← ਪਿਛੇ ਪਰਤੋ
ਚੰਡੀਗੜ੍ਹ, (ਬਾਬੂਸ਼ਾਹੀ ਬਿਊਰੋ) - ਰੂਪਨਗਰ ਤੋਂ ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਅੱਜ ਹਮਲੇ ਤੋਂ ਬਾਅਦ ਮੀਡੀਆ ਸਾਹਮਣੇ ਬਿਆਨ ਦਿੰਦਿਆਂ ਅਜਵਿੰਦਰ ਸਿੰਘ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਲਗਾਏ ਤਮਾਮ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ। ਸੰਦੋਆ ਨੇ ਅਜਵਿੰਦਰ ਨਾਲ ਆਪਣੇ ਤੁਅੱਲਕ ਦੇ ਸਵਾਲ ਦਾ ਜਵਾਬ ਦਿੰਦਿਆਂ ਆਖਿਆ ਕਿ ਉਹ ਮਹਿਜ਼ ਚੋਣਾਂ ਦੌਰਾਨ ਉਸ ਨਾਲ ਪ੍ਰਚਾਰ ਦੌਰਾਨ ਨਾਲ ਸੀ, ਇਸਤੋਂ ਇਲਾਵਾ ਉਨ੍ਹਾਂ ਦਾ ਕੋਈ ਹੋਰ ਨਾਤਾ ਨਹੀਂ ਹੈ। ਸੰਦੋਆ ਨੇ ਆਪਣੇ ਬਿਆਨ 'ਚ ਇਹ ਵੀ ਆਖਿਆ ਕਿ ਉਹ ਕਿਸੇ ਤੋਂ ਕੋਈ ਵੀ ਪੈਸਿਆਂ ਦੀ ਮੰਗ ਕਰਨ ਨਹੀਂ ਗਏ ਸਨ। ਉਨ੍ਹਾਂ ਕਿਹਾ ਕਿ ਉਹ ਖੁਦ ਲੱਖਾਂ ਰੁਪਇਆਂ ਦਾ ਕਰਜ਼ਦਾਰ ਹੈ ਅਤੇ ਲੋਕਾਂ ਨੂੰ ਆਪਣੀ ਪ੍ਰਾਪਰਟੀ ਵੇਚ ਕੇ ਪੈਸੇ ਵਾਪਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅੱਜ ਸੋਸ਼ਲ ਮੀਡੀਆ 'ਤੇ ਰੋਪੜ ਵਿਧਾਇਕ ਸੰਦੋਆ ਦੇ ਪੀ.ਏ ਜਸਪਾਲ ਪਾਲੀ ਵੱਲੋਂ ਇੱਕ ਵੀਡੀੳ ਸ਼ੇਅਰ ਕੀਤੀ ਗਈ ਜਿਸ ਵਿਚ ਉਸ ਵੱਲੋਂ ਅਜਵਿੰਦਰ ਨੂੰ ਖੁੱਲ੍ਹਾ ਚੈਲੇਂਜ ਕੀਤਾ ਗਿਆ। ਉਸ ਵੱਲੋਂ ਕਿਹਾ ਗਿਆ ਕਿ ਉਹ 'ਗੋਲੀ ਦਾ ਜਵਾਬ ਗੋਲੀ ਨਾਲ ਦੇਣ ਨੂੰ ਤਿਆਰ ਹੈ'। ਇਸਦੇ ਨਾਲ ਹੀ ਸੰਦੋਆ ਦੇ ਪੀਏ ਵੱਲੋਂ ਨਜਾਇਜ ਮਾਈਨਿੰਗ ਮਾਮਲੇ 'ਤੇ ਅਕਾਲੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਗਿਆ। ਸੰਦੋਆ ਅਤੇ ਉਸਦੇ ਪੀ.ਏ ਸਮੇਤ ਗੰਨਮੈਨਾਂ 'ਤੇ ਬੀਤੇ ਦਿਨੀਂ ਅਵਜਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੇ ਮਾਈਨਿੰਗ ਵਾਲੀ ਜਗ੍ਹਾ 'ਤੇ ਹਮਲਾ ਕਰ ਦਿੱਤਾ ਸੀ। ਜਿਸਤੋਂ ਬਾਅਦ ਸੰਦੋਆ ਨੂੰ ਪੀ.ਜੀ.ਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਸੀ।
Total Responses : 862