28 ਅਗਸਤ ਨੂੰ ਜ਼ਿਲਾ ਪੱਧਰ ਤੇ ਕੀਤੇ ਜਾਣਗੇ ਅਰਥੀ ਫੂਕ ਮੁਜ਼ਾਹਰੇ
ਫਿਰੋਜ਼ਪੁਰ 19 ਅਗਸਤ 2018:) "ਨਵਾਂ ਨਰੋਆ ਪੰਜਾਬ ਵਾਅਦੇ ਕਰਕੇ ਭੁੱਲੇ ਜਨਾਬ" ਇਹ ਸਲੋਗਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੂਬ ਢੁੱਕਦਾ ਹੈ ਕਿਉਕਿ ਮੁੱਖ ਮੰਤਰੀ ਵੋਟਾਂ ਤੋਂ ਪਹਿਲਾਂ ਨਵਾਂ ਨਰੋਆ ਪੰਜਾਬ ਬਣਾਉਣ ਦੀਆ ਗੱਲਾਂ ਕਰਦੇ ਸੀ ਤੇ ਸੂਬੇ ਦੀ ਜਵਾਨੀ ਕਿਸਾਨੀ ਤੇ ਪਾਣੀ ਨੂੰ ਬਚਾਉਣ ਲਈ ਪਹਿਲ ਦੇ ਅਧਾਰ ਤੇ ਉਪਰਾਲੇ ਕਰਨ ਦੀ ਗੱਲ ਆਖਦੇ ਸੀ ਪਰ 16 ਮਹੀਨੇ ਬੀਤ ਜਾਣ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਵਾਰ ਵੀ ਮੁਲਾਜ਼ਮਾਂ ਨਾਲ ਕੋਈ ਗੱਲਬਾਤ ਨਹੀ ਕੀਤੀ।ਮੁਲਾਜ਼ਮ ਬੀਤੇ 16 ਮਹੀਨਿਆ ਤੋਂ ਲਗਾਤਾਰ ਸਘੰਰਸ਼ ਕਰਦੇ ਆ ਰਹੇ ਹਨ ਪਰ ਨਾ ਤਾਂ ਮੁੱਖ ਮੰਤਰੀ ਪੰਜਾਬ ਮੁਲਾਜ਼ਮਾਂ ਨਾਲ ਗੱਲਬਾਤ ਕਰ ਰਹੇ ਤੇ ਨਾ ਹੀ ਸੂਬੇ ਦੇ ਵਜ਼ੀਰ ਜਿਸ ਕਰਕੇ ਮੁਲਾਜ਼ਮਾਂ ਨੇ ਸਘੰਰਸ਼ ਨੂੰ ਅੱਗੇ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੋਰਾਨ ਐਲਾਨ ਕੀਤਾ ਸੀ ਕਿ ਸਰਕਾਰ ਬਨਣ ਤੇ ਪਹਿਲੀ ਕੈਬਿਨਟ ਮੀਟਿੰਗ ਅਤੇ ਪਹਿਲੇ ਵਿਧਾਨ ਸਭਾ ਸੈਸ਼ਨ ਦੋਰਾਨ ਮੁਲਾਜ਼ਮਾਂ ਦੀਆ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾਂ ਪਰ ਤਿੰਨ ਵਿਧਾਨ ਸਭਾ ਸੈਸ਼ਨ ਬੀਤ ਚੁੱਕੇ ਹਨ ਤੇ ਚੋਥੇ ਸੈਸ਼ਨ ਦੀ ਤਿਆਰੀ ਹੈ ਪਰ ਮੁਲਾਜ਼ਮ ਮੰਗਾਂ ਜਿਉ ਦੀ ਤਿਉ ਹੀ ਲਟਕ ਰਹੀਆ ਹਨ।ਮੁਲਾਜ਼ਮ ਸੂਬੇ ਦੇ ਵੱਖ ਵੱਖ ਵਿਧਾਇਕਾਂ ਮੰਤਰੀਆ ਅਤੇ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਕੋਲ ਆਪਣੀ ਮੰਗ ਰੱਖ ਚੁੱਕੇ ਹਨ ਅਤੇ ਮੁਲਾਜ਼ਮਾਂ ਦੀ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਨਾਲ ਪੰਜਾਬ ਭਵਨ ਚੰਡੀਗੜ ਵਿਖੇ ਮੀਟਿੰਗ ਵੀ ਹੋਈ ਸੀ ਪਰ ਉਹ ਵੀ ਮੁਲਾਜ਼ਮਾਂ ਦੀਆ ਮੰਗਾਂ ਲਾਗੂ ਕਰਵਾਉਣ ਵਿਚ ਨਾਕਾਮ ਰਹੇ ਹਨ। ਸੂਬਾ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਗੱਲ ਨਾ ਸੁਨਣ ਤੇ ਹੁਣ ਮੁਲਾਜ਼ਮਾਂ ਨੇ ਕਾਂਗਰਸ ਦੇ ਕੋਮੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੂੰ ਦਿੱਲੀ ਵਿਖੇ ਜਾ ਕੇ ਆਪਣੀਆ ਮੰਗਾਂ ਦੱਸਣ ਦਾ ਐਲਾਨ ਕਰ ਦਿੱਤਾ ਹੈ।ਕੱਚੇ ਮੁਲਾਜ਼ਮਾਂ ਤੇ ਦਰਜ਼ਾ ਚਾਰ ਮੁਲਾਜ਼ਮਾਂ ਦਾ 51 ਮੈਂਬਰੀ ਵਫਦ 1 ਸਤੰਬਰ ਨੂੰ ਦਿੱਲੀ ਵਿਖੇ ਰਾਹੁਲ ਗਾਂਧੀ ਨੂੰ ਮਿਲਣ ਜਾਵੇਗਾ ਤੇ ਉਨਾਂ ਨੂੰ 2017 ਚੋਣਾਂ ਦੋਰਾਨ ਕੀਤੇ ਵਾਅਦਿਆ ਨੂੰ ਯਾਦ ਕਰਵਾਏਗਾ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਆਗੂ ਸੱਜਣ ਸਿੰਘ, ਰਣਜੀਤ ਸਿੰਘ ਰਾਣਵਾਂ, ਦਰਸ਼ਨ ਸਿੰਘ ਲੁਬਾਣਾ, ਇਮਰਾਨ ਭੱਟੀ ਅਸ਼ੀਸ਼ ਜੁਲਾਹਾ, ਅਮ੍ਰਿੰਤਪਾਲ ਸਿੰਘ ਰਜਿੰਦਰ ਸਿੰਘ ਸੰਧਾ, ਜਨਕ ਸਿੰਘ, ਸਰਬਜੀਤ ਸਿੰਘ, ਰਾਮ ਪ੍ਰਸਾਦ, ਪ੍ਰਵੀਨ ਕੁਮਾਰ ਨੇ ਕਿਹਾ ਕਿ ਕਾਂਗਰਸ ਵੱਲੋਂ ਚੋਣਾਂ ਤੋਂ ਤੁਰੰਤ ਬਾਅਦ ਮੁਲਾਜ਼ਮਾਂ ਦੀਆ ਮੰਗਾਂ ਸੁਣ ਕੇ ਹੱਲ ਕਰਨ ਦੀ ਗੱਲ ਕਹੀ ਸੀ ਪਰ ਹੁਣ ਤਾਂ 16 ਮਹੀਨੇ ਬੀਤ ਗਏ ਹਨ ਪਰ ਸਰਕਾਰ ਨੇ ਮੁਲਾਜ਼ਮਾਂ ਨੂੰ ਇਹਨਾਂ 16 ਮਹੀਨਿਆ ਦੋਰਾਨ ਸਿਰਫ ਲਾਰੇ ਹੀ ਦਿੱਤੇ ਹਨ। ਆਗੂਆ ਨੇ ਕਿਹਾ ਕਿ ਵਿਧਾਨ ਸਭਾ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਣਿਆ ਐਕਟ 2016 ਵੀ ਸਰਕਾਰ ਦੱਬੀ ਬੈਠੀ ਹੈ ਅਤੇ ਵਿਧਾਨ ਸਭਾਂ ਸੈਸ਼ਨ ਫਿਰ ਆ ਗਿਆ ਹੈ ਇਸ ਲਈ ਸੂਬੇ ਦੇ ਕੱਚੇ ਤੇ ਦਰਜ਼ਾ ਚਾਰ ਮੁਲਾਜ਼ਮ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਅਤੇ ਦਿ ਕਲਾਸ ਫੋਰ ਗੋਰਮਿੰਟ ਇੰਮਪਲਾਈਜ਼ ਯੂਨੀਅਨ ਪੰਜਾਬ ਦੇ ਬੈਨਰ ਹੇਠ ਇਸ ਵਿਧਾਨ ਸਭਾ ਸੈਸ਼ਨ ਦੋਰਾਨ 27 ਅਗਸਤ ਨੂੰ 24 ਘੰਟੇ ਦੀ ਭੁੱਖ ਹੜਤਾਲ ਕਰਨਗੇ ਤੇ ਮੋਹਾਲੀ ਦੇ ਬਜ਼ਾਰਾਂ ਵਿਚ ਰਾਤ ਨੂੰ ਮਸ਼ਾਲ ਮਾਰਚ ਕਰਨਗੇ ਅਤੇ 28 ਅਗਸਤ ਨੂੰ ਸੂਬੇ ਭਰ ਵਿਚ ਜ਼ਿਲਾ ਸਦਰ ਮੁਕਾਮਾਂ ਤੇ ਅਰਥੀਆ ਫੂਕੀਆ ਜਾਣਗੀਆ।
ਆਗੂਆ ਨੇ ਸਰਕਾਰ ਤੇ ਦੋਸ਼ ਲਾਉਦੇ ਹੋਏ ਕਿਹਾ ਕਿ ਸਰਕਾਰ ਨਾ ਤਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਰਹੀ ਅਤੇ ਨਾ ਹੀ ਮੁਲਾਜ਼ਮਾਂ ਦੀਆ ਡੀ.ਏ ਦੀਆ ਕਿਸ਼ਤਾਂ ਜ਼ਾਰੀ ਕੀਤੀਆ ਜਾਂ ਰਹੀਆ ਹਨ ਉਲਟਾਂ ਮੁਲਾਜ਼ਮਾਂ ਤੇ 200 ਰੁਪਏ ਵਾਧੂ ਟੈਕਸ ਥੋਪ ਦਿੱਤਾ ਗਿਆ ਹੈ। ਸਰਕਾਰ ਮੁਲਾਜ਼ਮਾਂ ਨੂੰ ਕੁਝ ਰਿਆਇਤ ਦੇ ਕੇ ਗੱਲਬਾਤ ਕਰਕੇ ਮਸਲੇ ਹੱਲ ਕਰਨ ਦੀ ਬਜਾਏ ਮੁਲਾਜ਼ਮਾਂ ਤੇ ਵਾਧੂ ਬੋਝ ਪਾ ਰਹੀ ਹੈ। ਆਗੂਆ ਨੇ ਕਿਹਾ ਕਿ ਮੁਲਾਜ਼ਮਾਂ ਵਿਚ ਰੋਸ ਵਧਦਾ ਜਾ ਰਿਹਾ ਹੈ। ਆਗੂਆ ਨੇ ਕਿਹਾ ਕਿ ਲੋਕ ਸਭਾਂ ਚੋਣਾ ਨਜ਼ਦੀਕ ਆ ਰਹੀਆ ਹਨ ਤੇ ਰਾਜਨੀਤਿਕ ਪਾਰਟੀਆ ਵੱਲੋਂ ਫਿਰ ਤੋਂ ਕਈ ਲੋਕ ਲੁਭਾਵਨੇ ਐਲਾਨ ਕੀਤੇ ਜਾਣੇ ਹਨ ਤੇ ਪੰਜਾਬ ਵਿਚ ਮੁਲਾਜ਼ਮਾਂ ਦੀ ਸੁਨਣ ਵਾਲਾ ਕੋਈ ਨਹੀ ਹੈ ਇਸ ਲਈ ਮੁਲਾਜ਼ਮ ਵੱਲੋਂ ਦਿੱਲੀ ਕਾਂਗਰਸ ਦੀ ਹਾਈਕਮਾਨ ਨੂੰ ਆਪਣੇ ਦੁੱਖ ਸੁਨਾਉਣ ਦਾ ਮਨ ਬਣਾਇਆ ਹੈ ਅਤੇ ਮੁਲਾਜ਼ਮਾਂ ਨੇ ਕਾਂਗਰਸ ਕੋਮੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੂੰ ਪੱਤਰ ਲ਼ਿਖ ਕੇ ਮੀਟਿੰਗ ਦਾ ਸਮਾਂ ਦੇਣ ਦੀ ਮੰਗ ਕੀਤੀ ਹੈ ਜੇਕਰ 31 ਅਗਸਤ ਤੱਕ ਸਮਾਂ ਨਾ ਦਿੱਤਾ ਗਿਆ ਤਾਂ 1 ਸਤੰਬਰ ਨੂੰ 51 ਮੈਂਬਰੀ ਵਫਦ ਦਿੱਲੀ ਵਿਖੇ ਜਾਵੇਗਾ।