ਈ.ਓ ਨਗਰ ਕੌਂਸਲ ਚਰਨਜੀਤ ਸਿੰਘ
ਫ਼ਿਰੋਜ਼ਪੁਰ 22 ਜੂਨ (ਗੁਰਿੰਦਰ ਸਿੰਘ ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਤਹਿਤ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਕੇ ਚੰਗੀ ਸਿਹਤ ਦੇਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਆਈ.ਏ.ਐਸ ਦੇ ਹੁਕਮਾਂ ਅਨੁਸਾਰ ਦਫ਼ਤਰ ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਆਪਣੇ ਖ਼ਾਲੀ ਪਏ ਪਲਾਟਾਂ ਦੀ ਚਾਰ ਦੀਵਾਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਚਰਨਜੀਤ ਸਿੰਘ ਨੇ ਦੱਸਿਆ ਕਿ ਆਮ ਦੇਖਣ ਵਿੱਚ ਮਿਲਦਾ ਹੈ ਕਿ ਕੁਝ ਸ਼ਹਿਰ ਵਾਸੀਆਂ ਵੱਲੋਂ ਆਪਣੀ ਰਿਹਾਇਸ਼ ਤੋ ਇਲਾਵਾ ਵੀ ਕੁੱਝ ਪਲਾਂਟ ਲੈਂਕੇ ਰੱਖੇ ਹੁੰਦੇ ਹਨ ਪਰ ਉਨ੍ਹਾਂ ਵੱਲੋਂ ਇਨ੍ਹਾਂ ਖ਼ਾਲੀ ਪਲਾਟਾਂ ਦੀ ਚਾਰ ਦੀਵਾਰੀ ਕਰਵਾਉਣ ਕਾਰਨ ਆਸ-ਪਾਸ ਦੇ ਲੋਕਾਂ ਵੱਲੋਂ ਜਿੱਥੇ ਹਨੇਰੇ-ਸਵੇਰੇ ਇਨ੍ਹਾਂ ਖ਼ਾਲੀ ਪਲਾਂਟਾਂ ਵਿਚ ਕੂੜਾ ਸੁੱਟਿਆ ਜਾਂਦਾ ਹੈ, ਉੱਥੇ ਇੰਨਾ ਖ਼ਾਲੀ ਪਲਾਂਟ ਅੰਦਰ ਘਾਹ, ਬੂਟੀ ਆਦਿ ਵੀ ਉੱਗ ਜਾਂਦੀ ਹੈ। ਜਿਸ ਨਾਲ ਜਿੱਥੇ ਇਹ ਦੇਖਣ ਵਿੱਚ ਬੁਰਾ ਲੱਗਦਾ ਹੈ, ਉੱਥੇ ਕਈ ਬਿਮਾਰੀ ਨੂੰ ਵੀ ਸੱਦਾ ਦਿੰਦਾ ਹੈ। ਉਨ੍ਹਾ ਦੱਸਿਆ ਕਿ ਆਉਣ ਵਾਲੇ ਬਰਸਾਤੀ ਮੌਸਮ ਦੌਰਾਨ ਜੇਕਰ ਇੰਨਾ ਪਲਾਂਟ ਅੰਦਰ ਪਾਣੀ ਖੜ੍ਹਾ ਹੋ ਜਾਂਦਾ ਹੈ ਤਾਂ ਮੱਛਰ ਦੀ ਪੈਦਾਵਾਰ ਵਿੱਚ ਵਾਧਾ ਵੀ ਹੋ ਸਕਦਾ ਹੈ ਅਤੇ ਇਸ ਨਾਲ ਮਲੇਰੀਆ/ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
ਚਰਨਜੀਤ ਸਿੰਘ ਨੇ ਦੱਸਿਆ ਕਿ ਦਫ਼ਤਰ ਨਗਰ ਕੌਂਸਲ ਫ਼ਿਰੋਜ਼ਪੁਰ ਵੱਲੋਂ ਬਣਾਈਆਂ 2 ਟੀਮਾਂ ਰਾਹੀ ਸ਼ਹਿਰ ਦਾ ਸਰਵੇ ਕੀਤਾ ਜਾ ਰਿਹਾ ਹੈ ਅਤੇ ਖ਼ਾਲੀ ਪਏ ਬਿਨਾ ਚਾਰ ਦੀਵਾਰੀ ਦੇ ਪਲਾਟ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਅਤੇ ਨੋਟਿਸ ਜਾਰੀ ਹੋਣ ਉਪਰੰਤ ਪਲਾਟਾਂ ਦੀ ਚਾਰ ਦੀਵਾਰੀ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਜਾ ਰਿਹਾ ਹੈ। ਇਸ ਤੋ ਇਲਾਵਾ ਸ਼ਹਿਰ ਅੰਦਰ 3-4 ਦਿਨ ਮੁਨਾਦੀ ਵੀ ਕਰਵਾਈ ਜਾਵੇਗੀ ਤਾਂ ਕਿ ਸ਼ਹਿਰ ਵਾਸੀਆਂ ਨੂੰ ਪਲਾਟਾਂ ਦੀ ਚਾਰ ਦੀਵਾਰੀ ਕਰਵਾਉਣ ਲਈ ਸੂਚਿਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜਿੰਨਾਂ ਪਲਾਟ ਮਾਲਕਾਂ ਨੂੰ ਨੋਟਿਸ ਜਾਰੀ ਹੋ ਜਾਣਗੇ ਉਸ ਤੋ 15-20 ਦਿਨਾਂ ਬਾਅਦ ਜੇਕਰ ਉਸ ਪਲਾਟ ਮਾਲਕ ਵੱਲੋਂ ਇਸ ਦੀ ਚਾਰ ਦੀਵਾਰੀ ਨਾ ਕੀਤੀ ਗਈ ਤਾਂ ਮਿਊਂਸੀਪਲ ਐਕਟ 1911 ਅਨੁਸਾਰ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋ ਜਲਦ ਆਪਣੇ ਖ਼ਾਲੀ ਪਲਾਟ ਦੀ ਚਾਰ ਦੀਵਾਰੀ ਕਰਵਾਉਣ ਅਤੇ ਪਲਾਟ ਨੂੰ ਜ਼ਮੀਨ ਲੈਵਲ ਤੇ ਪੱਧਰਾ ਰੱਖਣ ਤਾਂ ਕਿ ਇਸ ਨਾਲ ਨਾ ਤਾਂ ਲੋਕਾਂ ਦੁਆਰਾ ਇੱਥੇ ਕੂੜਾ ਸੁੱਟਿਆ ਜਾ ਸਕੇ ਤੇ ਨਾ ਹੀ ਬਰਸਾਤ ਦਾ ਪਾਣੀ ਖੜ੍ਹਾ ਹੋ ਸਕੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਰਕਾਰ ਵੱਲੋਂ ਚਲਾਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਤੰਦਰੁਸਤ ਬਣਾਉਣ ਲਈ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ।