ਲੁਧਿਆਣਾ - ਹਾਕੀ ਇੰਡੀਆ ਦੀਆਂ ਹਦਾਇਤਾਂ 'ਤੇ ਹਾਕੀ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ 'ਓਲੰਪਿਕ ਡੇਅ' ਬਹੁਤ ਹੀ ਖੇਡ ਭਾਵਨਾ ਅਤੇ ਸਤਿਕਾਰ ਨਾਲ ਖੇਡ ਕੰਪਲੈਕਸ ਜਰਖੜ ਵਿਖੇ ਮਨਾਇਆ। ਇਸ ਮੌਕੇ ਸਥਾਨਕ ਬੱਚਿਆਂ ਦੀਆਂ 4 ਟੀਮਾਂ ਤਿਆਰ ਕੀਤੀਆਂ ਗਈਆਂ ਤੇ ਉਹਨਾਂ ਦੇ ਪ੍ਰਦਰਸ਼ਨੀ ਮੈਚ ਕਰਵਾਏ ਗਏ। ਜੂਨੀਅਰ ਵਰਗ 'ਚ ਜਰਖੜ ਹਾਕੀ ਅਕੈਡਮੀ ਨੇ ਓਲੰਪੀਅਨ ਪ੍ਰਿਥੀਪਾਲ ਸਿੰਘ ਇਲੈਵਨ ਨੂੰ 4-1 ਨਾਲ ਹਰਾਇਆ ਜਦਕਿ ਸੁਰਜੀਤ ਹਾਕੀ ਇਲੈਵਨ ਨੇ ਘਵੱਦੀ ਸਕੂਲ ਨੂੰ 3-1 ਨਾਲ ਹਰਾਇਆ। ਇਸ ਮੌਕੇ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਬੱਚਿਆਂ ਨੂੰ ਓਲੰਪਿਕ ਡੇਅ ਦੀ ਮਹਾਨਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਆਖਿਆ, ਜੇਕਰ ਤੁਸੀਂ ਦੁਨੀਆਂ ਦੇ ਖੇਡਾਂ ਦੇ ਖੇਤਰ 'ਚ ਆਪਣੀ ਪਹਿਚਾਣ ਬਣਾਉਣੀ ਹੈ ਤਾਂ ਸਾਨੂੰ ਵੱਧ ਤੋਂ ਵੱਧ ਓਲੰਪਿਕ ਖੇਡਾਂ ਵੱਲ੍ਹ ਧਿਆਨ ਕੇਂਦਰਿਤ ਕਰਨਾ ਪਵੇਗਾ। ਉਨ੍ਹਾਂ ਆਖਿਆ ਕਿ 'ਓਲੰਪਿਕ ਡੇਅ' ਸਾਨੂੰ ਖੇਡ ਭਾਵਨਾ ਅਨੁਸ਼ਾਸਨ ਅਤੇ ਜ਼ਿੰਦਗੀ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਆਖਿਆ 'ਓਲੰਪਿਕ ਡੇਅ' ਇਕ ਖੇਡਾਂ ਦਾ ਜ਼ਰੀਆ ਹੀ ਨਹੀਂ, ਸਗੋਂ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਦਾ ਪ੍ਰਤੀਕ ਵੀ ਹੈ। ਇਸ ਮੌਕੇ ਅਕੈਡਮੀ ਦੇ ਪ੍ਰਬੰਧਕ ਪਰਮਜੀਤ ਸਿੰਘ ਨੀਟੂ, ਪ੍ਰਧਾਨ ਅਡਵੋਕੇਟ ਹਰਕਮਲ ਸਿੰਘ, ਸ਼ਿੰਗਾਰਾ ਸਿੰਘ ਜਰਖੜ, ਕੋਚ ਪਰਗਟ ਸਿੰਘ, ਰਵਿੰਦਰ ਸਿੰਘ ਕਾਲਾ ਘਵੱਦੀ, ਸੰਦੀਪ ਸਿੰਘ ਪੰਧੇਰ, ਮਨਦੀਪ ਸਿੰਘ, ਯਾਦਵਿੰਦਰ ਸਿੰਘ ਤੂਰ, ਤੇਜਿੰਦਰ ਸਿੰਘ, ਸੋਮਾ ਸਿੰਘ ਰੋਮੀ, ਰਣਜੀਤ ਸਿੰਘ ਦੁਲੇਂਅ, ਲਵਦੀਪ ਸਿੰਘ ਅਜੇਪਾਲ ਸਿੰਘ,ਗੁਰਜੀਤ ਸਿੰਘ ਗੱਜੂ ਗਾਜੀ ਆਦਿ ਹੋਰ ਪ੍ਰਬੰਧਕ ਹਾਜ਼ਰ ਸਨ।