ਘਰ ਘਰ ਹਰਿਆਲੀ ਮੁਹਿੰਮ ਤਹਿਤ ਉਹਦੇ ਵੰਡੇ ਜਾਣ ਦਾ ਦ੍ਰਿਸ਼
ਜਗਦੀਸ਼ ਥਿੰਦ
ਫਾਜ਼ਿਲਕਾ 10 ਅਗਸਤ
ਸੂਬਾ ਸਰਕਾਰ ਵੱਲੋਂ ਚਲਾਈ ਗਈ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਅਤੇ ਡਿਪਟੀ ਕਮਿਸ਼ਨਰ ਸ.ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਵਣ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਖੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਜਿੱਥੇ ਨਵੇਂ ਬੂਟੇ ਲਗਵਾਏ ਜਾ ਰਹੇ ਹਨ ਉਥੇ ਵਾਤਾਵਰਣ ਪ੍ਰੇਮੀਆਂ ਨੂੰ ਬੂਟਿਆਂ ਦੀ ਵੰਡ ਵੀ ਕੀਤੀ ਜਾ ਰਹੀ ਹੈ। ਇਸ ਦੌਰਾਨ ਪਿੰਡਾਂ ਵਾਸੀਆਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ। ਇਹ ਜਾਣਕਾਰੀ ਵਣ ਰੇਂਜ ਅਫਸਰ ਸ. ਨਿਸ਼ਾਨ ਸਿੰਘ ਨੇ ਦਿੱਤੀ।
ਵਣ ਰੇਂਜ ਅਫਸਰ ਨੇ ਅੱਗੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਬੁਰਜ ਹਨੁਮਾਨਗੜ੍ਹ, ਮੂਲਿਆਂ ਵਾਲੀ ਤੇ ਢਿੱਪਾਂ ਵਾਲੀ ਵਿਖੇ 200-200 ਤੇ ਅਰਨੀ ਵਾਲਾ ਵਿਖੇ 400 ਨਿਮ, ਪਿੱਪਲ, ਡੇਕ, ਬਰਮਾ ਡੇਕ, ਸਹਿਤੂਤ, ਸੁਖਚੈਨ ਅਤੇ ਜਾਮੁਨ ਆਦਿ ਵੱਖ-ਵੱਖ ਤਰ੍ਹਾਂ ਦੇ ਬੂਟੇ ਵੰਡੇ ਅਤੇ ਲਗਾਏ ਗਏ। ਇਸ ਦੌਰਾਨ ਪਿੰਡ ਵਾਸੀਆਂ ਨੂੰ ਪੌਦਿਆਂ ਦੀ ਮਹੱਤਤਾ ਤੇ ਸਾਂਭ-ਸੰਭਾਲ ਬਾਰੇ ਜਾਗਰੂਕ ਵੀ ਕੀਤਾ ਗਿਆ।
ਵਣ ਰੇਂਜ ਅਫਸਰ ਨੇ ਪੌਦਿਆਂ ਦੀ ਮਹੱਤਤਾ ਬਾਰੇ ਕਿਹਾ ਕਿ ਇਹ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਪੌਦਿਆਂ ਬਿਨਾਂ ਮਨੁੱਖ ਦਾ ਕੋਈ ਅਧਾਰ ਨਹੀਂ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫਲ ਬਣਾਉਣ ਲਈ ਸਾਡੇ ਵਾਤਾਵਰਨ ਦਾ ਸ਼ੁੱਧ ਤੇ ਸਾਫ-ਸੁਥਰਾ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਵੱਧ ਤੋਂ ਵੱਧ ਪੌਦੇ ਲਗਾਉਣ ਨਾਲ ਹੀ ਸੰਭਵ ਹੋ ਸਕਦਾ ਹੈ।
ਵਣ ਰੇਂਜ ਅਫਸਰ ਸ. ਨਿਸ਼ਾਨ ਸਿੰਘ ਨੇ ਕਿਹਾ ਕਿ ਸਾਡੇ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਜੋ ਪੌਦੇ ਲੱਗੇ ਹੋਏ ਹਨ ਉਨ੍ਹਾਂ ਦੀ ਸੰਭਾਲ ਕੀਤੀ ਜਾਵੇ ਅਤੇ ਨਵੇਂ ਪੌਦੇ ਲਗਾਏ ਜਾਣ। ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਇੰਨ੍ਹਾਂ ਬੂਟਿਆਂ ਨੂੰ ਢੁੱਕਵੇਂ ਸਥਾਨ 'ਤੇ ਲਗਾ ਕੇ ਪੂਰੀ ਤਰ੍ਹਾਂ ਇੰਨ੍ਹਾਂ ਦੀ ਸੰਭਾਲ ਕਰਨੀ ਯਕੀਨੀ ਜਾਵੇ।
ਇਸ ਮੌਕੇ ਬਲਾਕ ਅਫਸਰ ਸ੍ਰੀ ਵਿਨੋਦ ਕੁਮਾਰ, ਮਾਸਟਰ ਮੋਟੀਵੇਟਰ ਸ੍ਰੀ ਜਸਦੀਪ ਸਿੰਘ, ਗਾਰਡ ਨਵਦੀਪ ਕੁਮਾਰ, ਸੁਖਦੇਵ ਸਿੰਘ ਤੇ ਰਮੇਸ਼ ਕੁਮਾਰ ਅਤੇ ਪਿੰਡਾਂ ਦੇ ਨੌਜਵਾਨ ਤੇ ਵਾਤਾਵਰਨ ਪ੍ਰੇਮੀ ਮੌਜੂਦ ਸਨ।