ਮਲੇਰਕੋਟਲਾ, 22 ਜੂਨ 2018 :
ਐਸ.ਡੀ.ਐਮ. ਮਲੇਰਕੋਟਲਾ ਡਾ: ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਤਹਿਤ ਤਹਿਸੀਲਦਾਰ ਸਿਰਾਜ ਅਹਿਮਦ ਨੇ ਅੱਜ ਵੱਖ-ਵੱਖ ਦਫਤਰਾਂ ਦੀ ਸਵੇਰੇ 9.10 ਵਜੇ ਅਚਨਚੇਤ ਚੈਕਿੰਗ ਕੀਤੀ।ਚੈਕਿੰਗ ਦੌੌਰਾਨ ਵੱਡੀ ਗਿਣਤੀ ਵਿਚ ਅਧਿਕਾਰੀ ਅਤੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸਿਰਾਜ ਅਹਿਮਦ, ਤਹਿਸੀਲਦਾਰ, ਮਲੇਰਕੋਟਲਾ ਨੇ ਦੱਸਿਆ ਕਿ ਅਧਿਕਾਰੀਆਂ/ਕਰਮਚਾਰੀਆਂ ਦੀ ਦਫਤਰਾਂ ਵਿਚ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਲਈ ਐਸ.ਡੀ.ਐਮ. ਮਲੇਰਕੋਟਲਾ ਡਾ: ਪ੍ਰੀਤੀ ਯਾਦਵ ਤੋਂ ਪ੍ਰਾਪਤ ਹੋਏ ਨਿਰਦੇਸ਼ਾਂ ਤਹਿਤ ਅੱਜ ਸਵੇਰੇ ਦਫਤਰ ਕਰ ਅਤੇ ਆਬਕਾਰੀ, ਮਾਲੇਰਕੋਟਲਾ, ਕਿਰਤ ਇੰਸਪੈਕਟਰ, ਮਲੇਰਕੋਟਲਾ, ਦਫਤਰ ਨਗਰ ਕੌਂਸਲ, ਮਲੇਰਕੋਟਲਾ, ਦਫਤਰ ਬੀ.ਡੀ.ਪੀਓ. ਬਲਾਕ ਮਲੇਰਕੋਟਲਾ-1 ਅਤੇ 2 ਤੋੋਂ ਇਲਾਵਾ ਦਫਤਰ ਪੰਚਾਇਤੀ ਰਾਜ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਕਰ ਅਤੇ ਆਬਕਾਰੀ ਦਫਤਰ ਵਿਚ ਜਿਥੇ ਈ.ਟੀ.ਓ. ਤੋਂ ਇਲਾਵਾ 5 ਕਰਮਚਾਰੀ ਗੈਰ ਹਾਜ਼ਰ ਪਾਏ ਗਏ।ਇਸੇ ਤਰ੍ਹਾਂ ਕਿਰਤ ਇੰਸਪੈਕਟਰ ਦੇ ਦਫਤਰ ਨੂੰ ਸਵੇਰੇ 9.20 ਵਜੇ ਤਾਲਾ ਲੱਗਾ ਹੋਇਆ ਸੀ।ਨਗਰ ਕੌਂਸਲ ਮਾਲੇਰਕੋਟਲਾ ਦੇ ਦਫਤਰ ਵਿਚ ਵੀ 8 ਕਰਮਚਾਰੀ ਗੈਰ ਹਾਜ਼ਰ ਪਾਏ ਗਏ।ਇਥੇ ਸਫਾਈ ਦਾ ਮਾੜਾ ਹਾਲ ਵੇਖ ਕੇ ਚੈਕਿੰਗ ਅਧਿਕਾਰੀ ਸ੍ਰੀ ਸਿਰਾਜ ਅਹਿਮਦ ਤਹਿਸੀਲਦਾਰ ਮਾਲੇਰਕੋਟਲਾ ਨੇ ਨਗਰ ਕੌਂਸਲ ਦੇ ਹਾਜ਼ਰ ਸਟਾਫ ਦੀ ਖੂਬ ਝਾੜ ਝੰਬ ਕੀਤੀ।
ਉਪਰੰਤ ਟੀਮ ਵੱਲੋਂ ਬੀ.ਡੀ.ਪੀ.ਓ. ਮਾਲੇਰਕੋਟਲਾ -1 ਅਤੇ ਬੀ.ਡੀ.ਪੀ.ਓ. ਮਾਲੇਰਕੋਟਲਾ-2 ਦੇ ਦਫਤਰ ਦੀ ਅਚਨਚੇਤ ਚੈਕਿੰਗ ਕੀਤੀ ਗਈ।ਚੈਕਿੰਗ ਸਮੇਂ ਜਿਥੇ ਦੋਹਾਂ ਬਲਾਕਾਂ ਦੇ ਬੀ.ਡੀ.ਪੀ.ਓਜ਼ ਗੈਰ ਹਾਜ਼ਰ ਪਾਏ ਗਏ ਉਥੇ ਹੀ ਬੀ.ਡੀ.ਪੀ.ਓ. ਬਲਾਕ ਮਾਲੇਰਕੋਟਲਾ-2 ਦੇ 3 ਕਰਮਚਾਰੀ ਵੀ ਗੈਰ ਹਾਜ਼ਰ ਪਾਏ ਗਏ।ਇਸ ਤੋਂ ਇਲਾਵਾ ਪੰਚਾਇਤੀ ਰਾਜ ਦੇ ਦਫਤਰ ਦੀ ਵੀ ਚੈਕਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਸ੍ਰੀ ਸਿਰਾਜ ਅਹਿਮਦ ਨੇ ਦੱਸਿਆ ਕਿ ਸਰਕਾਰੀ ਕਰਮਚਾਰੀਆਂ ਨੂੰ ਸਮੇਂ ਸਿਰ ਦਫਤਰ ਹਾਜ਼ਰ ਆਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਲੇਟ ਲਤੀਫ਼ ਕਰਮਚਾਰੀਆਂ ਵਿਰੁੱਧ ਬਣਦੀ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਵੀ ਚੈਕਿੰਗ ਜਾਰੀ ਰਹੇਗੀ।