← ਪਿਛੇ ਪਰਤੋ
ਖੰਨਾ (ਗੁਰਮਿੰਦਰ ਸਿੰਘ ਗਰੇਵਾਲ) -ਮਾਛੀਵਾੜਾ 'ਚ ਇਕ ਚਾਹ ਵੇਚਣ ਵਾਲੇ ਪ੍ਰਵਾਸੀ ਦੀ ਕਮਰੇ ਦੀ ਛੱਤ 'ਤੇ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਹਿਚਾਣ ਬਿਹਾਰ ਦੇ ਯੋਗੀ ਸਾਹਨੀਆ ਵਜੋਂ ਹੋਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਕ ਟਰੱਕ 'ਤੇ ਸਵਾਰ ਕੁਝ ਮਜ਼ਦੂਰ ਮ੍ਰਿਤਕ ਦੇ ਕਮਰੇ ਕੋਲੋਂ ਗੁਜ਼ਰ ਰਹੇ ਸਨ ਤੇ ਅਚਾਨਕ ਟਰੱਕ 'ਤੇ ਬੈਠਿਆਂ ਉਨ੍ਹਾਂ ਦੀ ਨਿਗ੍ਹਾ ਛੱਤ 'ਤੇ ਪਈ ਲਾਸ਼ 'ਤੇ ਜਾ ਪਈ। ਜਿਸਤੋਂ ਬਾਅਦ ਉਨ੍ਹਾਂ ਨੇ ਮਾਛੀਵਾੜਾ ਪੁਲਿਸ ਨੂੰ ਇਸ ਬਾਰੇ ਜਾਣਾਕਾਰੀ ਦਿੱਤੀ। ਜਾਣਕਾਰੀ ਤੋਂ ਬਾਅਦ ਐਸਐਚਓ ਮਾਛੀਵਾੜਾ ਸੁਰਿੰਦਰਪਾਲ ਸਿੰਘ ਨੇ ਮੌਕੇ ਦਾ ਦੌਰਾ ਕੀਤਾ ਅਤੇ ਲਾਸ਼ ਦੀ ਜਾਂਚ ਕੀਤੀ ਜਿਸਦੀ ਪਹਿਚਾਣ ਯੋਗੀ ਸਾਹਨੀ ਦੇ ਤੌਰ 'ਤੇ ਹੋਈ। ਲਾਸ਼ 'ਚੋਂ ਬਦਬੂ ਆ ਰਹੀ ਸੀ ਅਤੇ ਮ੍ਰਿਤਕ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਸੀ। ਬਾਅਦ ਵਿੱਚ ਐਸ.ਪੀ. ਜਸਵੀਰ ਸਿੰਘ, ਬਲਜਿੰਦਰ ਸਿੰਘ ਸੀ.ਆਈ.ਏ ਇੰਸਪੈਕਟਰ ਖੰਨਾ, ਡੀ.ਐਸ.ਪੀ ਰਣਜੀਤ ਸਿੰਘ ਬਦੇਸ਼ਾਂ ਨੇ ਵੀ ਮੌਕੇ ਦਾ ਦੌਰਾ ਕਰਕੇ ਜਗ੍ਹਾ ਦੀ ਤਫਤੀਸ਼ ਕੀਤੀ। ਐਸ.ਐਚ.ਓ. ਮਾਛੀਵਾੜਾ ਨੇ ਕਿਹਾ ਕਿ ਮ੍ਰਿਤਕ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਉਹ ਕਈ ਸਾਲਾਂ ਤੋਂ ਇੱਥੇ ਇਕੱਲੇ ਹੀ ਰਹਿ ਰਿਹਾ ਸੀ। ਐਸ.ਐਚ.ਓ ਅਨੁਸਾਰ ਉਹ ਇਸ ਕਤਲ ਦੀ ਹਰ ਪੱਖ ਤੋਂ ਜਾਂਚ ਕਰ ਰਹੇ ਹਨ ਅਤੇ ਜਿੰਨੀ ਜਲਦੀ ਸੰਭਵ ਹੋ ਸਕੇ ਕਥਿਤ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
Total Responses : 930