← ਪਿਛੇ ਪਰਤੋ
ਲੁਧਿਆਣਾ , 22 ਜੂਨ 2018: ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਧਾਇਕ ਅਮਰਜੀਤ ਸਿੰਘ ਸੰਦੋਆ ਤੇ ਰੇਤ-ਬਜਰੀ ਮਾਫੀਆ ਦੇ ਗੁੰਡਿਆਂ ਵਲੋਂ ਮੀਡੀਆ ਅਤੇ ਸੁਰੱਖਿਆ ਮੁਲਜ਼ਮਾਂ ਦੀ ਹਾਜ਼ਰੀ ਵਿਚ ਕੀਤਾ ਕਾਤਲਾਨਾ ਹਮਲਾ ਸਿਧੇ ਤੌਰ ਤੇ ਲੋਕਤੰਤਰ ਦਾ ਕਤਲ ਹੈ ਅਤੇ ਇਸ ਤੋਂ ਸਪੱਸ਼ਟ ਹੈ ਕਿ ਸਰਕਾਰ ਦੀ ਸਹਿ ਤੇ ਰੇ ਰੇਤ ਮਾਫੀਆ ਵਲੋਂ ਸ਼ਰੇਆਮ ਲੁੱਟ ਅਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਮੀਡੀਆ ਦੇ ਨਾਮ ਜਾਰੀ ਇਕ ਬਿਆਨ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਦਰਸ਼ਨ ਸਿੰਘ ਸ਼ੰਕਰ ਨੇ ਕਿਹਾ ਕਿ ਪਹਿਲਾਂ ਵੀ ਸ. ਸੰਦੋਆ ਵਲੋਂ ਨਾਜਾਇਜ਼ ਰੇਤ/ਬਜਰੀ ਮਾਫ਼ੀਏ ਦੀਆਂ ਘਟਨਾਵਾਂ ਨੂੰ ਨੰਗਾ ਕੀਤਾ ਗਿਆ ਸੀ ਪ੍ਰੰਤੂ ਸਰਕਾਰ ਵਲੋ ਕੋਈ ਕਾਰਵਾਈ ਨਾਂ ਕਰਨ ਤੇ ਇਨ੍ਹਾਂ ਗੈਰ ਸਮਾਜਿਕ ਮਾਫੀਏ ਦੇ ਹੌਸਲੇ ਇਨੇਂ ਵਧੇ ਕਿ ਉਨ੍ਹਾਂ ਨੇ ਮੀਡੀਆ ਦੀ ਹਾਜਰੀ ਵਿਚ ਵਧਾਇਕ ਅਤੇ ਉਸ ਦੇ ਗੰਨਮੈਨ ਦੀ ਰੱਜ ਕੇ ਮਾਰ ਕੁੱਟ ਹੀ ਨਹੀਂ ਕੀਤੀ ਸਗੋਂ ਉਨ੍ਹਾਂ ਦੀਆਂ ਦਸਤਾਰਾਂ ਉਤਾਰ ਕੇ ਆਮਿ੍ਧਾਰੀ ਸਿੱਖ ਦੇ ਧਾਰਮਿਕ ਚਿੰਨ੍ਹ ਦੀ ਬੇਅਦਬੀ ਕੀਤੀ ਹੈ। ਸ. ਸ਼ੰਕਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਯਤਨਾਂ ਕਾਰਨ ਸਰਕਾਰ ਵਲੋਂ ਪਹਿਲਾਂ ਬੇਈਹਾਰਾ ਦੀ ਇਹ ਖੱਡ ਕੈਂਸਲ ਕੀਤੀ ਜਾ ਚੁੱਕੀ ਸੀ ਪ੍ਰੰਤੂ ਹੁਣ ਫੇਰ ਉੱਥੇ ਨਾਜਾਇਜ ਮਾਈਨਿੰਗ ਹੋ ਰਹੀ ਸੀ ਜਿਸ ਦਾ ਜਾਇਜ਼ਾ ਲੈਣ ਵਿਧਾਇਕ ਉੱਥੇ ਪੁੱਜੇ ਸਨ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਹਰਸਾਬੇਲਾ ਖੱਡ ਬਾਰੇ ਵੀ ਵਿਧਾਇਕ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰੰਤੂ ਉਸ ਬਾਰੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਤੋਂ ਹੀ ਵੱਖ ਵੱਖ ਤਰਾਂ ਦੇ ਮਾਫੀਆ ਦੇ ਖਿਲਾਫ ਆਵਾਜ਼ ਚੁੱਕਦੀ ਆਈ ਹੈ ਅਤੇ ਇਸ ਦਾ ਹਰਜਾਨਾ ਉਨਾਂ ਦੇ ਵਿਧਾਇਕ ਨੂੰ ਚੁਕਾਉਣਾ ਪਿਆ ਹੈ।ਉਨਾਂ ਕਿਹਾ ਕਿ ਸਰਕਾਰ ਦੀ ਸਹਿ ਪ੍ਰਾਪਤ ਗੁੰਡਾ ਮਾਫੀਆ ਖਿਲਾਫ ਆਵਾਜ਼ ਚੁੱਕਣ ਵਾਲਿਆਂ ਉੱਤੇ ਹਮਲੇ ਹੋ ਰਹੇ ਹਨ ਪ੍ਰੰਤੂ ਪੁਲਿਸ ਅਤੇ ਪ੍ਰਸ਼ਾਸਨ ਅਜਿਹੇ ਮਾਮਲਿਆਂ ਵਿੱਚ ਕੁਝ ਨਹੀਂ ਕਰ ਰਹੇ। ਪ੍ਰੰਤੂ ਆਮ ਆਦਮੀ ਪਾਰਟੀ ਮਾਫੀਆਂ ਖਿਲਾਫ ਆਵਾਜ਼ ਚੁੱਕਣ ਤੋਂ ਡਰੇਗੀ ਨਹੀਂ। ਉਨਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਡਿਪਟੀ ਕਮਿਸ਼ਨਰ ਰਾਹੀਂ ਜਾਂਚ ਸਿਰਫ ਦੋਸ਼ੀਆਂ ਦੀ ਗੁੰਡਾ ਗਰਦੀ ਤੇ ਪਰਦਾ ਪਾਉਣ ਦਾ ਯਤਨ ਮਾਤਰ ਹੈ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਵਣ ਵਿਭਾਗ ਦੇ ਅਧਿਕਾਰੀਆਂ ਉੱਪਰ ਹੋਏ ਹਮਲੇ ਅਤੇ ਹੁਣ ਵਿਧਾਇਕ ਅਤੇ ਸੁਰੱਖਿਆ ਕਰਮਚਾਰੀ ਉੱਤੇ ਹੋਏ ਹਮਲੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਅਹੁਦੇ ਤੇ ਬਣੇ ਰਹਿਣ ਦਾ ਇਖਲਾਕੀ ਅਧਿਕਾਰ ਗੁਆ ਚੁੱਕੇ ਹਨ। ਸ. ਸ਼ੰਕਰ ਨੇ ਅਕਾਲੀ ਦਲ ਦੇ ਰੋਲ ਤੇ ਸਵਾਲ ਖੜ੍ਹੇ ਕਰਦੇ ਕਿਹਾ ਕਿ ਦਲਜੀਤ ਸਿੰਘ ਚੀਮਾ ਅਤੇ ਦੂਜੇ ਅਕਾਲੀ ਨੇਤਾਵਾਂ ਵਲੋਂ ਮਾਫੀਆ ਦੀ ਗੰਡਾਗਰਦੀ ਦੀ ਨਿੰਦਾ ਕਰਨ ਦੀ ਬਜਾਏ ਆਪ ਵਧਾਇਕ ਨੂੰ ਕਸ਼ੁਰਵਾਰ ਸਾਬਿਤ ਕਰਨ ਚ ਲੱਗੇ ਹੋੇ ਨੇ, ਜਿਸ ਤੋਂ ਸਪੱਸ਼ਟ ਹੈ ਕਿ ਉਹ ਅਜੇ ਵੀ ਰੇਤ ਮਾਫੀਏ ਨਾਲ ਰਲੇ ਹੋਏ ਨੇ । ਸ.ਚੀਮਾ ਨੇ ਰੋਪੜ ਤੋਂ ਵਧਾਇਕ ਹੁੰਦੇ ਹੋਏ ਕਦੇ ਵੀ ਨਾਜਾਇਜ਼ ਮਾਇਨਿੰਗ ਦੇ ਖਿਲਾਫ ਕਦੇ ਕਿਉਂ ਮੂੰਹ ਨਹੀਂ ਖੋਹਲਿਆ? ਉਨ੍ਹਾਂ ਪੁਛਿਆ। ਸ. ਸ਼ੰਕਰ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਰੇਤ ਮਾਫੀਏ ਖਿਲਾਫ ਆਪਣਾ ਸੰਘਰਸ਼ ਹੋਰ ਤੇਜ ਕਰੇਗੀ ਅਤੇ ਮੰਗ ਕੀਤੀ ਕਿ ਵਿਧਾਇਕ ਸੰਦੋਆ ਉੱਤੇ ਹੋਏ ਹਮਲੇ ਲਈ ਸੋਸ਼ਲ ਮੀਡਿਆ ਤੇ ਵਾਇਰਲ ਹੋਈਆਂ ਵੀਡੀਓ ਵਿਚ ਸਪੱਸ਼ਟ ਦਿਖਾਈ ਦੇ ਰਹੇ ਦੋਸ਼ੀ ਵਿਅਕਤੀਆਂ ਉੱਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਹਰ ਤਰ੍ਹਾਂ ਦੇ ਮਾਫੀਆਂ ਤੇ ਨਕੇਲ ਕਸ ਕੇ ਹੋ ਰਹੀ ਲੁੱਟ ਨੂੰ ਬੰਦ ਕੀਤਾ ਜਾਵੇ ।
Total Responses : 936