ਅਧਿਆਪਕ ਜੱਥੇਬੰਦੀ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 23 ਸਤੰਬਰ ਬੇਰੁਜ਼ਗਾਰ ਈ ਟੀ ਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਰੁਜ਼ਗਾਰ ਪ੍ਰਾਪਤੀ ਲਈ ਵਿੱਢੇ ਸੰਘਰਸ਼ ਤਹਿਤ ਹੁਣ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਪੰਜਾਬ ਦੇ ਗ੍ਰਹਿ ਹਲਕਾ ਪਟਿਆਲਾ ਵਿਖੇ ਭੁੱਖ ਹੜਤਾਲ ਕਰਨਗੇ । ਇਸ ਸੰਬੰਧੀ ਜਾਣਕਾਰੀ ਜਾਰੀ ਕਰਦਿਆਂ ਬੇਰੁਜ਼ਗਾਰ ਈ ਟੀ ਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਯੋਗਤਾ ਪ੍ਰਾਪਤ ਅਧਿਆਪਕ ਕੰਮ ਦੀ ਪ੍ਰਾਪਤੀ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਹੇ ਹਨ । ਘਰ ਘਰ ਨੌਕਰੀ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਦੀ ਸਰਕਾਰ ਨੇ ਸ਼ੁਰੂ ਤੋਂ ਹੀ ਬੇਰੁਜ਼ਗਾਰ ਅਧਿਆਪਕਾਂ ਨਾਲ ਟਾਲ ਮਟੋਲ ਦੀ ਨੀਤੀ ਤੇ ਚੱਲ ਕੇ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਚੁੱਕੇ ਅਧਿਆਪਕਾਂ ਦਾ ਮਾਨਸਿਕ ਅਤੇ ਸਮਾਜਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ । ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਇਸ ਪੰਜਾਬ ਸਰਕਾਰ ਦੇ ਅਧਿਕਾਰੀਆਂ ਸਿੱਖਿਆ ਮੰਤਰੀ ਅਤੇ ਖੁਦ ਮੁੱਖ ਮੰਤਰੀ ਦੇ ਓ ਐੱਸ ਡੀਜ਼ ਵੱਲੋਂ ਪਿਛਲੇ ਸਮੇਂ ਵਿੱਚ ਆਈਆਂ ਵੱਖ ਵੱਖ ਚੋਣਾਂ ਅਤੇ ਬੇਰੁਜ਼ਗਾਰ ਅਧਿਆਪਕ ਵਰਗ ਵੱਲੋਂ ਕੀਤੇ ਸੰਘਰਸ਼ ਮਈ ਐਕਸ਼ਨਾਂ ਦੌਰਾਨ ਵਾਅਦਾ ਕੀਤਾ ਕਿ ਜਲਦ ਹੀ ਅਧਿਆਪਕਾਂ ਦੀ ਭਰਤੀ ਕਰਕੇ ਤੁਹਾਨੂੰ ਰੁਜ਼ਗਾਰ ਦਿੱਤਾ ਜਾਵੇਗਾ ਪਰ ਸਮਾਂ ਲੰਘਣ ਦੇ ਤੇ ਲੋਕ ਆਪਣੀ ਫਿਤਰਤ ਅਨੁਸਾਰ ਕੀਤੇ ਹੋਏ ਵਾਅਦੇ ਨੂੰ ਵਿਸਾਰ ਦਿੰਦੇ ਹਨ । ਅਧਿਆਪਕ ਆਗੂ ਨੇ ਕਿਹਾ ਕਿ ਨੌਜਵਾਨ ਅਧਿਆਪਕਾਂ ਨੂੰ ਕੰਮ ਦੇਣ ਦੀ ਬਜਾਏ ਸਰਕਾਰ ਵੱਲੋਂ ਆਪਣੇ ਨਾਦਰਸ਼ਾਹੀ ਰਵੱਈਏ ਅਨੁਸਾਰ ਅਧਿਆਪਕਾਂ ਖ਼ਿਲਾਫ਼ ਅਪਰਾਧ ਦੇ ਕਮਲ ਕਦਮੀ ਦਰਜ਼ ਕਰਕੇ ਉਨ੍ਹਾਂ ਨੂੰ ਸੀਖਾਂ ਪਿਛੇ ਰੱਖਿਆ ਗਿਆ ਹੈ । ਜਥੇਬੰਦੀ ਦੀ ਸੂਬਾ ਕਾਰਜਕਾਰਨੀ ਅਤੇ ਸਮੂਹ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਵੱਲੋਂ ਸੰਯੁਕਤ ਰੂਪ ਵਿੱਚ ਲਏ ਗਏ ਫੈਸਲੇ ਅਨੁਸਾਰ ਬੇਰੁਜ਼ਗਾਰ ਈ ਟੀ ਟੀ ਟੈੱਟ ਪਾਸ ਅਧਿਆਪਕ ਪੱਚੀ ਸਤੰਬਰ ਨੂੰ ਪਟਿਆਲਾ ਵਿਖੇ ਭੁੱਖ ਹੜਤਾਲ ਤੇ ਬੈਠਣਗੇ । ਇਸ ਦੌਰਾਨ ਜਥੇਬੰਦੀ ਨਾਲ ਜੁੜੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਹੋਏ ਵਾਅਦਿਆਂ ਤੋਂ ਪੰਜਾਬ ਵਾਸੀਆਂ ਦਾ ਧਿਆਨ ਹਟਾਉਣ ਲਈ ਵੱਖ ਵੱਖ ਮੁੱਦਿਆਂ ਨੂੰ ਉਛਾਲ ਕੇ ਪੰਜਾਬ ਦੀ ਜਨਤਾ ਵਿੱਚ ਵੱਖਰੇਵੇਂ ਪੈਦਾ ਕਰ ਰਹੀ ਹੈ । ਇਸ ਮੌਕੇ ਪੰਜਾਬ ਪ੍ਰਧਾਨ ਦੀਪਕ ਕੰਬੋਜ ਤੋਂ ਇਲਾਵਾ ਸੰਦੀਪ ਸਾਮਾ , ਲੇਖ ਸਿੰਘ , ਜਗਦੀਸ਼ ਜੱਸੀ ਰਾਏ ,ਸੁਖਦੇਵ ਸਿੰਘ ਨਨਾਰੀ ਖੋਖਰ , ਗੁਰਮੀਤ ਸਿੰਘ , ਸ਼ਿੰਦਰ ਰੁਕਣਾ , ਮਨਪ੍ਰੀਤ ਮੋਹਣ ਕੇ , ਕਾਜਲ , ਸੁਨੰਦਾ ਸਿਮਰਨ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਮੌਜੂਦ ਸਨ ।