਤੇ ਹਿਠਾੜ, ਬੋਦਲ ਪੀਰੇ ਕੇ, ਮਹਿਮੂਦ ਖਾਨੇ ਕੇ, ਰਾਮ ਸਿੰਘ ਵਾਲਾ, ਬਲੇਲ ਕੇ ਕਾਮਲ, ਬਾਮੇ ਵਾਲਾ, ਚੱਕ ਸਰਕਾਰ ਮੁਹਾਜੀ ਪ੍ਰਭਾਤ ਸਿੰਘ ਵਾਲਾ, ਮੋਹਰ ਸਿੰਘ ਵਾਲਾ ਹਿਠਾੜ, ਚੱਕ ਸਰਕਾਰ ਮੁਹਾਜੀ ਬੱਘੇ ਕੇ-1 ਅਤੇ 2, ਗੱਟੀ ਹਾਸਲ, ਚੱਕ ਬਜ਼ੀਦਾ, ਚੱਕ ਟਾਹਲੀ ਵਾਲਾ, ਲਮੋਚੜ ਖੁਰਦ, ਜੱਲਾ ਲਖੇ ਕੇ ਹਿਠਾੜ, ਭੰਬਾ ਵੱਟੂ ਹਿਠਾੜ, ਫੱਤੂ ਵਾਲਾ ਅਤੇ ਤਹਿਸੀਲ ਫਾਜ਼ਿਲਕਾ ਵਿੱਚ ਪੈਂਦੇ ਗੁੱਦੜ ਭੈਣੀ, ਵੱਲੇ ਸ਼ਾਹ ਹਿਠਾੜ, ਮਹਾਤਮ ਨਗਰ, ਦੋਨਾ ਸਿਕੰਦਰੀ, ਚੱਕ ਰੁਹੇਲਾ, ਰੁਹੇਲਾ ਤੇਜੇ ਕਾ, ਰੇਤੇ ਵਾਲੀ ਭੈਣੀ, ਝੰਗੜ ਭੈਣੀ, ਰਾਮ ਸਿੰਘ ਭੈਣੀ, ਗੰਜੂਆਣਾ, ਮੁਹਾਰ ਜਮਸ਼ੇਰ, ਮੁਹਾਰ ਖੀਵਾ ਅਤੇ ਗੁਲਾਮ ਰਸੂਲ ਵਿਖੇ ਜ਼ਿਆਦਾ ਚੌਕਸੀ ਵਰਤੀ ਜਾਵੇ। ਉਨਾਂ ਨੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਤੇ ਵਿਸ਼ਵਾਸ਼ ਦਵਾਇਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸਥਿਤੀ ਨਾਲ ਨਜਿਠਣ ਲਈ ਮੁਕੰਮਲ ਪ੍ਰਬੰਧ ਕੀਤੇ ਹੋਏ ਹਨ।
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਸਬੰਧਤ ਐਸ.ਡੀ.ਐਮਜ਼ ਨੂੰ ਹੜ ਰੋਕਣ ਸਬੰਧੀ ਅਗਾਉਂ ਪ੍ਰਬੰਧਾਂ ਬਾਰੇ ਹਦਾਇਤ ਦਿੰਦਿਆਂ ਕਿਹਾ ਕਿ ਆਉਣ ਵਾਲੇ ਸੰਭਾਵਿਤ ਹੜਾਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਪ੍ਰਬੰਧਾਂ ਵਿੱਚ ਕਿਸੇ ਵੀ ਤਰਾਂ ਦੀ ਕੋਈ ਅਣਗਹਿਲੀ ਨਾ ਵਰਤੀ ਜਾਵੇ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿ) ਸ੍ਰੀ ਸਤੀਸ਼ ਚੰਦਰ, ਐਸ.ਡੀ.ਐਮ.ਫਾਜ਼ਿਲਕਾ ਸ੍ਰੀ ਸੁਭਾਸ਼ ਚੰਦਰ, ਐਸ.ਡੀ.ਐਮ. ਅਬੋਹਰ ਪੂਨਮ ਸਿੰਘ, ਐਸ.ਡੀ.ਐਮ. ਜਲਾਲਾਬਾਦ ਸ੍ਰੀ ਕੇਸ਼ਵ ਗੋਇਲ, ਜ਼ਿਲਾ ਮਾਲ ਅਫਸਰ ਸ੍ਰੀਮਤੀ ਪਰਮਜੀਤ ਕੌਰ, ਸਿਵਲ ਸਰਜਨ ਡਾ. ਹੰਸ ਰਾਜ, ਸਹਾਇਕ ਕਮਿਸ਼ਨਰ(ਜ) ਸ੍ਰੀ ਓਮ ਪ੍ਰਕਾਸ਼ ਤੋਂ ਇਲਾਵਾ ਸਮੂਹ ਤਹਿਸੀਲਦਾਰ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜ਼ੂਦ ਸਨ।