ਗੋਆ : ਗੋਆ ਦੇ ਪੌਂਡਾ 'ਚ ਇਕ ਸੀਨੀਅਰ ਸਿਵਲ ਜੱਜ ਵੱਲੋਂ ਸਨਾਤਨ ਸੰਸਥਾ ਵੱਲੋਂ ਹਫਤਾਵਰੀ ਅਖ਼ਬਾਰ 'ਗੋਨ ਅਬਜ਼ਰਵਰ' ਖਿਲਾਫ ਦਾਇਰ ਕੀਤਾ ਮਾਣਹਾਨੀ ਦੇ ਕੇਸ ਨੂੰ ਖਾਰਜ ਕਰ ਦਿੱਤਾ। ਆਨਲਾਈਨ ਪੋਰਟਲ livelaw.in ਅਨੁਸਾਰ 'ਗੋਨ ਅਬਜ਼ਰਵਰ' ਚ 28 ਜੂਨ ਤੋਂ 4 ਜੁਲਾਈ 2008 ਤਕ ਇਕ ਲੇਖ ਵਿਰੁੱਧ ਸਨਾਤਨ ਸੰਸਥਾ ਵੱਲੋਂ ਮਾਣਹਾਨੀ ਦਾ ਕੇਸ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਲੇਖ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਹਜ਼ਾਰਾਂ ਨਿਸਵਾਰਥ ਲੋਕਾਂ ਦੀ ਬੇਜ਼ਤੀ ਕੀਤੀ।
ਬਚਾਅ ਪੱਖ ਤਰਫੋਂ ਇਹ ਦਲੀਲ ਦਿੱਤੀ ਗਈ ਸੀ ਕਿ ਲੇਖ 'ਸਵਰਕਸ਼ਨ ਪ੍ਰਸ਼ੀਕਸ਼ਨ'' ਨਾਂਅ ਦੀ ਕਿਤਾਬ ਬਾਰੇ ਸੀ, ਜੋ ਕਿ ਸਨਾਤਨ ਸੰਸਥਾਂ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਕਿਤਾਬ ਵਿਚ ਸਵੈ ਰੱਖਿਆ ਲਈ ਤ੍ਰਿਸ਼ੂਲ ਅਤੇ ਬੰਦੂਕਾਂ ਦੀ ਵਰਤੋਂ ਨਾਲ ਸਿਖਲਾਈ ਦੀਆਂ ਤਸਵੀਰਾਂ ਸਨ। ਬਚਾਅ ਪੱਖ ਨੇ ਇਸਨੂੰ ਨਕਾਰਦਿਆਂ ਕਿਹਾ ਕਿ ਇਹ ਲੇਖ ਕਿਸੇ ਨੂੰ ਵੀ ਬਦਨਾਮ ਜਾਂ ਬੇਇੱਜ਼ਤ ਕਰਨ ਲਈ ਨਹੀਂ ਲਿਖਿਆ ਗਿਆ ਅਤੇ ਨਾ ਹੀ ਇਸ ਵਿਚ ਕੋਈ ਇਸ ਤਰ੍ਹਾਂ ਦੀ ਗੱਲ ਆਖੀ ਗਈ ਹੈ। ਜਿਸ ਨਾ ਖੋਜਕਾਰਾਂ ਦੇ ਦਿਮਾਗ 'ਚ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਪੈਦਾ ਹੋ ਸਕੇ। ਉਨ੍ਹਾਂ ਇਸ ਮੁਕੱਦਮੇ ਨੂੰ ਖਾਰਜ ਕਰਨ ਦੀ ਮੰਗ ਕੀਤੀ ਸੀ।
ਤੱਥਾਂ ਨੂੰ ਭਾਪਦਿਆਂ, ਸੀਨੀਅਰ ਸਿਵਲ ਜੱਜ ਨੇ ਮਹਿਸੂਸ ਕੀਤਾ ਕਿ, '' ਪੱਤਰਕਾਰ ਆਮ ਲੋਕ ਹੁੰਦੇ ਹਨ ਅਤੇ ਉਨ੍ਹਾਂ ਨੇ ਆਮ ਆਦਮੀ ਦੀਆਂ ਅੱਖਾਂ ਰਾਹੀਂ ਚੀਜ਼ਾਂ ਦਾ ਮੁਲਾਂਕਣ ਕਰਨਾ ਹੁੰਦਾ ਹੈ। ਜਦੋਂ ਇਕ ਆਮ ਮਨੁੱਖ ਇਸ ਕਿਸਮ ਦੀਆਂ ਤਸਵੀਰਾਂ ਦੇਖਦਾ ਹੈ ਤਾਂ ਉਹ ਅਚੰਭੇ ਵਿੱਚ ਪੈ ਜਾਂਦਾ ਹੈ। ਪੱਤਰਕਾਰਾਂ ਦਾ ਇਹ ਫਰਜ਼ ਹੈ ਕਿ ਉਹ ਇਨ੍ਹਾਂ ਤੱਥਾਂ ਨੂੰ ਲੋਕਾਂ ਦੇ ਧਿਆਨ 'ਚ ਲਿਆਉਣ। ਇਨ੍ਹਾਂ ਤੱਥਾਂ ਨੂੰ ਜਨਤਾ ਦੇ ਧਿਆਨ ਵਿਚ ਲਿਆਉਣਾ ਅਤੇ ਇਕ ਆਮ ਸਮਝਦਾਰ ਆਦਮੀ ਦੇ ਰੂਪ ਵਿਚ ਇਸ 'ਤੇ ਟਿੱਪਣੀ ਕਰਨਾ ਮਾਨਹਾਨੀ ਦਾ ਹਿੱਸਾ ਨਹੀਂ ਹੋਵੇਗਾ।'' ਉਨ੍ਹਾਂ ਕਿਹਾ ਕਿ ,''ਸਾਡੇ ਦੇਸ਼ ਵਿੱਚ ਲੋਕਾਂ ਨੂੰ ਸ਼ਾਂਤੀ ਨਾਲ ਅਤੇ ਬਿਨਾਂ ਹਥਿਆਰਾਂ ਦੇ ਇਕੱਠੇ ਹੋਣ ਦਾ ਅਧਿਕਾਰ ਹੈ। ਹਥਿਆਰ ਰੱਖਣਾ ਅਪਵਾਦ ਹੈ। ਕੋਈ ਵਿਅਕਤੀ ਲਾਈਸੈਂਸ ਅਧੀਨ ਹੀ ਹਥਿਆਰ ਰੱਖ ਸਕਦਾ ਹੈ। ਆਮ ਤੌਰ 'ਤੇ ਅਜਿਹੇ ਲਾਇਸੈਂਸ ਵਿਅਕਤੀਆਂ ਨੂੰ ਦਿੱਤੇ ਜਾਂਦੇ ਹਨ, ਨਾ ਕਿ ਸਮੂਹਾਂ ਨੂੰ।''
ਅਦਾਲਤ ਵੱਲੋਂ ਸੰਸਥਾ ਖਿਲਾਫ ਤਿੱਖੇ ਵਿਚਾਰ ਰੱਖਦਿਆਂ ਕਿਹਾ ਕਿ ਮੁਦਈਆਂ ਵੱਲੋਂ ਕਿਤਾਬ 'ਚ ਇਹੋ ਜਿਹੀਆਂ ਤਸਵੀਰਾਂ ਆਮ ਲੋਕਾਂ ਦੇ ਦਿਮਾਗਿਾਂ 'ਚ ਖੌਫ ਪੈਦਾ ਕਰ ਸਕਦੀਆਂ ਹਨ। ਜਿਸ ਦੀ ਵਜ੍ਹਾ ਕਾਰਨ ਅਦਾਲਤ 'ਚ ਕੇਸ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।