ਹਿਸਾਰ, 21 ਜੁਲਾਈ 2018- ਹਰਿਆਣਾ ਪੁਲਿਸ ਨੇ ਫਤਿਹਾਬਾਦ ਦੇ ਇਕ 60 ਸਾਲਾ ਤਾਂਤਰਿਕ ਨੂੰ ਘੱਟੋ-ਘੱਟ 120 ਔਰਤਾਂ ਨਾਲ ਬਲਾਤਕਾਰ ਅਤੇ ਉਨ੍ਹਾਂ ਦੀਆਂ ਵੀਡੀੳ ਕਲਿੱਪਾਂ ਬਣਾਉਣ ਦੇ ਜੁਰਮ 'ਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਤਾਂਤਰਿਕ ਬਾਬਾ ਅਮਰਪੁਰੀ ਉਰਫ ਬਿੱਲੂ, ਔਰਤਾਂ ਦੀਆਂ ਅਸ਼ਲੀਲ ਵੀਡੀੳ ਕਲਿੱਪਾਂ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਿਆ ਕਰਦਾ ਸੀ। ਤਾਂਤਰਕਿ ਖੁਦ ਹੀ ਆਪਣੇ ਮੋਬਾਈਲ ਨਾਲ ਵੀਡੀੳ ਬਣਾਉਂਦਾ ਸੀ।
ਸੂਤਰਾਂ ਮੁਤਾਬਕ ਤਾਂਤਰਿਕ ਦੇ ਰਿਸ਼ਤੇਦਾਰ ਨੇ ਇਹ ਵੀਡੀੳ ਕਲਿੱਪਾਂ ਪੁਲਿਸ ਨੂੰ ਦਿਖਾਈਆਂ। ਜਿਸਤੋਂ ਬਾਅਦ ਜਾਂਚ ਕਰਨ ਉਪਰੰਤ ਫਤਿਹਾਬਾਦ ਮਹਿਲਾ ਪੁਲਿਸ ਥਾਣਾ ਇੰਚਾਰਜ ਇੰਸਪੈਕਟਰ ਬਿਮਲਾ ਦੇਵੀ ਨੇ ਦੱਸਿਆ ਕਿ ਬਾਬਾ ਅਮਰਪੁਰੀ ਉਰਫ ਬਿੱਲੂ ਨੂੰ ਪੰਜ ਦਿਨਾਂ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਤਾਂਤਰਿਕ ਖਿਲਾਫ ਪੀੜਤ ਮਹਿਲਾਵਾਂ ਦੇ ਬਿਆਨ ਦਰਜ ਕਰਾਉਣ ਵਿਚ ਜੁਟੀ ਹੋਈ ਹੈ ਜਿੰਨ੍ਹਾਂ ਵਿਚੋਂ ਦੋ ਮਹਿਲਾਵਾਂ ਨੇ ਸਾਹਮਣੇ ਆ ਕੇ ਆਪਣੇ ਬਿੱਲੂ ਖਿਲਾਫ ਬਿਆਨ ਦਰਜ ਕਰਾਉਣ ਦੀ ਸਹਿਮਤੀ ਜਤਾਈ ਹੈ।
ਪੁਲਿਸ ਇੰਸਪੈਕਟਰ ਨੇ ਦੱਸਿਆ ਕਿ ਤਾਂਤਰਿਕ ਖਿਲਾਫ ਵੱਖ ਵੱਖ ਆਈਪੀਸੀ ਦੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਕਰ ਲਏ ਗਏ ਹਨ।
ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਦੌਰਾਨ ਫਤਿਹਾਬਾਦ ਦੇ ਐਸਪੀ ਦੀਪਕ ਸਹਾਰਨ ਨੇ ਕਿਹਾ ਕਿ ਨੌਂ ਮਹੀਨੇ ਪਹਿਲਾਂ ਇਸ ਖਿਲਾਫ ਇੱਕ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਸੀ। ਜਿਸ 'ਚ ਇਕ ਔਰਤ ਨੇ ਦੋਸ਼ ਲਗਾਏ ਸੀ ਕਿ ਤਾਂਤਰਿਕ ਨੇ ਉਸਨੂੰ ਆਪਣੇ ਮੰਦਿਰ ਵਿਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ।