ਬਠਿੰਡਾ, 23 ਜੂਨ 2018: ਪੰਜਾਬ ਸਰਕਾਰ ਦੇ 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਬੱਚਿਆਂ ਦੀ ਮਾਨਸਿਕ ਤੰਦਰੁਸਤੀ ਲਈ ਰੈਡ ਕਰਾਸ ਭਵਨ, ਬਠਿੰਡਾ ਵਿਖੇ ਜ਼ਿਲਾ ਪ੍ਰਸਾਸ਼ਨ ਦੁਆਰਾ ਲੋੜਵੰਦ ਅਤੇ ਗਰੀਬ ਬੱਚਿਆਂ ਲਈ 2000 ਕਿਤਾਬਾਂ ਨਾਲ ਲੈਸ ਲਾਇਬ੍ਰੇਰੀ (ਪੁਸਤਕਾਲਾ) ਸ਼ੁਰੂ ਕੀਤੀ ਗਈ ਹੈ। ਇਸ ਲਾਇਬ੍ਰੇਰੀ ਵਿਖੇ ਬੱਚਿਆਂ ਦੇ ਬੈਠਣ ਲਈ ਮੇਜ, ਕੁਰਸੀਆਂ ਅਤੇ ਬੀਨ ਬੈਗ ਵੀ ਰੱਖੇ ਗਏ ਹਨ।
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਰੈਡ ਕਰਾਸ ਸੁਸਾਇਟੀ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਅਤੇ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਲਾਇਬ੍ਰੇਰੀ ਦਾ ਰਸਮੀ ਉਦਘਾਟਨ ਕੀਤਾ।
ਸ਼੍ਰੀ ਲਾਕਰਾ ਨੇ ਦੱਸਿਆ ਕਿ ਇਸ ਤਰਾਂ ਦੀਆਂ 305 ਲਾਇਬ੍ਰੇਰੀਆਂ ਜ਼ਿਲਾ ਬਠਿੰਡਾ ਵਿੱਚ ਖੋਲੀਆਂ ਜਾਣਗੀਆਂ ਜਿਹੜੀਆਂ ਕਿ ਹਰ ਇੱਕ ਪਿੰਡ ਅਤੇ ਹਰ ਇੱਕ ਕਸਬੇ 'ਚ ਸਥਿਤ ਹੋਣਗੀਆਂ। ਰੈਡ ਕਰਾਸ ਭਵਨ ਵਿਖੇ ਲਾਇਬ੍ਰੇਰੀ ਦੀ ਸ਼ੁਰੂਆਤ 2 ਲੱਖ ਰੁਪਏ ਦੀ ਲਾਗਤ ਨਾਲ ਖ੍ਰੀਦੀਆਂ ਗਈਆਂ 2000 ਕਿਤਾਬਾਂ ਨਾਲ ਕੀਤੀ ਗਈ ਹੈ।
ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਰੌਚਕ ਅਤੇ ਰੰਗਦਾਰ ਕਿਤਾਬਾਂ ਨੇ ਅੱਜ ਪ੍ਰਯਾਸ ਸਕੂਲ ਅਤੇ ਅੱਪੂ ਸੁਸਾਇਟੀ ਸਕੂਲ ਦੇ ਬੱਚਿਆਂ ਦਾ ਮਨ ਮੋਹ ਲਿਆ। ਇਨਾਂ ਕਿਤਾਬਾਂ ਵਿੱਚੋਂ ਕਈ ਕਿਤਾਬਾਂ ਆਨਲਾਈਨ ਮੰਗਵਾਈਆਂ ਗਈਆਂ ਹਨ, ਕੁੱਝ ਕਿਤਾਬਾਂ ਹੋਰਨਾਂ ਸੂਬਿਆਂ ਵਿੱਚੋਂ ਖਰੀਦ ਕੀਤੀਆਂ ਗਈਆਂ ਹਨ ਅਤੇ ਕੁੱਝ ਕਿਤਾਬਾਂ ਸਥਾਨਕ ਦੁਕਾਨਾਂ ਤੋਂ ਲਈਆਂ ਗਈਆਂ ਹਨ।
ਲਾਇਬ੍ਰੇਰੀ ਵਿਖੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਵਿੱਚ ਕਿਤਾਬਾਂ ਪੜਨ ਦੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਜਦਕਿ ਗੈਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੋਂ ਵਾਜਬ ਫੀਸ ਲਈ ਜਾਵੇਗੀ। ਲਾਇਬ੍ਰੇਰੀ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਹਰ ਕੰਮ ਵਾਲੇ ਦਿਨ ਖੁੱਲੀ ਰਹੇਗੀ। ਇੱਥੇ ਬੱਚਿਆਂ ਦੇ ਬੈਠਣ ਲਈ ਸੁਚੱਜਾ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਸਕੱਤਰ ਰੈਡ ਕਰਾਸ ਸ਼੍ਰੀ ਨਵੀਨ ਗਡਵਾਲ, ਪੈਟਰਨ ਸ਼੍ਰੀ ਵਿਕਰਮਜੀਤ ਸਿੰਘ ਤੋਂ ਇਲਾਵਾ ਰੈਡ ਕਰਾਸ ਦਾ ਸਟਾਫ਼ ਵੀ ਮੌਜੂਦ ਸੀ।
---ਲਾਇਬ੍ਰੇਰੀ ਵਿਖੇ ਮੁਹੱਈਆ ਹਨ ਇਹ ਕਿਤਾਬਾਂ
ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਅੱਖਰ ਗਿਆਨ, ਗਿਣਤੀ ਅਤੇ ਚਿੱਤਰ ਕਿਤਾਬ ਛੋਟੇ ਬੱਚਿਆਂ ਲਈ, ਕਹਾਣੀਆਂ ਦਾ ਸੰਗਰਹਿ ਤਿੰਨਾਂ ਭਾਸ਼ਾਵਾਂ ਵਿੱਚ 3 ਤੋਂ 15 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ, ਇਨਸਾਈਕਲੋਪੀਡੀਆ (ਹਰ ਇੱਕ ਵਿਸ਼ੇ ਦੇ ਗਿਆਨ ਸਬੰਧੀ ਕਿਤਾਬ) ਦੀਆਂ 5 ਤੋਂ 6 ਕਾਪੀਆਂ। ਅੰਗਰੇਜ਼ੀ ਦੇ ਲੇਖਕ ਰਸਕਿਨ ਬਾਂਡ, ਅਗਾਥਾ ਕ੍ਰਿਸਟੀ ਦੀਆਂ ਕਿਤਾਬਾਂ ਅਤੇ ਜਸੂਸ ਸ਼ੇਰਲਾਕ ਹੋਮਸ ਦੀਆਂ ਕਿਤਾਬਾਂ ਵੀ ਹਨ।