← ਪਿਛੇ ਪਰਤੋ
ਪੇਸ਼ਾਵਰ : ਪਾਕਿਸਤਾਨ 'ਚ ਕਾਊਂਟਰ ਟੈਰੇਰਿਜ਼ਮ ਵਿਭਾਗ ਵੱਲੋਂ ਵੀਰਵਾਰ ਨੂੰ ਸਿੱਖ ਕਤਲ ਮਾਮਲੇ ਸਬੰਧੀ ਇਕ ਹੋਰ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਕੇਸ ਦਾ ਪਹਿਲੇ ਸ਼ੱਕੀ ਸ਼ਾਹਰਿਆਰ ਨੂੰ 14 ਜੂਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਸਿੱਖ ਪੀਸ ਐਕਟੀਵਿਸਟ ਚਰਨਜੀਤ ਸਿੰਘ ਨੂੰ ਬੀਤੇ ਮਹੀਨੇ 29 ਤਰੀਕ ਨੂੰ ੳਕੀਮ ਚੌਂਕ ਖੇਤਰ 'ਚ ਉਸਦੀ ਦੁਕਾਨ 'ਤੇ ਕੁਝ ਅਣਪਛਾਤਿਆਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਕ ਬਿਆਨ 'ਚ ਸੀ.ਟੀ.ਡੀ ਨੇ ਦੱਸਿਆ ਕਿ ਮੁੱਖ ਦੋਸ਼ੀ ਦੇ ਦੱਸਣ 'ਤੇ ਇਸ ਕਤਲ ਸਬੰਧੀ ਉਨ੍ਹਾਂ ਵੱਲੋਂ ਬਦਾਭੇਰ ਖੇਤਰ 'ਚੋਂ ਤਾਰਿਕ ਨਾਅ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਤਾਰਿਕ ਖਿਲਾਫ ਐਂਟੀ-ਟੈਰੇਰਿਜ਼ਮ ਐਕਟ, 1997 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ 'ਡਾਅਨ' ਨੂੰ ਦੱਸਿਆ ਕਿ ਚਰਨਜੀਤ ਸਿੰਘ ਦੇ ਕਤਲ ਪਿੱਛੇ ਕੁਝ ਲੋਕਲ ਵਿਦਰੋਹੀਆਂ ਦਾ ਹੀ ਹੱਥ ਸੀ , ਉਨ੍ਹਾਂ ਕਿਹਾ ਕਿ ਇਸ ਕਤਲ ਦਾ ਅੱਤਵਾਦੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਨੂੰ ਵਿਦਰੋਹੀਆਂ ਵੱਲੋਂ ਧਮਕੀਆਂ ਵੀ ਮਿਲੀਆਂ ਸਨ, ਪਰ ਮੰਗੀ ਰਕਮ ਦੀ ਜਾਣਕਾਰੀ ਨਹੀਂ ਮਿਲੀ।
Total Responses : 189