ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਅਧੀਨ ਕਾਰਜਸ਼ੀਲ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਊਟ ਵਿਖੇ ਸ: ਕਰਨੈਲ ਸਿੰਘ ਪਾਰਸ (aੁੱਘੇ ਕਵੀਸ਼ਰ) ਦੇ ਜਨਮ ਦਿਵਸ ਨੂੰ ਸਮਰਪਿਤ ਸੰਗੀਤਕ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਪੁਲਿਸ ਦੇ ਏ.ਆਈ. ਜੀ ਤੇ ਉਘੇ ਲੇਖਕ ਸ੍ਰ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਹੈ ਕਿ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਜੀ ਨੇ ਆਪਣੀਆਂ ਕਵੀਸ਼ਰੀਆਂ ਰਾਹੀਂ ਵੀਹਵੀਂ ਸਦੀ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ ਹੈ । ਉਹਨਾਂ ਆਪਣੇ ਬਚਪਨ ਵਿਚ ਬਾਪੂ ਰਾਮੂਵਾਲੀਆ ਜੀ ਦੇ ਕਹੇ ਪ੍ਰਸੰਗ " ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ ,ਜੱਗ ਜੰਕਸ਼ਨ ਰੇਲਾਂ ਦਾ, ਕਿਉਂ ਫੜੀ ਸਿਪਾਹੀਆਂ ਨੇ, ਭਾਈa ਇਹ ਹੰਸਾਂ ਦੀ ਜੋੜੀ" ਦੇ ਹਵਾਲੇ ਨਾਲ ਕਿਹਾ ਇਤਿਹਾਸ, ਅਣਖ ਅਤੇ ਸੂਰਬੀਰਤਾ ਦੇ ਨਾਲ ਨਾਲ ਜੀਵਣ ਵਿਹਾਰ ਬਾਰੇ ਬਾਪੂ ਪਾਰਸ ਦੀਆਂ ਲਿਖਤਾਂ ਹੁਣ ਤੀਕ ਸਾਡੇ ਨਾਲ ਤੁਰਦੀਆਂ ਹਨ, । ਇਸ ਮੌਕੇ ਸਾਹਿਤ ਜਗਤ ਦੇ ਉੱਘੇ ਲੇਖਕ, ਸ: ਗੁਰਭਜਨ ਗਿੱਲ (ਪ੍ਰਸਿੱਧ ਗੀਤਕਾਰ ਅਤੇ ਕਵੀ), ਮੈਂਬਰ ਗਵਰਨਿੰਗ ਬਾਡੀ,ਨੇ ਕਿਹਾ ਕਿ ਤਰਕਸ਼ੀਲ ਸੋਚ ਤੇ ਪੰਜਾਬੀ ਮਿੱਟੀ ਦੀ ਮਰਿਆਦਾ ਪੇਸ਼ ਕਰਨ ਵਿੱਚ ਰਾਮੂਵਾਲੀਆ ਜੀ ਕਮਾਲ ਸਨ। ਸਾਬਕਾ ਕੇਂਦਰੀ ਮੰਤਰੀ ਸ੍ਰ ਬਲਵੰਤ ਸਿੰਘ ਰਾਮੂਵਾਲੀਆ ਸਪੁਤਰ ਸ੍ਰ ਕਰਨੈਲ ਸਿੰਘ ਰਾਮੂਵਾਲੀਆ ਜੀ ਨੇ ਕੁਝ ਜੀਵਣ ਯਾਦਾਂ ਤੋਂ ਇਲਾਵਾ ਕੁਝ ਕਵੀਸ਼ਰੀ ਨਮੂਨੇ ਗਾ ਕੇ ਪੇਸ਼ ਕੀਤੇ ।ਇਸਤੋਂ ਇਲਾਵਾ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਕਿਹਾ ਕਿ ਇਸ਼ਮੀਤ ਇੰਸਟੀਚਿਊਟ ਸੁਪਨਿਆਂ ਲਈ ਜ਼ਰਖੇਜ ਭੂਮੀ ਬਣ ਰਹੀ ਹੈ ।ਇਸ ਮੌਕੇ ਤੇ ਇੰਸਟੀਚਊਟ ਦੇ ਸਿਖਿਆਰਥੀ ਹਰਮਿੰਦਰ ਸਿੰਘ, ਭਵਜੀਤ ਸਿੰਘ, ਪਵਨਪ੍ਰੀਤ ਸਿੰਘ, ਮਲਹਿੰੰਦਰ ਸਿੰਘ, ਪ੍ਰਭਦੀਪ ਸਿੰਘ ਅਤੇ ਬਲਵਿੰਦਰ ਸਿੰਘ ਨੇ ਸ:ਕਰਨੈਲ ਸਿੰਘ ਪਾਰਸ ਦੀਆਂ ਕਵੀਸ਼ਰੀ ਰਚਨਾਵਾਂ ਦਾ ਗਾਇਨ ਕੀਤਾ। ਡਾ. ਚਰਨ ਕਮਲ ਸਿੰਘ (ਡਾਇਰੈਕਟਰ ,ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ) ਨੇ ਸਰੋਤਿਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਜਿਹੇ ਮਹਾਨ ਕਲਾਕਾਰਾਂ ਦੀ ਯਾਦ ਸਮੇਂ ਇੰਸਟੀਚਿਊਟ ਤੇ ਸਾਹਿਤ ਅਕੈਡਮੀ ਮੋਢਾ ਜੋੜ ਕੇ ਸੱਭਿਆਚਾਰ ਦੀ ਸੇਵਾ ਕਰਨ ਲਈ ਹਮੇਸ਼ਾ ਤਤਪਰ ਰਹਿਣਗੇ। ਇਸ ਮੌਕੇ ਸ੍ਰ ਤਰਲੋਚਣ ਸਿੰਘ ਗਰੇਵਾਲ ਸਾਬਕਾ ਸਰਪੰਚ ਲਲਤੋਂ,(ਲੁਧਿਆਣਾ) ਸ੍ਰ ਜਸਜੀਤ ਸਿੰਘ ਨੱਤ ਤੇ ਸ੍ਰ ਗੁਰਿੰਦਰਜੀਤ ਸਿੰਘ ਨੱਤ (ਯੂ ਐਸ ਏ) ਪ੍ਰੋ; ਮਨਜੀਤ ਸਿੰਘ ਛਾਬੜਾ, ਡਾਇਰੈਕਟਰ,ਜੀ, ਜੀ,ਆਈ,ਐਮ,ਟੀ ਲੁਧਿਆਣਾ,ਸ਼੍ਰੀ ਸੁਨੀਲ ਕਪੂਰ (ਸੀਨੀਅਰ ਕਾਂਗਰਸੀ ਆਗੂ) ਤੇ ਸ੍ਰ ਹਰਪਾਲ ਸਿੰਘ ਮਾਂਗਟ ਸਾਬਕਾ ਚੀਫ ਮੇਨੇਜਰ ਬੈਂਕ ਆਫ ਇੰਡੀਆ ਤੋਂ ਇਲਾਵਾ ਕਈ ਸਿਰਕੱਢ ਸ਼ਖਸ਼ੀਅਤਾਂ ਹਾਜ਼ਿਰ ਸਨ।