ਚੰਡੀਗੜ, 23 ਜੂਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਕੋਲ ਮੁਲਕ ਦੇ ਵਿਦੇਸ਼ ਮੰਤਰਾਲੇ ਦੀ ਪ੍ਰਵਾਨਗੀ ਹੋਣ ਦੇ ਬਾਵਜੂਦ ਉਨਾਂ ਨੂੰ ਗੁਰਦੁਆਰਾ ਪੰਜਾ ਸਾਹਿਬ ਵਿੱਚ ਜਾਣ ਦੀ ਇਜਾਜ਼ਤ ਨਾ ਦੇਣ ’ਤੇ ਪਾਕਿਸਤਾਨ ਦੇ ਧੱਕੇਸ਼ਾਹੀ ਵਾਲੇ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਇਸਲਾਮਾਬਾਦ ਦੀ ਨਵੀਂ ਦਿੱਲੀ ਵਿਰੁੱਧ ਆਪਹੁਦਰੀ ਤੇ ਬੇਸਮਝੀ ਵਾਲੀ ਦੁਸ਼ਮਣੀ ਵਾਲੇ ਇਸ ਕਦਮ ’ਤੇ ਹੈਰਾਨੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਆਸੀ ਖੇਡ ਯੋਜਨਾ ਵਿੱਚ ਧਰਮ ਨੂੰ ਹਿੱਸਾ ਬਣਾ ਕੇ ਪਾਕਿਸਤਾਨ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਭਾਰਤ ਨਾਲ ਆਪਣੇ ਰਿਸ਼ਤਿਆਂ ਪ੍ਰਤੀ ਕਿਸ ਹੱਦ ਤੱਕ ਨੀਵੇਂ ਪੱਧਰ ’ਤੇ ਡਿੱਗ ਸਕਦਾ ਹੈ। ਇਸ ਨਾਲ ਪਾਕਿਸਤਾਨ ਦੀ ਕੌਮਾਂਤਰੀ ਤੇ ਕੂਟਨੀਤਿਕ ਸਮਝੌਤਿਆਂ ਪ੍ਰਤੀ ਘੋਰ ਘਿਰਣਾ ਵੀ ਜ਼ਾਹਰ ਹੋ ਗਈ ਹੈ।
ਮੁੱਖ ਮੰਤਰੀ ਨੇ ਟਵੀਟ ਰਾਹੀਂ ਪਾਕਿਸਤਾਨ ਦੀ ਘਟੀਆ ਤੇ ਨਾਪਾਕ ਕਾਰਵਾਈ ਵਿਰੁੱਧ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਇਸਲਾਮਾਬਾਦ ਨੂੰ ਕਿਸੇ ਭਾਰਤੀ ਅਧਿਕਾਰੀ ਨੂੰ ਗੁਰਦੁਆਰਾ ਸਾਹਿਬ ਵਿੱਚ ਜਾਣ ਤੋਂ ਰੋਕਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂ ਜੋ ਧਾਰਮਿਕ ਅਸਥਾਨ ਦੇ ਦਰ ਹਰੇਕ ਖੱਲੇ ਹਨ। ਉਨਾਂ ਕਿਹਾ ਕਿ ਇਹ ਮਿਲਟਰੀ ਸੰਸਥਾ ਨਹੀਂ ਕਿ ਜਾਣ ਲਈ ਬੰਦਸ਼ਾਂ ਲਾਈਆਂ ਜਾਣ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਬਿਸਾਰੀਆ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਪਾਸੋਂ ਲੋੜੀਂਦੀ ਪ੍ਰਵਾਨਗੀ ਵੀ ਹਾਸਲ ਕੀਤੀ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਜਾਣ ਤੋਂ ਰੋਕਣਾ ਹੋਰ ਵੀ ਭੈਭੀਤ ਅਤੇ ਜ਼ਾਲਮਾਨਾ ਕਾਰਵਾਈ ਹੈ।
ਇਸਲਾਮਾਬਾਦ ਦੀਆਂ ਕਾਰਵਾਈਆਂ ਦੇ ਖ਼ਤਰਨਾਕ ਸਿੱਟੇ ਨਿਕਲਣ ਵਿਰੁੱਧ ਤਾੜਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਘੋਰ ਉਲੰਘਣਾ ਕਰਨ ਤੋਂ ਬਾਅਦ ਹੁਣ ਇਸ ਕਾਰਵਾਈ ਨਾਲ ਸਿੱਧ ਹੁੰਦਾ ਹੈ ਕਿ ਗੁਆਂਢੀ ਮੁਲਕ ਭਾਰਤ ਨਾਲ ਰਿਸ਼ਤੇ ਸੁਧਾਰਨ ਦੀਆਂ ਕੋਸ਼ਿਸ਼ਾਂ ਪ੍ਰਤੀ ਹਾਂ-ਪੱਖੀ ਹੁੰਗਾਰਾ ਭਰਨ ਤੋਂ ਇਨਕਾਰੀ ਹੈ।
ਮੁੱਖ ਮੰਤਰੀ ਨੇ ਦੋਵਾਂ ਮੁਲਕਾਂ ਦਰਮਿਆਨ ਅਮਨ-ਸ਼ਾਂਤੀ ਅਤੇ ਦੁਵੱਲੇ ਰਿਸ਼ਤਿਆਂ ਦੀ ਜ਼ੋਰਦਾਰ ਵਕਾਲਤ ਕਰਦਿਆਂ ਕਿਹਾ ਕਿ ਪਾਕਿਸਤਾਨ ਦੀਆਂ ਅਜਿਹੀਆਂ ਕਾਰਵਾਈਆਂ ਜਿੱਥੇ ਦੋਵਾਂ ਮੁਲਕਾਂ ਦੇ ਰਿਸ਼ਤੇ ਸੁਧਾਰਨ ਦੀਆਂ ਉਮੀਦਾਂ ’ਤੇ ਪਾਣੀ ਫੇਰ ਦੇਣਗੀਆਂ, ਉਥੇ ਆਪਣੇ ਗੁਆਂਢੀ ਨਾਲ ਤਣਾਅ ਨੂੰ ਹੋਰ ਵਧਾਉਣਗੀਆਂ। ਇਹ ਰਾਸ਼ਟਰ ਦੇ ਹਿੱਤ ਵਿੱਚ ਵੀ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਭਾਵੇਂ ਆਪਣੇ ਗੁਆਂਢੀ ਮੁਲਕ ਨਾਲ ਸਬੰਧ ਹੋਰ ਮਜ਼ਬੂਤ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਪਾਕਿਸਤਾਨ ਅਜਿਹੇ ਕਿਸੇ ਵੀ ਯਤਨ ਨੂੰ ਲੀਹੋਂ ਲਾਹੁਣ ਲਈ ਪੱਬਾਂ ਭਾਰ ਹੈ। ਉਨਾਂ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਉਚ ਪੱਧਰ ’ਤੇ ਵਿਚਾਰ ਕੇ ਢੁਕਵਾਂ ਜੁਆਬ ਦਿੱਤਾ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਲਈ ਭਾਰਤ ਸ਼ਾਂਤੀ ਦਾ ਪ੍ਰਤੀਕ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਡੀ ਅਮਨ-ਸ਼ਾਂਤੀ ਵਾਲੀ ਪਹਿਚਾਣ ਨੂੰ ਦੂਜੇ ਮੁਲਕਾਂ ਵੱਲੋਂ ਕਮਜ਼ੋਰੀ ਸਮਝ ਲਿਆ ਜਾਵੇ। ਉਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਭਾਰਤੀ ਹਾਈ ਕਮਿਸ਼ਨਰ ਨੂੰ ਇਸਲਾਮਾਬਾਦ ਨੇ ਆਪਣੀ ਡਿੳੂਟੀ ਨਿਭਾਉਣ ਤੋਂ ਰੋਕਿਆ ਹੋਵੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣੇ ਟਵੀਟ ਵਿੱਚ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੂੰ ਗੁਰਦੁਆਰਾ ਪੰਜਾ ਸਾਹਿਬ ਜਾਣ ਤੋਂ ਰੋਕਣਾ ਇਹ ਸਿੱਧ ਕਰਦਾ ਹੈ ਕਿ ਪਾਕਿਸਤਾਨ ਆਪਣੀ ਭਾਰਤ ਵਿਰੋਧੀ ਮੁਹਿੰਮ ਵਿੱਚ ਕਿਸ ਹੱਦ ਤੱਕ ਨੀਵੇਂ ਪੱਧਰ ’ਤੇ ਡਿੱਗ ਚੁੱਕਾ ਹੈ। ਇਹ ਧਾਰਮਿਕ ਅਸਥਾਨ ਹੈ ਨਾ ਕਿ ਮਿਲਟਰੀ ਸੰਸਥਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮੂੰਹ ਤੋੜਵਾਂ ਜੁਆਬ ਦੇਣ ਦੀ ਅਪੀਲ।