← ਪਿਛੇ ਪਰਤੋ
ਫ਼ਿਰੋਜ਼ਪੁਰ 22 ਜੂਨ (ਗੁਰਿੰਦਰ ਸਿੰਘ) ਨਜਾਇਜ਼ ਕਲੋਨੀਆਂ ਖਿਲਾਫ਼ ਸਖ਼ਤੀ ਵਰਤਨ ਦੇ ਪੰਜਾਬ ਸਰਕਾਰ ਵੱਲੋਂ ਦਿੱਤੇ ਆਦੇਸ਼ਾਂ ਨੂੰ ਲੈਂਡ ਮਾਫੀਏ ਵੱਲੋਂ ਫ਼ਿਰੋਜ਼ਪੁਰ ਅੰਦਰ ਸ਼ਰੇਆਮ ਠੇਂਗਾ ਦਿਖਾਇਆ ਜਾ ਰਿਹਾ ਹੈ। ਸਰਕਾਰ ਦੀਆਂ ਹਦਾਇਤਾਂ ਦੀ ਹੇਠਲੇ ਅਧਿਕਾਰੀ ਕਿੰਨੀ ਕੁ ਪ੍ਰਵਾਹ ਕਰਦੇ ਹਨ ਇਸ ਦੀ ਮਿਸਾਲ ਫ਼ਿਰੋਜ਼ਪੁਰ ਨਗਰ ਕੌਸਲ ਹਦੂਦ ਅੰਦਰ ਧੜੱਲੇ ਨਾਲ ਉਸਾਰੀਆਂ ਜਾ ਰਹੀਆਂ ਨਜਾਇਜ਼ ਕਲੋਨੀਆਂ ਤੋਂ ਮਿਲਦੀ ਹੈ ਜਿੱਥੇ ਕੌਂਸਲ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਇਹ ਗੋਰਖਧੰਦਾ ਦਿਨੋ ਦਿਨ ਵੱਧ ਫੁਲ ਰਿਹਾ ਹੈ। ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬੀਤੇ ਦਿਨੀ ਜਲੰਧਰ ਵਿਖੇ ਕੀਤੇ 'ਸਖ਼ਤ ਐਕਸ਼ਨ' ਅਤੇ 18 ਜੂਨ ਨੂੰ ਫ਼ਿਰੋਜ਼ਪੁਰ ਆਮਦ ਤੋਂ ਭੈਭੀਤ ਹੋਈ ਅਫ਼ਸਰਸ਼ਾਹੀ ਵੱਲੋਂ ਆਪਣੀ ਚਮੜੀ ਨੂੰ ਬਚਾਉਣ ਲਈ ਕੁਝ ਦਿਨ ਫ਼ਿਰੋਜ਼ਪੁਰ ਕੌਸਲ ਹਦੂਦ ਅੰਦਰਲੀਆਂ ਤੇ ਬਾਹਰੀ ਕਲੋਨੀਆਂ ਵਿਚਲੀ ਉਸਾਰੀ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਪਰ ਸਮਾਂ ਬੀਤਦੇ ਹੀ ਇਹ ਕਾਰਜ ਫਿਰ ਤੋਂ ਆਪਣੀ ਚਾਲੇ ਨਿਰੰਤਰ ਤੁਰ ਪਏ ਹਨ ਅਤੇ ਜ਼ਮੀਨ ਮਾਫੀਏ ਵੱਲੋਂ ਨਿਧੱੜਕ ਹੋ ਕੇ ਗੈਰ ਮਨਜ਼ੂਰਸ਼ੁਦਾ ਕਲੋਨੀਆਂ ਅੰਦਰ ਉਸਾਰੀਆਂ ਜੋਰਾਂ ਸ਼ੋਰਾਂ ਨਾਲ ਆਰੰਭ ਦਿੱਤੀਆਂ ਗਈਆਂ, ਜਿਹਨਾਂ ਖਿਲਾਫ ਕਾਰਵਾਈ ਕਰਨ ਤੋਂ ਫ਼ਿਰੋਜ਼ਪੁਰ ਦੀ ਸਮੁੱਚੀ ਅਫ਼ਸਰਸ਼ਾਹੀ ਕੰਨੀ ਕਤਰਾ ਰਹੀ ਪ੍ਰਤੀਤ ਹੁੰਦੀ ਹੈ। ਜਿਕਰਯੋਗ ਹੈ ਕਿ ਨਗਰ ਕੌਸਲ ਫ਼ਿਰੋਜ਼ਪੁਰ ਦੀ ਹਦੂਦ ਅੰਦਰ ਜ਼ਮੀਨ ਮਾਫੀਏ ਵੱਲੋਂ ਕਰੀਬ ਡੇਢ ਦਰਜਨ ਗੈਰ ਮਨਜ਼ੂਰਸ਼ੁਦਾ ਕਲੋਨੀਆਂ ਕੱਟੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਅਜਿਹੀਆਂ ਕਲੋਨੀਆਂ ਨੂੰ ਮਨਜ਼ੂਰੀ ਦੇਣ ਹਿੱਤ ਬਣਾਈ ਜਾ ਰਹੀ ਪਾਲਿਸੀ ਦੇ ਮੱਦੇਨਜ਼ਰ ਲਗਾਈ ਗਈ ਪਾਬੰਦੀ ਦੇ ਬਾਵਜੂਦ ਕਲੋਨਾਈਜ਼ਰਾਂ ਵੱਲੋਂ ਕੱਟੀਆਂ ਨਜਾਇਜ਼ ਕਲੋਨੀਆਂ ਅੰਦਰ ਉਸਾਰੀਆਂ ਧੜੱਲੇ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਨੂੰ ਜ਼ਮੀਨੀ ਮਾਫ਼ੀਏ ਦਾ 'ਰੋਹਬ', ਸਿਆਸੀ ਸ਼ਹਿ ਜਾਂ ਕਥਿਤ ਤੌਰ 'ਤੇ ਅਫ਼ਸਰਸ਼ਾਹੀ ਦੀ ਮਿਲੀਭੁਗਤ ਹੀ ਕਿਹਾ ਜਾ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਵਰਗੇ ਧੜੱਲੇਦਾਰ ਮੰਤਰੀ ਵੱਲੋਂ ਵਰਤੀ ਜਾ ਰਹੀ ਸਖ਼ਤੀ ਦੇ ਬਾਵਜੂਦ ਵੀ ਇਹ ਗੋਰਖਧੰਦਾ ਬਾਦਸਤੂਰ ਜਾਰੀ ਹੈ। ਸਿਤਮਜ਼ਰੀਫੀ ਤਾਂ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਮੀਡੀਆ ਵੱਲੋਂ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ 'ਤੇ ਹਰਕਤ ਵਿੱਚ ਆਈ ਨਗਰ ਕੌਸਲ ਵੱਲੋਂ 23 ਫਰਵਰੀ 2018 ਨੂੰ ਚੰਦ ਕੁ ਕਲੋਨੀਆਂ ਖਿਲਾਫ ਕਾਰਵਾਈ ਕਰਨ ਲਈ ਸਥਾਨਕ ਪੁਲਿਸ ਨੂੰ ਲਿਖ ਕੇ ਆਪਣਾ ਦਾਮਨ ਪਾਕਿ ਸਾਫ ਕਰਨ ਦਾ ਯਤਨ ਕੀਤਾ ਗਿਆ ਸੀ ਪਰ ਅਜਿਹੀਆਂ ਕਲੋਨੀਆਂ ਅਤੇ ਕਲੋਨਾਈਜ਼ਰਾਂ ਖਿਲਾਫ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੇ ਜਾਣ 'ਤੇ ਇਹ ਜ਼ਮੀਨ ਮਾਫੀਆ ਹੋਰ ਵੀ ਧੜੱਲੇ ਨਾਲ ਇਸ ਕਾਰਜ ਵਿੱਚ ਜੁਟਿਆ ਹੋਇਆ ਹੈ। ਸੂਤਰਾਂ ਅਨੁਸਾਰ ਕੁਝ ਕਲੋਨੀਆਂ ਦੇ ਮਾਲਕਾਂ ਖਿਲਾਫ ਕਾਰਵਾਈ ਕਰਨ ਦੇ ਕਈ ਕਈ ਪੱਤਰ ਪੁਲਿਸ ਨੂੰ ਲਿਖੇ ਜਾ ਚੁੱਕੇ ਹਨ ਪਰ ਨਾ ਤਾਂ ਪੁਲਿਸ ਇਹਨਾਂ ਖਿਲਾਫ ਕੋਈ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ ਅਤੇ ਨਾ ਹੀ ਨਗਰ ਕੌਂਸਲ ਕੋਈ ਹੰਭਲਾ ਮਾਰ ਰਹੀ ਹੈ। ਲੰਘੀ 18 ਜੂਨ ਦੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਫ਼ਿਰੋਜ਼ਪੁਰ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਬੰਦ ਕਰਵਾਏ ਗਏ ਕਲੋਨੀਆਂ ਵਿਚਲੇ ਉਸਾਰੀਆਂ ਦੇ ਕੰਮਾਂ ਨੂੰ ਫਿਰ ਤੋਂ ਧੜੱਲੇ ਨਾਲ ਚਾਲੂ ਕਰ ਦਿੱਤਾ ਗਿਆ ਹੈ। ਜਿਸ ਸਬੰਧੀ ਮੀਡੀਆ ਵੱਲੋਂ ਅੱਜ ਇਹ ਮਾਮਲਾ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਈ.ਓ ਚਰਨਜੀਤ ਸਿੰਘ ਦੇ ਵਾਰ ਵਾਰ ਧਿਆਨ ਵਿੱਚ ਲਿਆਉਣ 'ਤੇ ਵੀ ਕੋਈ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਜਾ ਰਹੀ ਅਤੇ ਵਾਰ ਵਾਰ ਇਹ ਕਿਹਾ ਜਾ ਰਿਹਾ ਹੈ ਕਿ 'ਹੁਣੇ ਬੰਦ ਕਰਵਾ ਦਿੰਦੇ ਹਾਂ।' ਉਕਤ ਮਾਮਲਾ ਥਾਣਾ ਸਿਟੀ ਮੁੱਖੀ ਜਸਵੀਰ ਸਿੰਘ ਅਤੇ ਐਸ.ਡੀ.ਐਮ ਫ਼ਿਰੋਜ਼ਪੁਰ ਹਰਜੀਤ ਸਿੰਘ ਸੰਧੂ ਦੇ ਧਿਆਨ ਵਿੱਚ ਲਿਆਉਣ 'ਤੇ ਉਹਨਾਂ ਵੀ ਕੋਈ ਤਸੱਲੀਬਖ਼ਸ਼ ਜਵਾਬ ਨਾ ਦਿੱਤਾ ਜਦ ਕਿ ਉਸਾਰੀਆਂ ਦਾ ਕੰਮ ਨਿਰੰਤਰ ਚੱਲ ਰਿਹਾ ਹੈ। ਇਸ ਸਬੰਧੀ ਜੁਆਇੰਟ ਡਿਪਟੀ ਡਾਇਰੈਕਟਰ (ਸਥਾਨਕ ਸਰਕਾਰਾਂ) ਰਿਦੇਸ਼ ਕਾਲੜਾ ਦਾ ਕਹਿਣਾ ਹੈ ਕਿ ਉਹ ਹੁਣੇ ਈ.ਓ ਨੂੰ ਹਦਾਇਤ ਦਿੰਦੇ ਹਨ ਪਰ ਪਰਨਾਲਾ ਫਿਰ ਵੀ ਉੱਥੇ ਦਾ ਉੱਥੇ ਹੀ ਰਿਹਾ। ਜਦ ਇਹ ਮਾਮਲਾ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਧਿਆਨ ਵਿੱਚ ਲਿਆਉਣਾ ਚਾਹਿਆ ਤਾਂ ਉਹਨਾਂ ਆਦਤਨ ਫੋਨ ਚੁੱਕਣਾ ਵੀ ਮੁਨਾਸਿਬ ਨਾ ਸਮਝਿਆ। ਹੁਣ ਦੇਖਣਾ ਇਹ ਹੈ ਕਿ ਕੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਨਜਾਇਜ਼ ਕਲੋਨੀਆਂ ਖਿਲਾਫ ਵਿੱਢੀ ਮੁਹਿੰਮ ਸਫ਼ਲ ਹੁੰਦੀ ਹੈ ਜਾਂ ਲੈਂਡ ਮਾਫੀਆ ਆਪਣੇ ਦਮ ਨੂੰ ਬਰਕਰਾਰ ਰੱਖ ਪਾਉਂਦਾ ਹੈ।
Total Responses : 928