ਨਵੀਂ ਦਿੱਲੀ, 23 ਜੁਲਾਈ 2018 - ਸੀਨੀਅਰ ਪੱਤਰਕਾਰ ਕਲਪੇਸ਼ ਯਾਗਨਿਕ ਦੀ ਮੌਤ ਦੇ ਮਾਮਲੇ ਵਿਚ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਪੁਲਿਸ ਨੂੰ ਇਸ ਮਾਮਲੇ 'ਚ ਕਈ ਗੰਭੀਰ ਸਵਾਲਾਂ ਦੇ ਜੁਆਬ ਲੱਭਣੇ ਹੋਣਗੇ। ਇੰਦੌਰ ਪੁਲਿਸ ਵੱਲੋਂ ਮੁੰਬਈ ਦੀ ਇਕ ਮਹਿਲਾ ਪੱਤਰਕਾਰ ਸਲੋਨੀ ਅਰੋੜਾ ਨੂੰ ਇਸ ਮਾਮਲੇ 'ਚ ਘੇਰਿਆ ਗਿਆ ਅਤੇ ਉਸ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਪਹਿਲਾਂ ਇਹ ਮੰਨਿਆ ਗਿਆ ਸੀ ਕਿ ਕਲਪੇਸ਼ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਪਰ ਕਲਪੇਸ਼ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਅਤੇ ਜਾਂਚ ਤੋਂ ਬਾਅਦ ਇਹ ਮੌਤ ਹੁਣ ਆਤਮਹੱਤਿਆ ਦਾ ਰੂਪ ਲੇ ਗਈ ਹੈ।
ਜਾਂਚ ਦੌਰਾਨ ਮਿਲੇ ਸਬੂਤਾਂ ਦੇ ਅਧਾਰ 'ਤੇ ਇੰਦੌਰ ਪੁਲਿਸ ਨੇ ਮੁੰਬਈ ਦੀ ਮਹਿਲਾ ਖਿਲਾਫ 503, 386, 67 ਆਈ.ਟੀ ਦੀ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਇਸ ਮਹਿਲਾ ਨੇ ਕਲਪੇਸ਼ ਕੋਲੋਂ 5 ਕਰੋੜ ਦੀ ਮੰਗ ਕੀਤੀ ਸੀ ਤੇ ਰੁਪਏ ਨਾ ਦੇਣ 'ਤੇ ਕਲਪੇਸ਼ ਨੂੰ ਬਲਾਤਕਾਰ ਦੇ ਮਾਮਲੇ ਵਿਚ ਫਸਾਉਣ ਦੀ ਧਮਕੀ ਦੇ ਰਹੀ ਸੀ। ਪੁਲਿਸ ਨੇ ਜਾਂਚ ਵਿਚ ਇਹ ਵੀ ਦੱਸਿਆ ਕਿ ਮਹਿਲਾ ਫੋਨ 'ਤੇ ਧਮਕੀ ਦਿੰਦੀ ਸੀ ਕਿ ਜੇਕਰ ਉਸਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਸੋਸ਼ਲ ਮੀਡੀਆ ਤੇ ਯੂ ਟਿਊਬ 'ਤੇ ਵੀਡੀੳ ਲਿੰਕ ਪਾ ਦੇਵੇਗੀ। ਪੁਲਿਸ ਨੇ ਬੀਤੇ ਸ਼ੁਕਰਵਾਰ ਨੂੰ ਕਪਲੇਸ਼ ਦੇ ਘਰਦਿਆਂ ਦੇ ਬਿਆਨ ਲੈ ਕੇ ਇਸ ਮਹਿਲਾ ਵਿਰੁੱਧ ਕਾਰਵਾਈ ਅਰੰਭੀ ਹੈ। ਕਲਪੇਸ਼ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ 'ਤੇ ਪਰੇਸ਼ਾਨੀ ਕਾਰਨ ਇੰਨਾ ਵੱਡਾ ਕਦਮ ਚੁੱਕ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਸਲੋਨੀ ਨੇ 'ਕਲਪੇਸ਼ ਯਾਗਨਿਕ ਸਕੈਂਡਲ' ਦੇ ਨਾਮ 'ਤੇ ਯੂਟਿਊਬ 'ਤੇ ਲਿੰਕ ਤਿਆਰ ਕੀਤਾ ਸੀ ਅਤੇ ਵਟਸਐਪ 'ਤੇ ਮੈਸੇਜ ਕਰਕੇ ਕਿਹਾ ਸੀ ਕਿ ਉਹ ਉਨ੍ਹਾਂ ਦੀਆਂ ਆਡੀੳ ਵੀਡੀੳ ਵਾਇਰਲ ਕਰ ਦੇਵੇਗੀ। ਕਲਪੇਸ਼ ਨੇ ਸਲੋਨੀ ਦੁਆਰਾ ਮਿਲੀਆਂ ਧਮਕੀਆਂ ਨੂੰ ਬਰਦਾਸ਼ਤ ਨਾ ਕਰਦਿਆਂ ਖੁਦਕੁਸ਼ੀ ਕਰ ਲਈ। ਹੁਣ ਇਸ ਮਾਮਲੇ ਵਿਚ ਪੂਰੀ ਸੱਚਾਈ ਕੀ ਹੈ, ਇਹ ਤਾਂ ਪੁਲਿਸ ਦੀ ਜਾਂਚ ਪੁਰੀ ਹੋਣ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ ।