ਪਟਿਆਲਾ 23 ਜੂਨ, 2018 ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਵਾਅਦੇ ਤਹਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਹਾਲ ਹੀ ਵਿਚ 2800 ਸਹਾਇਕ ਲਾਈਨਮੈਨ, 300 ਜੇਈਜ਼, 248 ਐਸ.ਐਸ.ਏਜ਼ ਅਤੇ 330 ਐਲ.ਡੀ.ਸੀ.(300 ਪੀ. ਐਸ. ਪੀ. ਸੀ. ਐਲ. ਅਤੇ 30 ਪੀ.ਐਸ.ਟੀ.ਸੀ.ਐਲ.) ਅਸਾਮੀਆਂ ਨੂੰ ਪੂਰਾ ਕਰਨ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਹੋਈ ਹੈ ਅਤੇ ਜਿਸ ਵਿਚੋਂ ਤਕਰੀਬਨ 1800 ਦੇ ਕਰੀਬ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ 4 ਜੂਨ ਨੂੰ ਮੁੱਖ ਮੰਤਰੀ, ਪੰਜਾਬ, ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਵੰਡੇ ਵੀ ਜਾ ਚੁੱਕੇ ਹਨ।
ਇੰਜ:ਬਲਦੇਵ ਸਿੰਘ ਸਰਾਂ, ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਭਰਤੀ ਦੀ ਪ੍ਰਕ੍ਰਿਆ ਨੂੰ ਅੱਗੇ ਵਧਾਉਂਦੇ ਹੋਏ ਪੀ.ਐਸ.ਪੀ.ਸੀ.ਐਲ. ਦੇ ਜਿਨ੍ਹਾਂ ਕਰਮਚਾਰੀਆਂ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ, ਉਨ੍ਹਾਂ ਦੇ 96 ਵਾਰਸਾਂ ਨੂੰ ਵੱਖ ਵੱਖ ਕੇਡਰਾਂ, ਜਿਵੇਂ ਕਿ ਐਲ.ਡੀ.ਸੀ./ਆਰ.ਟੀ.ਐਮ. ਆਦਿ ਵਿਚ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਹਨ।
ਇੰਜ: ਬਲਦੇਵ ਸਿੰਘ ਸਰਾਂ ਵਲੋਂ ਅੱਗੇ ਦੱਸਿਆ ਗਿਆ ਕਿ ਬਹੁਤ ਸਾਰੇ ਪੈਂਡਿੰਗ ਕੇਸਾਂ ਨੂੰ ਮੁਕੰਮਲ ਕਰਨ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਹੋਈ ਹੈ ਅਤੇ ਜਲਦੀ ਹੀ ਤਕਰੀਬਨ 150 ਦੇ ਕਰੀਬ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਵੱਖ ਵੱਖ ਕੇਡਰਾਂ ਵਿਚ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ।
ਇੰਜ:ਬਲਦੇਵ ਸਿੰਘ ਸਰਾਂ ਨੇ ਆਸ ਪ੍ਰਗਟ ਕੀਤੀ ਕਿ ਪੀ.ਐਸ.ਪੀ.ਸੀ.ਐਲ. ਰਾਜ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਜਿਥੇ ਪੰਜਾਬ ਨੂੰ ਖੁਸ਼ਹਾਲ ਬਣਾਏਗਾ, ਇਸ ਦੇ ਨਾਲ ਹੀ ਇਹ ਨੌਜਵਾਨ ਆਪਣਾ ਯੋਗਦਾਨ ਪਾ ਕੇ ਪੰਜਾਬ ਨੂੰ ਹੋਰ ਤਰੱਕੀ ਦੀ ਦਿਸ਼ਾ ਵਿਚ ਲੈ ਕੇ ਜਾਣਗੇ।