ਰਹਿੰਦ ਖੁਹਿੰਦ ਦਾ ਭਰਿਆ ਟੱਬ, ਜਾਂਚ ਕਰਦੀ ਟੀਮ, ਜੈਨ ਸਵੀਟਸ ਦੇ ਭਰੇ ਸੈਂਪਲਾਂ ਨਾਲ ਜਾਂਚ ਟੀਮ, ਅੰਬਾਂ ਦੀ ਸੈਪਲਿੰਗ ਕਰਨ ਮੌਕੇ ਜਾਂਚ ਟੀਮ।
ਮਲੇਰਕੋਟਲਾ, 22 ਜੂਨ 2018 :
ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ੁਰੂਆਤ ਕਰਦਿਆਂ ਸਥਾਨਕ ਐਸ.ਡੀ.ਐਮ.ਡਾ: ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਤੇ ਤਹਿਸੀਲਦਾਰ ਸਿਰਾਜ ਅਹਿਮਦ ਦੀ ਅਗਵਾਈ ਹੇਠ ਸਿਹਤ ਵਿਭਾਗ, ਨਗਰ ਕੌਂਸਲ ਅਤੇ ਮੰਡੀ ਬੋਰਡ ਦੀ ਟੀਮ ਨੇ ਪਿਛਲੇ ਦਿਨੀਂ ਸਥਾਨਕ ਸ਼ਹਿਰ ਦੀ ਨਾਮੀ ਮਠਿਆਈਆਂ ਦੀ ਦੁਕਾਨ ਅਤੇ ਇਕ ਘਿਓ ਬਣਾਉਣ ਵਾਲੀ ਫ਼ੈਕਟਰੀ ਤੇ ਅਚਾਨਕ ਛਾਪੇਮਾਰੀ ਕੀਤੀ।ਇਸ ਦੌਰਾਨ ਸਿਹਤ ਵਿਭਾਗ ਦੇ ਫੂਡ ਸੇਫ਼ਟੀ ਸੰਗਰੂਰ ਦੇ ਸਹਾਇਕ ਫੂਡ ਕਮਿਸ਼ਨਰ ਰਵਿੰਦਰ ਗਰਗ, ਫੂਡ ਅਫ਼ਸਰ ਦਿੱਵਿਆ ਗੌਸਵਾਮੀ, ਏ.ਐਫ.ਐਸ.ਓ ਚਰਨਜੀਤ ਸਿੰਘ, ਤਹਿਸੀਲਦਾਰ ਸਿਰਾਜ ਅਹਿਮਦ ਤੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਉਭੀ ਤੇ ਆਧਾਰਤ ਟੀਮ ਨੇ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਤੇ ਛਾਪਾਮਾਰੀ ਕਰਕੇ ਸੈਂਪਲ ਭਰੇ ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਫੂਡ ਸੇਫ਼ਟੀ ਸੰਗਰੂਰ ਦੇ ਐਡੀਸ਼ਨਲ ਫੂਡ ਕਮਿਸ਼ਨਰ ਰਵਿੰਦਰ ਗਰਗ ਨੇ ਦੱਸਿਆ ਕਿ ਸਬਜ਼ੀ ਮੰਡੀ ਵਿਚ ਦੁਕਾਨ ਨੰਬਰ 11-ਬੀ ਸੁਲਤਾਨ ਫਰੂਟ ਕੰਪਨੀ ਤੇ ਅੰਬਾਂ ਨੂੰ ਪਕਾਉਣ ਲਈ ਮਸਾਲੇ ਦੀਆਂ ਪੁੜੀਆਂ ਰੱਖੀਆਂ ਗਈਆਂ ਹਨ ਜੋ ਕਿ ਗੈਰ ਕਾਨੂੰਨੀ ਹਨ ਦੇ ਸੈਂਪਲ ਲਏ ਗਏ ਹਨ। ਇਸੇ ਤਰ੍ਹਾਂ ਸ਼ਹਿਰ ਦੀ ਮਸ਼ਹੂਰ ਦੁਕਾਨ ਜੈਨ ਸਵੀਟਸ ਤੇ ਵੀ ਛਾਪੇਮਾਰੀ ਕੀਤੀ ਗਈ ਤਾਂ ਇੱਥੇ 6 ਵੱਖ-ਵੱਖ ਵਸਤੂਆਂ ਦੇ ਸੈਂਪਲ ਭਰ ਕੇ ਸੀਲ ਬੰਦ ਕੀਤੇ ਗਏ ਹਨ। ਜਿਹਨਾਂ ਵਿਚ ਦੋ ਸੈਂਪਲ ਚਮਚਮ, ਗੁਲੂਕੋਜ਼, ਚਟਨੀ, ਵੇਸਣ, ਸਕਿੱਮਡ ਪਾਊਡਰ ਦੇ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਮੀਠਿਆਈ ਤਿਆਰ ਕੀਤੀ ਜਾਂਦੀ ਹੈ ਉੱਥੇ ਗੰਦਗੀ ਬਹੁਤ ਹੈ। ਜੋ ਇਹਨਾਂ ਕੋਲ ਲਾਇਸੰਸ ਹੈ ਉਹ 2012 ਵਿਚ ਖਤਮ ਹੋ ਚੁੱਕਿਆ ਹੈ ਉਸ ਨੂੰ ਰੀਨਿਊ ਕਰਵਾਉਣਾ ਮੁਨਾਸਿਬ ਨਹੀਂ ਸਮਝਿਆ ਇਸੇ ਲੁਧਿਆਣਾ ਰੋਡ ਤੇ ਸਥਿਤ ਚੰਪਾ ਦੇਵੀ ਫੂਡ ਪ੍ਰਾਈਵੇਟ ਲਿਮਿਟਡ, ਪਿੰਡ ਬਾਲੇਵਾਲ ਫੈਕਟਰੀ ਵਿਚ ਛਾਪਾਮਾਰੀ ਕੀਤੀ ਜਿਥੇ ਦੁੱਧ, ਦਹੀਂ, ਘਿਓ ਆਦਿ ਦੇ ਸੈਂਪਲ ਭਰ ਕੇ ਸੀਲ ਬੰਦ ਕਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਸਾਰੇ ਸੈਂਪਲਾਂ ਨੂੰ ਜਾਂਚ ਲਈ ਭੇਜਿਆ ਜਾ ਰਿਹਾ ਹੈ। ਰਿਪੋਰਟ ਆਉਂਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਜਦੋਂ ਜੈਨ ਸਵੀਟਸ ਦੇ ਮਾਲਕ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਕਿ ਤੁਸੀਂ ਆਪਣਾ ਲਾਇਸੰਸ ਰੀਨਿਊੁ ਕਿਉਂ ਨਹੀਂ ਕਰਵਾਇਆ ਤਾਂ ਉਹ ਕੋਈ ਠੋਸ ਜਵਾਬ ਨਹੀਂ ਦੇ ਸਕੇ। ਸਟੀਮਰ ਬੁਆਇਲਰ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਕਾਫ਼ੀ ਪੁਰਾਣਾ ਲੱਗਿਆ ਹੋਇਆ ਹੈ। ਜਾਂਚ ਟੀਮ ਨੂੰ ਉਹ ਇਸ ਸਬੰਧੀ ਲੋੜੀਦੇ ਦਸਤਾਵੇਜ ਨਹੀਂ ਵਿਖਾ ਸਕੇ। ਮਧੂ ਸਾਗਰ ਐਗਮਾਰਕ ਫੈਕਟਰੀ ਦੇ ਮਾਲਕ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਬੈਚ ਨੰਬਰ,ਤਿਆਰ ਕਰਨ ਦੀ ਮਿਤੀ ਤੇ ਰੇਟ ਨਾ ਲਿਖਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਕੰਮ ਅਧੂਰਾ ਹੈ ਜਦੋਂ ਸਾਡੀ ਫੈਕਟਰੀ 'ਚੋਂ ਮਾਲ ਬਾਹਰ ਜਾਵੇਗਾ ਤਾਂ ਸਾਰਾ ਕੁੱਝ ਪ੍ਰਿੰਟ ਕੀਤਾ ਜਾਂਦਾ ਹੈ।
ਜਿਕਰਯੋਗ ਹੈ ਕਿ ਜੈਨ ਸਵੀਟਸ ਦੇ ਵਿਚ ਰਹਿੰਦ ਖੂੰਹਦ ਨੂੰ ਇਕੱਠਾ ਕੀਤਾ ਹੋਇਆ ਸੀ ਜਿਸ ਵਿੱਚੋਂ ਬਦਬੂ ਮਾਰ ਰਹੀ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਸਿਹਤ ਵਿਭਾਗ ਦੀ ਟੀਮ ਨੇ ਕਦੇ ਵੀ ਇੱਥੇ ਰੇਡ ਨਹੀਂ ਕੀਤੀ ਤੇ ਲਾਇਸੰਸ 2012 ਵਿਚ ਖਤਮ ਹੋਣ ਤੇ ਵੀ ਫੂਡ ਸਪਲਾਈ ਦੇ ਅਧਿਕਾਰੀਆਂ ਤੇ ਵੀ ਪ੍ਰਸ਼ਨ ਚਿੰਨ੍ਹ ਲੱਗਦਾ ਹੈ ਕਿ ਉਹਨਾਂ ਨੇ ਮਿਆਦ ਖਤਮ ਹੋਣ ਵਾਲਿਆਂ ਤੋਂ ਇਸ ਸਬੰਧੀ ਪੁੱਛ ਪੜਤਾਲ ਕਿਉਂ ਨਹੀਂ ਕੀਤੀ।ਇਸ ਸਬੰਧੀ ਬਤੋਰ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਸਿਰਾਜ ਅਹਿਮਦ ਨੇ ਦੱਸਿਆ ਕਿ ਐਸ.ਡੀ.ਐਮ. ਡਾ: ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਤਹਿਤ ਇਹ ਛਾਪੇਮਾਰੀ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਸ ਨੂੰ ਜਾਰੀ ਰੱਖਿਆ ਜਾਵੇਗਾ।
ਉਹਨਾਂ ਦੱਸਿਆ ਕਿ ਮਲੇਰਕੋਟਲਾ ਸ਼ਹਿਰ ਦੇ ਵਾਸੀਆਂ ਨਾਲ ਸਿਹਤ ਨਾਲ ਖਿਲਵਾੜ ਕਰਨ ਦੀ ਜਿਾਜਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ ਉਹਨਾਂ ਇਹ ਵੀ ਦੱਸਿਆ ਕਿ ਛਾਪੇਮਾਰੀ ਦੌਰਾਨ ਵੱਖ-ਵੱਖ ਥਾਵਾਂ ਤੋਂ ਭਰੇ ਗਏ ਸੈਂਪਲਾਂ ਨੂੰ ਜਾਂਚ ਲਈ ਲੈਬੋਰਟਰੀ ਵਿਚ ਭੇਜ ਦਿੱਤਾ ਗਿਆ ਹੈ ਰਿਪੋਰਟ ਆਉਣ ਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਕਰਵਾਈ ਅਮਲ ਵਿਚ ਲਿਆਂਦੀ ਜਾਵੇਗੀ।