ਐੱਸ.ਏ.ਐੱਸ. ਨਗਰ 19 ਅਗਸਤ 2018 - ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਤਹਿਤ ਮਿੱਥੇ ਮਿਸ਼ਨ 4250 ਸਕੂਲਾਂ ਨੂੰ ਪੰਜਾਬ ਦੇ ਸਮਾਰਟ ਸਕੂਲ ਬਣਾਉਣ ਦਾ ਟੀਚਾ ਸਿੱਖਿਆ ਵਿਭਾਗ ਨੇ ਲਿਆ ਹੈ ਜਿਸ ਦੀ ਸ਼ੁਰੂਆਤ ਜਿਲ੍ਹਾ ਪਟਿਆਲਾ ਦੇ 111 ਸਕੂਲਾਂ ਦੀ ਸੂਚੀ ਤਿਆਰ ਕਰਕੇ ਇਹਨਾਂ ਸਕੂਲਾਂ ਵਿੱਚ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ।
ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰਾਇਮਰੀ ਅਧਿਆਪਕ ਮਿਹਨਤ, ਲਗਨ ਨਾਲ ਕਾਰਜ ਕਰਦੇ ਹੋਏ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਬੌਧਿਕ, ਮਾਨਸਿਕ, ਸਰੀਰਕ ਤੇ ਸਿਰਜਨਾਤਮਿਕ ਵਿਕਾਸ ਕਰ ਰਹੇ ਹਨ ਉਸ ਦੇ ਨਾਲ਼-ਨਾਲ਼ ਨਿਹਸਵਾਰਥ ਭਾਵਨਾ ਨਾਲ ਸਕੂਲਾਂ ਦੀਆਂ ਇਮਾਰਤਾਂ ਨੂੰ ਸੁੰਦਰ, ਮਨਮੋਹਕ ਅਤੇ ਬੱਚਿਆਂ ਦੇ ਮਨ-ਭਾਉਂਦੀਆਂ ਬਣਾਉਣ ਲਈ ਪੱਬਾਂ ਬਾਰ ਹੋ ਚੁੱਕੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕਿ੍ਰਸ਼ਨ ਕੁਮਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ ਵਿਖੇ ਕਾਨਫਰੰਸ ਹਾਲ 'ਚ ਹੋਈ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀਆਂ ਦੀ ਮੀਟਿੰਗ 'ਚ ਸੰਬੋਧਨ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਸ੍ਰੀ ਓ ਪੀ ਸੋਨੀ ਜੀ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਅਕਾਦਮਿਕ ਕਾਰਗੁਜਾਰੀ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਨਿਰੰਤਰ ਵਿਸ਼ਲੇਸ਼ਣ ਅਧੀਨ ਹੈ ਪਰ ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਦੀ ਜਰੂਰਤ ਹੈ ਜਿਸਦੇ ਮੱਦੇਨਜ਼ਰ ਪਿਛਲੇ ਦਿਨੀ ਜ਼ਿਲ੍ਹਾ ਪਟਿਆਲਾ 'ਚ ਵਧੀਆ ਕੰਮ ਕਰ ਰਹੇ ਸਕੂਲਾਂ ਦੀ ਸੂਚੀ ਤਿਆਰ ਕੀਤੀ ਗਈ ਅਤੇ ਪਟਿਆਲਾ ਜ਼ਿਲ੍ਹੇ ਦੇ ਪੰਜ-ਪੰਜ ਅਧਿਆਪਕਾਂ ਦੇ ਗਰੁੱਪ ਬਣਾ ਕੇ ਇਹਨਾਂ ਸਕੂਲਾਂ 'ਚ ਭੇਜਿਆ ਗਿਆ ਤਾਂ ਜੋ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਆ ਰਹੀਆਂ ਉਸਾਰੂ ਤੇ ਸਾਕਾਰਾਤਮਕ ਤਬਦੀਲੀਆਂ ਤੋਂ ਬਾਕੀ ਅਧਿਆਪਕਾਂ ਨੂੰ ਜਾਣੂੰ ਕਰਵਾਇਆ ਜਾ ਸਕੇ ਅਤੇ ਉਹ ਅਧਿਆਪਕ ਵੀ ਆਪਣੇ ਸਕੂਲਾਂ ਲਈ ਵਧੀਆ ਸੋਚ ਅਤੇ ਸੇਧ ਲੈ ਕੇ ਜਾਣ।
ਉਹਨਾਂ ਕਿਹਾ ਕਿ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਇੱਕ ਨਿਵੇਕਲਾ ਕਦਮ ਹੈ ਜਿਸ ਨਾਲ ਅਧਿਆਪਕ ਆਪਣੇ ਸਾਥੀਆਂ ਤੋਂ ਹੀ ਪ੍ਰੇਰਿਤ ਹੋਣਗੇ ਅਤੇ ਸਕੂਲਾਂ ਦੀ ਨੁਹਾਰ ਬਦਲਣ ਲਈ ਸਮੁਦਾਇ ਦਾ ਯੋਗਦਾਨ ਲੈ ਕੇ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਬੱਚਿਆਂ ਨੂੰ ਲਾਭਪਾਤਰੀ ਬਣਾਉਣਗੇ।
ਸਕੱਤਰ ਸਕੂਲ ਸਿੱਖਿਆ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾ 'ਚ ਕਿਤਾਬਾਂ ਦਾ ਨਵੀਨੀਕਰਨ ਸਮੂਹ ਅਧਿਆਪਕਾਂ ਨੂੰ ਪਸੰਦ ਆਇਆ ਹੈ ਅਤੇ ਇਸਦਾ ਈ-ਕੰਟੈਂਟ ਤਿਆਰ ਕਰਕੇ ਹੁਣ ਅਧਿਆਪਕਾਂ ਨੇ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਿਹੜੇ ਪ੍ਰਾਇਮਰੀ ਸਕੂਲ ਇਸ ਸੂਚੀ ਲਈ ਚੁਣੇ ਗਏ ਹਨ ਉਹਨਾਂ ਦੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਕੇ 2019 ਤੱਕ ਇਹਨਾਂ ਸਕੂਲਾਂ 'ਚ ਸਮਾਰਟ ਕਲਾਸਰੂਮ, ਇਮਾਰਤ ਦੀ ਸੁੰਦਰ ਦਿੱਖ, ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੇ ਵਧੀਆ ਨਤੀਜੇ, ਮਾਪਿਆਂ ਤੇ ਸਮੁਦਾਇ ਦੀ ਸਹਿਯੋਗੀ ਵੱਜੋਂ ਸ਼ਮੂਲੀਅਤ, ਖੇਡੋ ਪੰਜਾਬ ਤਹਿਤ ਸੁਚਾਰੂ ਕਿਰਿਆਵਾਂ ਕਰਵਾ ਕੇ ਤੰਦਰੁਸਤ ਰਹਿਣ ਦਾ ਸੁਨੇਹਾ ਦੇਣਾ, ਬੱਚਿਆਂ ਨੂੰ ਰੀਡਿੰਗ ਸੈੱਲ ਰਾਹੀਂ ਕਿਤਾਬਾਂ ਨਾਲ ਜੋੜ ਕੇ ਉਸਾਰੂ ਸਾਹਿਤ ਪੜ੍ਹਣ ਤੇ ਲਿਖਣ ਬਾਰੇ ਜਾਗਰੂਕ ਕਰਨਾ, ਸਿੱਖਣ-ਸਿਖਾਉਣ ਸਹਾਇਕ ਸਮੱਗਰੀ ਦੀ ਉਚਿਤ ਵਰਤੋਂ, ਆਪਣੇ ਆਲ਼ੇ-ਦੁਆਲ਼ੇ ਦੀ ਸਾਫ਼-ਸਫ਼ਾਈ ਬਾਰੇ ਜਾਗਰੂਕਤਾ ਪੈਦਾ ਕਰਨਾ, ਆਦਿ ਇੱਕ ਮਿਸ਼ਨ ਦੇ ਰੂਪ ਵਿੱਚ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਉਹਨਾਂ ਕਿਹਾ ਕਿ ਸਮੂਹ ਅਧਿਆਪਕਾਂ ਨੇ ਸਕੂਲਾਂ ਦੀ ਰਿਵਿਊ ਵਿਜ਼ਿਟ ਉਪਰੰਤ ਸਿੱਖਿਆ ਵਿਭਾਗ ਨੂੰ ਪੂਰਨ ਭਰੋਸਾ ਦਿਵਾਇਆ ਹੈ ਕਿ ਉਹ ਸਾਰੇ ਅਧਿਆਪਕ ਮਿਲ ਕੇ ਸਿੱਖਿਆ ਦੇ ਖੇਤਰ 'ਚ ਇੱਕ ਨਵਾਂ ਅਧਿਆਏ ਲਿਖਣ ਲਈ ਤਿਆਰ ਹਨ। ਉਹ ਕੇਵਲ ਆਪਣੇ ਸਕੂਲਾਂ ਵਿੱਚ ਹੀ ਨਹੀਂ ਸਗੋਂ ਆਪਣੇ ਸਕੂਲਾਂ 'ਚ ਵਧੀਆ ਕਾਰਜ ਕਰਕੇ ਦਿਖਾਉਣ ਉਪਰੰਤ ਦਸ-ਦਸ ਸਕੂਲਾਂ ਨੂੰ ਹੋਰ ਵੀ ਵਧੀਆ ਬਣਾਉਣ ਲਈ ਕੰਮ ਕਰਨਗੇ ਜਿਸ ਨਾਲ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲ ਆਉਣ ਵਾਲੇ ਸਾਲਾਂ 'ਚ ਮਿਸਾਲ ਬਣ ਕੇ ਸਾਹਮਣੇ ਆਉਣਗੇ।