ਰੋਜ਼ਾਨਾ ਲੱਗਭਗ ਸੱਤ ਲੱਖ ਵਿਅਕਤੀਆਂ ਦਾ ਭੋਜਨ ਪਕਾਉਣ ਲਈ ਬਾਇਓ ਗੈਸ ਦੀ ਹੋ ਰਹੀ ਹੈ ਪੂਰਤੀ
ਚੰਡੀਗੜ•, 24 ਜੂਨ:
ਪੰਜਾਬ ਸਰਕਾਰ ਨੇ ਵਾਤਾਵਰਣ ਨੂੰ ਸਵੱਛ ਬਣਾਉਣ ਦੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਤੇ ਮਹਿਲਾਵਾਂ ਨੂੰ ਧੂੰਏ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਪੰਜਾਬ ਐਨਰਜੀ ਡਿਵੇਲਪਮੈਂਟ ਏਜੰਸੀ (ਪੇਡਾ) ਵੱਲੋਂ ਬਾਇਓ ਗੈਸ ਪਲਾਂਟ ਲਗਾਉਣ ਦੀ ਮੁਹਿੰਮ ਨੂੰ ਜ਼ੋਰ ਸ਼ੋਰ ਨਾਲ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਸੂਬੇ ਵਿੱਚ ਵੱਧ ਤੋਂ ਵੱਧ ਪੇਂਡੂ ਤੇ ਅਰਧ ਸ਼ਹਿਰੀ ਖੇਤਰਾਂ ਨੂੰ ਦਾਇਰੇ ਹੇਠ ਲਿਆਂਦਾ ਜਾ ਰਿਹਾ ਹੈ। ਇਸ ਨਾਲ ਸਵੱਛ ਬਾਲਣ ਘਰ ਤੱਕ ਪਹੁੰਚਦਾ ਹੈ ਤੇ ਆਰਥਿਰ ਤੌਰ ਤੇ ਵੀ ਇਹ ਪਲਾਂਟ ਬਹੁਤ ਲਾਹੇਵੰਦ ਸਿੱਧ ਹੋ ਰਿਹਾ ਹੈ। ਬਾਇਓ ਗੈਸ ਪਲਾਂਟ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਵਾਤਾਵਰਣ ਪੱਖੀ ਹੈ।
ਇਹ ਜਾਣਕਾਰੀ ਬਿਜਲੀ ਤੇ ਨਵਿਆਉਣਯੋਗ ਊਰਜਾ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦਿੱਤੀ। ਸ੍ਰੀ ਕਾਂਗੜ ਨੇ ਪ੍ਰਦੇਸ਼ ਵਿੱਚ ਪੇਂਡੂ ਖੇਤਰ ਵਿੱਚ ਇਸ ਬਾਲਣ ਨੂੰ ਸਵੱਛ ਤੇ ਵਧੀਆ ਸਾਧਨ ਦੱਸਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਇਸ ਬਾਲਣ ਲਈ ਜਾਗਰੂਕਤਾ ਵੱਧ ਰਹੀ ਹੈ। ਉਹਨਾਂ ਦੱਸਿਆ ਕਿ ਨੈਸਨਲ ਬਾਇਓ ਗੈਸ ਤੇ ਮੈਨਓਰ ਮੈਨੇਜਮੈਂਟ ਪ੍ਰੋਗਰਾਮ ਇੱਕ ਕੇਂਦਰੀ ਪ੍ਰਾਯੋਜਿਤ ਯੋਜਨਾ ਹੈ। ਇਸ ਯੋਜਨਾ ਦੇ ਅੰਤਰਗਤ ਸ਼ਹਿਰੀ ਤੇ ਅਰਧ ਸ਼ਹਿਰੀ ਵਸਨੀਕਾਂ ਦੇ ਘਰਾਂ ਵਿੱਚ 4 ਤੋਂ 6 ਘਣਮੀਟਰ ਦੀ ਸਮਰਥਾ ਦੇ ਬਾਇਓ ਗੈਸ ਪਲਾਂਟ ਲਗਾਏ ਜਾਂਦੇ ਹਨ ਜੋ ਕਿ ਊਰਜਾ ਦਾ ਸਭ ਤੋਂ ਵਧੀਆ ਤੇ ਸਸਤਾ ਸੋਮਾ ਹੈ। ਇਸ ਸਕੀਮ ਦੇ ਅੰਤਰਗਤ ਪੇਡਾ ਵੱਲੋਂ ਪੰਜਾਬ ਵਿੱਚ 1994-95 ਤੋਂ ਲੈ ਕੇ ਹੁਣ ਤੱਕ 1,75,000 ਬਾਇਓ ਗੈਸ ਪਲਾਂਟ ਲਗਾਏ ਜਾ ਚੁੱਕੇ ਹਨ ਜੋ ਕਿ ਸਫਲਤਾਪੂਰਵਕ ਚਲ ਰਹੇ ਹਨ। ਜਿਸ ਦੀ ਵਰਤੋਂ ਹਰ ਰੋਜ਼ ਲੱਗਭਗ ਸੱਤ ਲੱਖ ਵਿਅਕਤੀਆਂ ਦਾ ਭੋਜਨ ਪਕਾਉਣ ਵਾਲੇ ਬਾਲਣ ਦੀ ਪੂਰਤੀ ਲਈ ਹੁੰਦੀ ਹੈ। ਇਹਨਾਂ ਪਲਾਂਟਾਂ ਦੀ ਵਰਤੋਂ ਨਾਲ 2100 ਮੀਟ੍ਰਿਕ ਟਨ ਲਕੜੀ ਦੀ ਬਚਤ ਹੁੰਦੀ ਹੈ। ਜਿਸ ਨਾਲ ਲੱਖਾਂ ਰੁੱਖ ਬਚਾਏ ਜਾ ਰਹੇ ਹਨ। ਇਸ ਸਕੀਮ ਦੇ ਤਹਿਤ ਪੇਡਾ ਵੱਲੋਂ 2017-18 ਵਿੱਚ ਸੂਬੇ ਭਰ ਵਿੱਚ 3050 ਬਾਇਓ ਗੈਸ ਪਲਾਂਟ ਲਗਾਏ ਗਏ ਹਨ।
ਪੇਡਾ ਦੇ ਸੀ.ਈ.ਓ. ਸ੍ਰੀ ਐੱਨ.ਪੀ.ਐੱਸ ਰੰਧਾਵਾ ਨੇ ਕਿਹਾ ਕਿ 4 ਤੋਂ 6 ਘਣਮੀਟਰ ਦੀ ਸਮੱਰਥਾ ਵਾਲੇ ਬਾਇਓ ਗੈਸ ਪਲਾਂਟ ਲਗਾਉਣ ਲਈ 35,000 ਤੋਂ 40,000 ਰੁਪਏ ਤੱਕ ਦਾ ਖ਼ਰਚਾ ਹੁੰਦਾ ਹੈ। ਇਸ ਵਿੱਚੋਂ ਸਰਕਾਰ ਵੱਲੋਂ ਆਮ ਸ਼੍ਰੇਣੀ ਲਈ 9,000 ਰੁਪਏ ਤੇ ਅਨੁਸੂਚਿਤ ਜਾਤੀ ਦੀ ਸ਼੍ਰੇਣੀ ਲਈ 11,000 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਘਰੇਲੂ ਵਰਤੋਂ ਲਈ ਇਹ ਪਲਾਂਟ ਲਗਾਉਣ ਲਈ ਜਿਲ•ੇ ਵਿੱਚ ਏ.ਡੀ.ਸੀ. ਵਿਕਾਸ ਦਫ਼ਤਰ ਵਿੱਚ ਪੇਡਾ ਜਿਲ•ਾ ਮੈਨੇਜਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸ੍ਰੀ ਰੰਧਾਵਾ ਨੇ ਦੱਸਿਆ ਕਿ ਇਸ ਸਕੀਮ ਦੇ ਅੰਤਰਗਤ ਸਵੈ-ਰੋਜ਼ਗਾਰ ਕਾਮਿਆਂ ਨੂੰ 1500 ਰੁਪਏ ਪ੍ਰਤੀ ਬਾਇਓ ਗੈਸ ਪਲਾਂਟ ਦਿੱਤੇ ਜਾਂਦੇ ਹਨ ਜੋ ਕਿ ਲੋਕਾਂ ਨੂੰ ਬਾਇਓ ਗੈਸ ਪਲਾਂਟ ਲਗਾਉਣ ਲਈ ਪ੍ਰੇਰਿਤ ਕਰਦੇ ਹਨ। ਪੰਜਾਬ ਵਿੱਚ ਲੱਗਭਗ 150 ਸਵੈ ਰੋਜ਼ਗਾਰ ਕਾਮੇ ਕੰਮ ਕਰ ਰਹੇ ਹਨ ਤੇ ਇਸ ਤੋਂ ਇਲਾਵਾ 300 ਦੇ ਲੱਗਭਗ ਸਿਖਲਾਈ ਪ੍ਰਾਪਤ ਮਿਸਤਰੀਆਂ ਨੂੰ ਰੋਜ਼ਗਾਰ ਮਿਲਿਆ ਹੈ। ਉਹਨਾਂ ਦੱਸਿਆ ਕਿ ਪਿੰਡਾਂ ਵਿੱਚ ਚੁੱਲੇ 'ਤੇ ਭੋਜਨ ਪਕਾਉਣ ਵਾਲੀਆਂ ਮਹਿਲਾਵਾਂ ਦੇ ਸਰੀਰ ਵਿੱਚ ਰੋਜ਼ 10 ਸਿਗਰਟਾਂ ਦੇ ਬਰਾਬਰ ਧੂੰਆਂ ਜਾਂਦਾ ਹੈ। ਇਸ ਲਈ ਬਾਇਓ ਗੈਸ ਖਾਣਾ ਬਣਾਉਣ ਲਈ ਸਸਤਾ ਤੇ ਵਧੀਆ ਬਾਲਣ ਪ੍ਰਣਾਲੀ ਹੈ ਜਿਹੜਾ ਧੂੰਏ ਤੋਂ ਤਾਂ ਬਚਾਉਂਦਾ ਹੀ ਹੈ ਤੇ ਰਸੋਈ ਵੀ ਸਾਫ਼ ਰੱਖਦਾ ਹੈ, ਨਾਲ ਹੀ ਸਰੀਰਿਕ ਰੂਪ ਨਾਲ ਕੈਂਸਰ ਤੇ ਦਮੇ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਂਦਾ ਹੈ।