ਗੁਰਭਜਨ ਗਿੱਲ
ਲੁਧਿਆਣਾ: 3 ਸਤੰਬਰ 2018 - ਪੰਜਾਬੀ ਨਾਵਲਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਡਾ: ਅਮਰਜੀਤ ਸਿੰਘ ਗੋਰਕੀ ਦਾ ਪੂਨਾ ਵਿਖੇ ਆਪਣੇ ਪੁੱਤਰ ਦੇ ਘਰ ਦੇਹਾਂਤ ਹੋ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਨਿਕਟਵਰਤੀ ਮਿੱਤਰਾਂ ਡਾ: ਸ ਸ ਦੋਸਾਂਝ ਤੇ ਡਾ: ਹਰਿਭਜਨ ਸਿੰਘ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਚਾਰ ਕੁ ਦਿਨ ਪਹਿਲਾਂ ਦਿਲ ਦਾ ਹਲਕਾ ਜਿਹਾ ਦੌਰਾ ਪਿਆ ਸੀ, ਜਿਸ ਤੋਂ ਉਹ ਸੰਭਲ ਗਏ ਪਰ ਬੀਤੀ ਰਾਤ ਦੋਬਾਰਾ ਦਿਲ ਦਾ ਦੌਰਾ ਜਾਨ ਲੇਵਾ ਸਾਬਤ ਹੋਇਆ।
ਡਾ: ਅਮਰਜੀਤ ਸਿੰਘ ਗੋਰਕੀ ਲੁਧਿਆਣਾ ਤੋਂ ਹੀ ਜਲੰਧਰ ਪੜ੍ਹਾਉਣ ਜਾਂਦੇ ਰਹੇ ਅਤੇ 26 ਸਾਲ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਏ।
ਡਾ: ਗੋਰਕੀ ਗੌਰਮਿੰਟ ਕਾਲਿਜ ਲੁਧਿਆਣਾ ਦੇ ਵਿਦਿਆਰਥੀ ਰਹੇ। ਪੰਜਾਬੀ ਸਾਹਿੱਤ ਅਕਾਡਮੀ ਲੁੰਧਿਆਣਾ ਦੇ ਪੁਰਾਣੇ ਮੈਂਬਰਾਂ ਚੋਂ ਸਨ।
ਉਨ੍ਹਾਂ ਨੇ ਸਾਹਿੱਤਕ ਸਫ਼ਰ ਕਵਿਤਾ ਤੋਂ ਸ਼ੁਰੂ ਕੀਤਾ। ਕਾਲੀਆਂ ਛੱਤਾਂ ਵਾਲਾ ਸ਼ਹਿਰ ਤੇ ਮਰਤਬਾਨ ਵਿੱਚ ਕੱਟਿਆ ਸਿਰ ਉਨ੍ਹਾਂ ਦੇ ਦੋ ਕਾਵਿ ਸੰਗ੍ਰਹਿ ਸੀ।
16 ਮਈ 1932 ਨੂੰ ਸ: ਸੱਜਣ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁਖੋਂ ਚੂਹੜਕਾਣਾ ਮੰਡੀ ਜ਼ਿਲ੍ਹਾ ਸ਼ੇਖੂਪੁਰਾ ਵਿਖੇ ਪੈਦਾ ਹੋਏ ਡਾ: ਅਮਰਜੀਤ ਸਿੰਘ 1983 ਤੋਂ ਬਾਦ ਨਾਵਲ ਨਿਗਾਰੀ ਵੱਲ ਪਰਤੇ।
ਉਨ੍ਹਾਂ ਨੇ ਗਰਬ ਗੁਮਾਨ, ਔਖਾ ਪੈਂਡਾ, ਬੰਦ ਗਲੀ,ਛੇ ਭਾਗਾਂ ਚ ਨਾਵਲ ਮਸ਼ੀਨ ਵਾਲੇ, ਸੰਤਾ ਭੈਣੀ ਕਾ, ਹਰਨਾਮ ਹੀਰਾ, ਗੁਰੂ ਕਾ ਬੰਦਾ, ਪੀਡੀ ਪਾਈ ਗੰਢ, ਨਕਸਲਬਾੜੀ ਲਹਿਰ ਬਾਰੇ ਨਾਵਲ ਅਣਜਿੱਤੀ ਲੰਕਾ ਦੇ ਰਾਮ,ਸੱਤ ਦਿਨ ਸੱਤ ਰੰਗ, ਭੱਥੇ ਵਿਚਲੇ ਤੀਰ, ਸੁਰਜਨ ਮਿਸਤਰੀ, ਗਰੀਬੀ ਗਦਾ ਹਮਾਰੀ, ਨੀਲ ਰੰਗਾ ਗਿੱਦੜ ਨਾਮੀ ਨਾਵਲ ਲਿਖੇ। ਕੁਝ ਕਹਾਣੀ ਸੰਗ੍ਰਹਿ ਤੇ ਖੋਜ ਪੁਸਤਕਾਂ ਉਨ੍ਹਾਂ ਦੀ ਵਿਰਾਸਤ ਵਜੋਂ ਪੰਜਾਬੀ ਸਾਹਿੱਤ ਕੋਲ ਰਹਿਣਗੀਆਂ।
ਉਨ੍ਹਾਂ ਦੇ ਦੇਹਾਂਤ ਦੀ ਸੂਚਨਾ ਦੇਂਦਿਆਂ ਡਾ: ਹਰਭਜਨ ਸਿੰਘ ਸਿੰਘ ਭਾਟੀਆ ਨੇ ਲਿਖ ਭੇਜਿਆ ਹੈ ਕਿ
ਡਾ. ਪਿਆਰ ਸਿਘ, ਡਾ. ਦੀਵਾਨ ਸਿੰਘ,ਡਾ. ਆਤਮਜੀਤ ਸਿੰਘ ਅਤੇ ਡਾ. ਜੋਗਿੰਦਰ ਸਿੰਘ ਰਾਹੀ ਤੋੰ ਮਗਰੋੰ ਡਾ. ਅਮਰਜੀਤ ਸਿੰਘ ਵੀ ਸਾਨੂੰ ਅੱਜ 3 ਸਤੰਬਰ ਸਵੇਰੇ 1.30 ਉੱਪਰ, ਦਿਲ ਦਾ ਦੌਰਾ ਪੈਣ ਕਾਰਣ , ਸਦੀਵੀ ਵਿਛੋੜਾ ਦੇ ਗਏ ਹਨ।ਜੀਵਨ ਦੀ ਹਕੀਕਤ ਤੋੰ ਜਾਣੂ ਹੋਣ ਦੇ ਬਾਵਜੂਦ ਮਨ ਅੰਤਾੰ ਦਾ ਉਦਾਸ ਅਤੇ ਬੇਚੈਨ ਹੈ।ਖਾਸਾ ਪੜ੍ਹਿਆ-ਲਿਖਿਆ ਅਤੇ ਤਜਰਬੇਕਾਰ ਅਧਿਆਪਕ ਸੀ ਡਾ.ਅਮਰਜੀਤ ,ਏਸੇ ਲਈ ਓਹਦੇ ਹਾਣੀ ਉਹਨੂੰ ਗੋਰਕੀ ਆਖਦੇ ਸਨ। ਪਹਿਲਾੰ ਪਹਿਲ ਜਿਨ੍ਹਾੰ ਅਧਿਆਪਕਾੰ ਨੇ ਪੰਜਾਬੀ ਵਿਭਾਗ ਨੂੰ ਆਪਣੇ ਪੈਰਾੰ ਉੱਪਰ ਖੜ੍ਹਾ ਕੀਤਾ ਅਤੇ ਇਸਦਾ ਭਰੋਸੇਯੋਗ ਬਿੰਬ ਸਿਰਜਿਆ ਉਸੇ ਪਰਿਵਾਰ ਦਾ ਹਿੱਸਾ ਸੀ ਉਹ।ਏਥੇ ਲੰਮਾ ਸਮਾੰ ਅਧਿਆਪਨ ਅਤੇ ਖੋਜ ਕਾਰਜ ਕਰ ਉਹ ਰੀਜਨਲ ਸੈੰਟਰ ਜਲੰਧਰ ਤੁਰ ਗਿਆ। ਜਲੰਧਰ ਤੋੰ ਹੀ ਉਹ ਸੇਵਾ ਮੁਕਤ ਹੋਇਆ । ਕਿਸੇ ਮਜਬੂਰੀ-ਵੱਸ ਨਹੀੰ ਪੂਰੇ ਸ਼ੌਕ ਨਾਲ ਅਪਨਾਇਆ ਸੀ ਉਸ ਏਸ ਕਿੱਤੇ ਨੂੰ। ਨੌਕਰੀ ਦੇ ਦੌਰਾਨ ਉਸ ਖੋਜ,ਇਤਿਹਾਸ ਅਤੇ ਆਲੋਚਨਾ ਦਾ ਕਾਰਜ ਕੀਤਾ ਅਤੇ ਸੇਵਾ ਮੁਕਤ ਹੋਣ ਉਪਰੰਤ ਉਸ ਜੀਵਨ ਵਿੱਚੋੰ ਗ੍ਰਹਿਣ ਕੀਤੇ ਤਜਰਬਿਆੰ ਅਤੇ ਹਾਦਸਿਆੰ ਨੂੰ ਆਪਣੇ ਅਫਸਾਨਿਆੰ ਵਿੱਚ ਢਾਲਿਆ ।ਉਸ ਪਾਸ ਲਿਖਣ ਅਤੇ ਸਿਰਜਣ ਦੀ ਬੇਪਨਾਹ ਸਮਰਥਾ ਸੀ ।ਉਹਦੇ ਕੁਝ ਅਫਸਾਨਿਆੰ ਨੇ ਖਾਸੀ ਹਲਚਲ ਵੀ ਪੈਦਾ ਕੀਤਾ , ਉਹਨਾੰ ਨੂੰ ਹਕੀਕਤ ਦੀ ਬੁਨਿਆਦ ਉੱਪਰ ਜੋ ਖੜ੍ਹਾ ਕੀਤਾ ਸੀ ਉਸਨੇ ।ਪਾਕਿਸਤਾਨੀ ਅਦਬ, ਅਦੀਬਾੰ ਅਤੇ ਸ਼ਾਹਕਾਰ ਕ੍ਰਿਤਾੰ ਦੀ ਉਸ ਪਾਸ ਭਰੋਸੇਯੋਗ ਵਾਕਫੀ ਸੀ । ਨਾਟਕ ਦੀ ਪਰਖ ਦੇ ਅਦੁੱਤੀ ਪੈਮਾਨਿਆੰ ਤੋੰ ਉਹ ਖੂਬ ਵਾਕਿਫ ਸੀ ਅਤੇ ਇਸ ਖੇਤਰ ਵਿੱਚ ਉਸ ਢੇਰ ਸਾਰਾ ਮੁੱਲਵਾਨ-ਕਾਰਜ ਵੀ ਕੀਤਾ ।ਪੰਜਾਬੀ ਜ਼ੁਬਾਨ ,ਅਦਬ,ਖੋਜ ਅਤੇ ਆਲੋਚਨਾ ਦੇ ਕਦਰਦਾਨਾੰ ਦੇ ਚੇਤਨ-ਅਵਚੇਤਨ ਦਾ ਹਿੱਸਾ ਰਹੇਗਾ ਸਾਡਾ ਉਸਤਾਦ , ਖੂਬਸੂਰਤ ਦੋਸਤ ਅਤੇ ਮਾਨਵੀ ਮੁੱਲਾੰ ਨਾਲ ਵਰੋਸਿਆ ਡਾ. ਅਮਰਜੀਤ ਸਿੰਘ—-ਅਜੇਹਾ ਮੇਰਾ ਵਿਸ਼ਵਾਸ ਹੈ।