ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ
ਫ਼ਤਹਿਗੜ੍ਹ ਸਾਹਿਬ, 23 ਜੂਨ:( ਦੀਦਾਰ ਗੁਰਨਾ ) ਫ਼ਤਹਿਗੜ੍ਹ ਸਾਹਿਬ ਹਲਕੇ ਦੀਆਂ 207.51 ਕਿਲੋਮੀਟਰ ਲੰਮੀਆਂ 65 ਸੜਕਾਂ ਜਿਨ੍ਹਾਂ ਵੱਲ ਪਿਛਲੇ 10 ਸਾਲਾਂ ਵਿੱਚ ਅਕਾਲੀਆਂ ਨੇ ਧਿਆਨ ਹੀ ਨਹੀਂ ਦਿੱਤਾ, ਉਨ੍ਹਾਂ ਸੜਕਾਂ ਦੀ ਮੁਰੰਮਤ ਲਈ ਪੰਜਾਬ ਸਰਕਾਰ ਵੱਲੋਂ ਮਨਜੂਰੀ ਦੇ ਦਿੱਤੀ ਹੈ ਅਤੇ ਇਨ੍ਹਾਂ ਸੜਕਾਂ ਦੇ ਕੰਮ ਦੇ ਟੈਂਡਰ ਲੱਗ ਚੁੱਕੇ ਹਨ ਤੇ ਛੇਤੀ ਹੀ ਇਨ੍ਹਾਂ ਦਾ ਕੰਮ ਸ਼ੁਰੂ ਹੋ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਤੇ 21 ਕਰੋੜ 46 ਲੱਖ 19 ਹਜਾਰ ਰੁਪਏ ਦਾ ਖਰਚਾ ਆਵੇਗਾ ਅਤੇ ਇਹ ਸੜਕਾਂ ਬਣਨ ਨਾਲ ਹਲਕੇ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਦੀਆਂ ਸਹੂਲਤਾਂ ਮਿਲਣਗੀਆਂ ਤੇ ਕਿਸਾਨਾਂ ਨੂੰ ਖੇਤਾਂ ਵਿੱਚੋਂ ਫਸਲ ਦੀ ਢੋਆ ਢੁਆਈ ਵਿੱਚ ਵੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ 65 ਸੜਕਾਂ ਵਿੱਚੋਂ 126.59 ਕਿਲੋਮੀਟਰ ਲੰਮੀਆਂ ਸੜਕਾਂ ਸਰਹਿੰਦ ਸਬ ਡਵੀਜ਼ਨ ਵਿੱਚ ਪੈਂਦੀਆਂ ਹਨ ਜਿਨ੍ਹਾਂ ਦੀ ਮੁਰੰਮਤ ਤੇ 13 ਕਰੋੜ 6 ਲੱਖ 60 ਹਜਾਰ ਰੁਪਏ ਖਰਚ ਕੀਤੇ ਜਾਣਗੇ ਜਦੋਂ ਕਿ ਚਨਾਰਥਲ ਸਬ ਤਹਿਸੀਲ ਵਿੱਚ ਪੈਂਦੀਆਂ 80.92 ਕਿਲੋਮੀਟਰ ਲੰਮੀਆਂ 26 ਸੜਕਾਂ ਦੀ ਮੁਰੰਮਤ ਤੇ 8 ਕਰੋੜ 39 ਲੱਖ 59 ਹਜਾਰ ਰੁਪਏ ਖਰਚ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਦੀ ਤਰੱਕੀ ਉਥੋਂ ਦੇ ਆਵਾਜਾਈ ਦੇ ਬਿਹਤਰ ਢਾਂਚੇ ਤੇ ਹੀ ਨਿਰਭਰ ਕਰਦੀ ਹੈ।
ਸ. ਨਾਗਰਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੇਪਟਨ ਅਮਰਿੰਦਰ ਸਿੰਘ ਨੇ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਲਈ ਕਈ ਅਹਿਮ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ ਤਾਂ ਜੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨਾਲ ਜੁੜੇ ਫ਼ਤਹਿਗੜ੍ਹ ਸਾਹਿਬ ਹਲਕੇ ਨੂੰ ਇੱਕ ਨਮੂਨੇ ਦਾ ਹਲਕਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਬਹੁਤ ਲੰਮੇ ਸਮੇਂ ਤੋਂ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਨ ਦੀ ਮੰਗ ਸੀ ਅਤੇ ਉਨ੍ਹਾਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਵੀ ਕੀਤਾ ਸੀ ਜੋ ਕਿ ਕੇਪਟਨ ਸਰਕਾਰ ਵੱਲੋਂ ਮਨਜੂਰੀ ਮਿਲਣ ਉਪਰੰਤ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦਾ ਇਤਿਹਾਸ ਗਵਾਹ ਹੈ ਕਿ ਇਸ ਪਵਿੱਤਰ ਧਰਤੀ ਦੇ ਵਿਕਾਸ ਲਈ ਸਿਰਫ ਕਾਂਗਰਸ ਪਾਰਟੀ ਦੀ ਸਰਕਾਰ ਨੇ ਹੀ ਤਰਜੀਹ ਦਿੱਤੀ ਹੈ ਜਦੋਂ ਕਿ ਆਪਣੇ ਆਪ ਨੂੰ ਪੰਥ ਹਿਤੈਸ਼ੀ ਕਹਾਉਣ ਵਾਲੇ ਅਕਾਲੀਆਂ ਨੇ ਪੰਜਾਬ ਨੂੰ ਲੁੱਟਣ ਤੋ ਬਿਨਾਂ ਕੁਝ ਨਹੀਂ ਕੀਤਾ।
ਵਿਧਾਇਕ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਅਕਾਲੀਆਂ ਨੇ ਪੰਜਾਬ ਨੂੰ ਹਰੇਕ ਪੱਖੋਂ ਤਬਾਹ ਕਰ ਕੇ ਰੱਖ ਦਿੱਤਾ ਹੈ ਤੇ ਅਕਾਲੀਆਂ ਦੀਆਂ ਗਲਤ ਨੀਤੀਆਂ ਕਾਰਨ ਹੀ ਪੰਜਾਬ ਸਿਰ 2 ਲੱਖ ਕਰੋੜ ਦੇ ਘਾਟੇ ਦਾ ਖਜਾਨਾਂ ਮੌਜੂਦਾ ਸਰਕਾਰ ਨੂੰ ਮਿਲਿਆ ਹੈ ਜਿਸ ਦਾ ਰੋਜਾਨਾਂ ਇੱਕ ਹਜਾਰ ਕਰੋੜ ਵਿਆਜ ਸਰਕਾਰ ਨੂੰ ਭਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਜੇਕਰ ਅਕਾਲੀ ਪੰਜਾਬ ਦੇ ਵਿਕਾਸ ਲਈ ਕੁਝ ਕਰਦੇ ਤਾਂ ਅੱਜ ਪੰਜਾਬ ਦਾ ਇਹ ਹਾਲ ਨਹੀਂ ਹੋਣਾ ਸੀ। ਉਨ੍ਹਾਂ ਕਿਹਾ ਕਿ ਅਕਾਲੀਆਂ ਦੀਆਂ ਗਲਤੀਆਂ ਕਾਰਨ ਹੀ ਪੰਜਾਬ ਦਾ ਕਿਸਾਨ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਹੈ, ਨੌਜਵਾਨ ਨਸ਼ਿਆਂ ਦੇ ਦਲਦਲ ਵਿੱਚ ਫਸ ਗਏ ਤੇ ਬੋਰੋਜ਼ਗਾਰੀ ਹੱਦਾਂ ਟੱਪ ਗਈ ਹੈ ਜਦੋਂ ਕਿ ਕੈਪਟਨ ਸਰਕਾਰ ਜਿਥੇ ਰਾਜ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੜਾਅਵਾਰ ਪੂਰਾ ਕਰੇਗੀ ਉਥੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਜਿਸ ਨਾਲ ਵੱਡੀ ਪੱਧਰ ਤੇ ਬੇਰੋਜ਼ਗਾਰਾਂ ਨੂੰ ਵੱਖਵੱਖ ਕੰਪਨੀਆਂ ਵਿੱਚ ਨੌਕਰੀਆਂ ਮਿਲੀਆਂ ਹਨ।