ਛਤਰਪੁਰ : ਮਹਿਲਾ ਅਤੇ ਰਾਜ ਵਿਕਾਸ ਮੰਤਰੀ ਲਲਿਤ ਯਾਦਵ ਵੱਲੋਂ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਦੋ ਡੱਡੂਆਂ ਦਾ ਆਪਸ 'ਚ ਵਿਆਹ ਕਰਵਾਇਆ ਗਿਆ। ਬੀਤੀ ਸ਼ੁੱਕਰਵਾਰ ਛਤਰਪੁਰ ਦੇ ਇਕ ਮੰਦਰ 'ਚ ਰਾਜ ਵਿਕਾਸ ਮੰਤਰੀ ਅਤੇ ਹੋਰਨਾਂ ਭਾਜਪਾ ਮੰਤਰੀਆਂ ਦੀ ਹਾਜ਼ਰੀ ਵਿਚ 'ਅਸ਼ਦ ਉਤਸਵ' ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸੈਂਕੜਿਆਂ ਦੀ ਤਾਦਾਦ 'ਚ ਲੋਕ ਇਸ ਅਨੋਖੇ ਵਿਆਹ ਨੂੰ ਦੇਖਣ ਲਈ ਪਹੁੰਚੇ। ਮੰਦਿਰ ਦੇ ਪੁਜਾਰੀ ਅਚਾਰਿਆ ਬਰਿਜਨੰਦਨ ਨੇ ਕਿਹਾ ਕਿ 'ਡੱਡੂਆਂ ਦਾ ਵਿਆਹ ਕਰਵਾਉਣਾ ਇਥੋਂ ਦੀ ਬਹੁਤ ਹੀ ਪੁਰਾਣੀ ਪਰੰਪਰਾ ਹੈ ਜਿਸ ਨਾਲ ਮੰਨਿਆ ਜਾਂਦਾ ਹੈ ਕਿ ਪ੍ਰਮਾਤਮਾ ਨੂੰ ਖੁਸ਼ ਕੀਤਾ ਜਾਂਦਾ ਹੈ।''
ਉਥੇ ਹੀ ਵਿਰੋਧੀ ਪਾਰਟੀ ਕਾਂਗਰਸ ਵੱਲੋਂ ਭਾਜਪਾ ਨੇਤਾ ਦੇ ਇਸ ਕਦਮ ਨੂੰ ਵਾਜਿਬ ਨਹੀਂ ਮੰਨਿਆ ਗਿਆ। ਉਨ੍ਹਾਂ ਵੱਲੋਂ ਇਸਦੀ ਕਰੜੀ ਨਿੰਦਾ ਕਰਦਿਆਂ ਕਿਹਾ ਗਿਆ ਕਿ ਇਸ ਨਾਲ ਲੋਕਾਂ 'ਚ ਸਿਰਫ ਵਹਿਮ ਭਰਮ ਪੈਦਾ ਕੀਤੇ ਜਾ ਸਕਦੇ ਹਨ। ਛਤਰਪੁਰ ਦੇ ਸੀਨੀਅਰ ਕਾਂਗਰਸੀ ਨੇਤਾ ਅਲੋਕ ਚਤੁਰਵੇਦੀ ਨੇ ਕਿਹਾ ਕਿ ਯਾਦਵ ਇਲਾਕੇ 'ਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਦੇਣ ਦੀ ਬਜਾਏ ਪੁਰਾਣੇ ਰੀਤੀ ਰਿਵਾਜ਼ਾਂ ਵਿਚ ਉਲਝੇ ਹੋਏ ਹਨ। ਉਥੇ ਹੀ ਭਾਜਪਾ ਮੰਤਰੀ ਯਾਦਵ ਨੇ ਕਿਹਾ ਕਿ ਇਹ ਕੋਈ ਵਹਿਮ ਭਰਮ ਨਹੀਂ ਹਨ ਸਗੋਂ ਪੁਰਾਤਨ ਰਿਵਾਇਤਾਂ ਅਨੁਸਾਰ ਵਾਤਾਵਰਨ ਨੂੰ ਇਕਸੁਰ ਰੱਖਣ ਦੀ ਪ੍ਰਕਿਰਿਆ ਹੈ।