ਯੋਗਾ ਤੋਂ ਹੋਣ ਵਾਲੇ ਲਾਭ ਸਬੰਧੀ ਜਾਣਕਾਰੀ ਦਿੰਦੇ ਹੋਏ ਏ ਡੀ ਸੀ ਬਲਬੀਰ ਰਾਜ ਸਿੰਘ
ਜਗਦੀਸ਼ ਥਿੰਦ
ਫਾਜ਼ਿਲਕਾ 22 ਜੂਨ
ਤੰਦਰੁਸਤ ਪੰਜਾਬ ਮਿਸ਼ਨ ਦੇ ਮੰਤਵ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਦੇ ਸਹਿਯੋਗ ਨਾਲ ਚੌਥੇ ਵਿਸ਼ਵ ਕੌਮਾਂਤਰੀ ਯੋਗਾ ਦਿਵਸ ਮੌਕੇ ਫਾਜ਼ਿਲਕਾ ਵਿਖੇ ਯੋਗਾ ਦਿਵਸ ਸਰਬ ਧਰਮ ਯੋਗ ਸਾਧਨਾ ਕੇਂਦਰ (ਯੋਗ ਆਸ਼ਰਮ) ਵਿਖੇ ਮਨਾਇਆ ਗਿਆ। ਇਸ ਦਿਵਸ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਬਲਬੀਰ ਰਾਜ ਸਿੰਘ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਕੇ ਦੀਪ ਜਗਾ ਕੇ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗ ਸਭ ਤੋਂ ਵਧੀਆ ਕਸਰਤ ਹੈ ਇਸ ਨਾਲ ਮਨ ਅਤੇ ਤਨ ਨੂੰ ਸ਼ਕਤੀ ਮਿਲਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਯੋਗ ਸਾਨੂੰ ਰਿਸ਼ੀਆਂ-ਮੁਨੀਆਂ ਤੋਂ ਮਿਲਿਆ ਹੈ ਤੇ ਯੋਗ ਸਾਡੀ ਪੁਰਾਤਨ ਸੱਭਿਅਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਸੂਬਾ ਸਰਕਾਰ ਵੱਲੋਂ ਚਲਾਏ ਗਏ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਜੁੜਨ ਅਤੇ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
ਵੱਖ-ਵੱਖ ਯੋਗ ਮਾਹਰਾਂ ਵੱਲੋਂ ਚੌਥੇ ਅੰਤਰਾਸ਼ਟਰੀ ਯੋਗਾ ਦਿਵਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਯੋਗਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਯੋਗ ਸਾਨੂੰ ਰਿਸ਼ੀਆਂ-ਮੁਨੀਆਂ ਤੋਂ ਪ੍ਰਾਪਤ ਹੋਇਆ ਹੈ ਤੇ ਇਹ ਉਨ੍ਹਾਂ ਵੱਲੋਂ ਬਖਸ਼ੀ ਅਨਮੋਲ ਦਾਤ ਹੈ। ਇਸ ਮੌਕੇ ਆਸ਼ਰਮ ਵਿੱਚ ਹਾਜ਼ਰ ਲੋਕਾਂ ਅਤੇ ਅਧਿਕਾਰੀਆਂ ਨੂੰ ਯੋਗ ਅਤੇ ਵੱਖ-ਵੱਖ ਤਰ੍ਹਾਂ ਦੇ ਆਸਨ ਕਰਵਾਏ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜੇਸ਼ ਸ਼ਰਮਾ, ਜ਼ਿਲ੍ਹਾ ਆਯੁਰਵੈਦਿਕ ਅਫਸਰ ਡਾ. ਜੋਗਿੰਦਰਪਾਲ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ, ਯੋਗ ਮਾਹਰ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਆਮ ਲੋਕ ਆਦਿ ਸ਼ਾਮਲ ਸਨ।