ਲੁਧਿਆਣਾ: 23 ਜੂਨ 2018: ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲੇ ਵਿਭਾਗ ਦੇ ਪ੍ਰਬੰਧ ਹੇਂਠ ਕਾਰਜਸ਼ੀਲ ਇਸ਼ਮੀਤ ਮਿਊਜ਼ਕ
ਇੰਸਟੀ ਚਿਊਟ ਰਾਜਗੁਰੂ ਨਗਰ ਲੁਧਿਆਣਾ ਵੱਲੋਂ 24 ਜੂਨ ਸਵੇਰੇ 11.30 ਵਜੇ ਵੀਹਵੀਂ ਸਦੀ ਦੇ ਸਰਵੋਤਮ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੇ ਜਨਮ ਦਿਨ ਨੂੰ ਸਮਰਪਿਤ ਸਮਾਰੋਹ 24 ਜੂਨ ਸਵੇਰੇ ਕਰਵਾਇਆ ਜਾ ਰਿਹਾ ਹੈ।
ਇਸ ਵਿੱਚ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀਆਂ ਚੋਣਵੀਆਂ ਲਿਖਤਾਂ ਦਾ ਗਾਇਨ ਕੀਤਾ ਜਾਵੇਗਾ।
ਇੰਸਟੀ ਚਿਊਟ ਦੇ ਡਾਇਰੈਕਟਰ ਡਾ: ਚਰਨ ਕੰਵਲ ਸਿੰਘ ਨੇ ਦੱਸਿਆ ਕਿ ਇਸ ਦਾ ਆਰੰਭ ਇੰਸਟੀਚਿਊਟ ਦੇ ਗਵਰਨਿੰਗ ਬੋਰਡ ਮੈਂਬਰ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਪ੍ਰੋ: ਗੁਰਭਜਨ ਸਿੰਘ ਗਿੱਲ ਵੱਲੋਂ ਕਰਨੈਲ ਸਿੰਘ ਪਾਰਸ: ਜੀਵਨ ਤੇ ਰਚਨਾ ਬਾਰੇ ਉਦਘਾਟਨੀ ਭਾਸ਼ਨ ਤੋਂ ਹੋਵੇਗਾ। ਸਮਾਗਮ ਚ ਸ: ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੇ ਪਰਿਵਾਰਕ ਮੈਂਬਰ ਵੀ ਬੁਲਾਏ ਗਏ ਹਨ।
ਉਨ੍ਹਾਂ ਕਿਹਾ ਕਿ ਨੇੜ ਭਵਿੱਖ ਵਿੱਚ ਬਾਬੂ ਰਜਬ ਅਲੀ, ਸ: ਸੋਹਨ ਸਿੰਘ ਸੀਤਲ, ਨੰਦ ਲਾਲ ਨੂਰਪੁਰੀ, ਅੰਮ੍ਰਿਤਾ ਪ੍ਰੀਤਮ, ਪ੍ਰੋ: ਮੋਹਨ ਸਿੰਘ,ਇੰਦਰਜੀਤ ਹਸਨਪੁਰੀ ਤੇ ਸ: ਗੁਰਦੇਵ ਸਿੰਘ ਮਾਨ ਨੂੰ ਸਮਰਪਿਤ ਸਮਾਰੋਹ ਵੀ ਕਰਵਾਏ ਜਾਣਗੇ। ਦਸੰਬਰ ਮਹੀਨੇ ਚ ਕੌਮੀ ਪੱਧਰ ਦਾ ਦੋ ਰੋਜ਼ਾ ਹੀਰ ਵਾਰਿਸ ਸ਼ਾਹ: ਗਾਇਕੀ ਮੇਲਾ ਵੀ ਯੋਜਨਾ ਅਧੀਨ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਰੋਹਾਂ ਵਿੱਚ ਕੋਈ ਵੀ ਕਲਾ ਪ੍ਰੇਮੀ ਸ਼ਾਮਿਲ ਹੋ ਸਕਦਾ ਹੈ। ਦਾਖ਼ਲਾ ਬਿਲਕੁਲ ਮੁਫ਼ਤ ਹੈ।