ਡਿਪਟੀ ਕਮਿਸ਼ਨਰ ਫਾਜ਼ਿਲਕਾ ਸ਼੍ਰੀਮਤੀ ਇਸ਼ਾ ਕਾਲੀਆ ਸਮੂਹ ਅਧਿਕਾਰੀਆਂ ਦੀ ਮਿੰਟਿਗ ਲੈਂਦੇ ਹੋਏ
ਜਗਦੀਸ਼ ਥਿੰਦ
ਫਾਜ਼ਿਲਕਾ 11 ਜੁਲਾਈ
ਸੂਬਾ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਨੂੰ ਜ਼ਿਲ੍ਹੇ ਅੰਦਰ ਸਫਲਤਾਪੂਰਕ ਨੇਪਰੇ ਚੜ੍ਹਾਉਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰਿਵਿਓ ਮੀਟਿੰਗ ਕੀਤੀ ਗਈ। ਬੈਠਕ ਦੌਰਾਨ ਮਿਸ਼ਨ ਤਹਿਤ ਕੀਤੇ ਗਏ ਕੰਮਾਂ ਤੇ ਹੋਣ ਵਾਲੇ ਕੰਮਾਂ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹੇ ਨੂੰ ਗੰਦਗੀ ਮੁਕਤ ਤੇ ਹਰਿਆ-ਭਰਿਆ ਬਣਾਉਣ ਲਈ ਠੋਸ ਕਦਮ ਚੁੱਕੇ ਜਾਣ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਮਿਸ਼ਨ ਤੰਦਰੁਸਤ ਪੰਜਾਬ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਹੋਏ ਕੰਮਾਂ ਤੇ ਕੀਤੇ ਜਾਣ ਵਾਲੇ ਕੰਮਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਮਹੀਨੇ ਦੌਰਾਨ ਕੀਤੇ ਜਾਣ ਵਾਲੇ ਕੰਮਾਂ ਦੀ ਰਿਪੋਰਟ ਮਹੀਨੇ ਦੀ 5 ਤਾਰੀਖ ਤੱਕ ਭੇਜਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੀਆਂ ਖਾਣ-ਪੀਣ ਵਸਤੂਆਂ ਤੇ ਰਸਾਇਣ ਨਾਲ ਤਿਆਰ ਕੀਤੇ ਜਾਂਦੇ ਫਲਾਂ ਦੇ ਸਟੋਰਾਂ ਦੀ ਨਜ਼ਰਸਾਨੀ ਰੱਖੀ ਜਾਵੇ ਤੇ ਲੋੜ ਪੈਣ 'ਤੇ ਸੈਂਪਲ ਲੈ ਕੇ ਟੈਸਟ ਲਈ ਭੇਜਿਆ ਜਾਵੇ। ਉਨ੍ਹਾਂ ਜ਼ਿਲ੍ਹਾ ਖੇਡ ਅਫਸਰ ਨੂੰ ਕਿਹਾ ਕਿ ਹਰ ਮਹੀਨੇ ਸਬ ਡਵੀਜਨ ਤੇ ਜ਼ਿਲ੍ਹਾ ਪੱਧਰ 'ਤੇ ਖੇਡ ਮੇਲੇ ਕਰਵਾਏ ਜਾਣ। ਇਸ ਮਹੀਨੇ ਦੌਰਾਨ ਕਬੱਡੀ ਦੇ ਮੈਚ ਕਰਵਾਏ ਜਾਣਾ ਲਾਜ਼ਮੀ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਸਮੂਹ ਕਾਰਜ ਸਾਧਕ ਅਫਸਰਾਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਸੜਕਾਂ ਤੇ ਜਨਤਕ ਥਾਵਾਂ ਦੀ ਸਾਫ-ਸਫਾਈ 'ਤੇ ਪੂਰਾ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿਥੇ ਵੀ ਗੰਦਗੀ ਤੇ ਕੂੜਾ ਕਰਕਟ ਦੇ ਢੇਰ ਨਜ਼ਰ ਆਉਂਦੇ ਹਨ ਉਨ੍ਹਾਂ ਨੂੰ ਉਥੇ ਚੁਕਵਾਇਆ ਜਾਵੇ। ਉਨ੍ਹਾਂ ਆਦੇਸ਼ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਸੜਕਾਂ ਦੇ ਆਲੇ-ਦੁਆਲੇ ਹਰਾ ਚਾਰਾ ਨਾ ਸੁੱਟਣ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਲੱਗਣ ਵਾਲੀ ਰੇਹੜੀਆਂ ਲਈ ਇਕੋਂ ਥਾਂ 'ਤੇ ਖੜੇ ਕਰਨ ਦੀ ਵੀ ਯੋਜਨਾ ਉਲੀਕੀ ਜਾਵੇ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਖਾਲੀ ਸਥਾਨਾਂ 'ਤੇ ਕਿਚਨ ਗਾਰਡਨ ਅਤੇ ਵੱਧ ਤੋਂ ਵੱਧ ਬੂਟੇ ਲਗਵਾਏ ਜਾਣ। ਉਨ੍ਹਾਂ ਖੇਤੀਬਾੜੀ ਅਫਸਰ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਚਿੱਟੀ ਮੱਖੀ ਦੀ ਰੋਕਥਾਮ ਲਈ ਅਗਾਊਂ ਪ੍ਰਬੰਧ ਕੀਤੇ ਜਾਣ। ਇਸ ਤਹਿਤ ਰੋਜ਼ਾਨਾ ਸਰਵੇ ਕੀਤਾ ਜਾਵੇ ਅਤੇ ਲੋੜੀਂਦੇ ਕੈਂਪ ਵੀ ਲਗਾਏ ਜਾਣ।
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਵਾਤਾਵਰਣ ਦੀ ਸੁੱਧਤਾ ਨੂੰ ਬਰਕਰਾਰ ਰੱਖਣ ਹਿੱਤ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਤੇ ਨਾਲ-ਨਾਲ ਸਕੂਲਾਂ, ਆਂਗਣਵਾੜੀ ਸੈਂਟਰਾਂ ਤੋਂ ਇਲਾਵਾ ਸਰਕਾਰੀ ਦਫਤਰਾਂ ਵਿਖੇ ਵੀ ਪੌਦੇ ਲਗਾਏ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਰੇਕ ਕਰਮਚਾਰੀ ਵੱਲੋਂ ਇਕ ਪੌਦਾ ਜ਼ਰੂਰ ਲਗਾਇਆ ਜਾਵੇ ਤੇ ਉਸਦੀ ਸਾਂਭ-ਸੰਭਾਲ ਵੀ ਕੀਤੀ ਜਾਵੇ। ਉਨ੍ਹਾਂ ਬੀ.ਡੀ.ਪੀ.ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪੋ-ਆਪਣੇ ਹਲਕੇ ਦੇ ਘੱਟੋ-ਘੱਟ ਪੰਜ-ਪੰਜ ਪਿੰਡ ਰੂੜੀਆਂ ਮੁਕਤ ਕਰਨਾ ਯਕੀਨੀ ਬਣਾਉਣਗੇ।
ਇਸ ਮੌਕੇ ਸਹਾਇਕ ਕਮਿਸ਼ਨਰ(ਜਨਰਲ) ਸ੍ਰੀ ਜਗਦੀਪ ਸਹਿਗਲ, ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ, ਖੁਸ਼ਹਾਲੀ ਦੇ ਰਾਖਿਆਂ(ਜ਼ੀ.ਓ.ਜੀ.) ਦੇ ਜ਼ਿਲ੍ਹਾ ਇੰਚਾਰਜ ਕਰਨਲ ਬਲਦੇਵ ਸਿੰਘ ਸੰਧੂ, ਜ਼ਿਲ੍ਹਾ ਸਿੱਖਿਆ ਅਫਸਰ ਸ. ਕੁਲਵੰਤ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਅਰੁਨ ਜਿੰਦਲ, ਵਣ ਰੇਂਜ ਅਫਸਰ ਸ. ਨਿਸ਼ਾਨ ਸਿੰਘ, ਜ਼ਿਲ੍ਹਾ ਸਿਹਤ ਅਫਸਰ ਡਾ. ਰਾਜੇਸ਼ ਖੁੰਗਰ ਆਦਿ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਹਾਜ਼ਰ ਸਨ।