ਨੰਗਲ,13ਜੂਨ( )
ਪੰਜਾਬ ਸਰਕਾਰ ਵੱਲੋਂ ਆਪਣੇ ਪੌਣ-ਪਾਣੀ ਅਤੇ ਆਲੇ-ਦੁਆਲੇ ਨੂੰ ਬਚਾਉਣ ਲਈ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਨਾਲ ਲੋਕਾਂ ਵਿੱਚ ਜਿਸ ਤੇਜੀ ਨਾਲ ਜਾਗਰੂਕਤਾ ਆ ਰਹੀ ਹੈ, ਉਹ ਸਰਕਾਰ ਦਾ ਇੱਕ ਬਹੁਤ ਹੀ ਸੁਚੱਜਾ ਅਤੇ ਸਾਰਥਕ ਉਪਰਾਲਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਮਿਸ਼ਨ ਤੰਦਰੁਸਤ ਪੰਜਾਬ ਸਬੰਧੀ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਫ-ਸੁਥਰਾ ਪੋਣ-ਪਾਣੀ, ਪ੍ਰਦੂਸ਼ਣ ਮੁਕਤ ਵਾਤਾਵਰਣ, ਮਿਲਾਵਟ ਰਹਿਤ ਖਾਦ ਪਦਾਰਥ ਅੱਜ ਦੇ ਸਮੇਂ ਵਿੱਚ ਮਨੁੱਖ ਦੇ ਜੀਵਨ ਵਿੱਚ ਬਹੁਤ ਹੀ ਉਪਯੋਗੀ ਹਨ। ਕਿਸਾਨਾਂ ਵੱਲੋਂ ਘੱਟ ਤੋਂ ਘੱਟ ਕੀਟਨਾਸ਼ਕਾ ਦੀ ਵਰਤੋਂ ਨਾਲ ਕੀਤੀ ਪੈਦਾਵਾਰ ਵੀ ਸਾਡੇ ਜੀਵਨ ਲਈ ਬਹੁਤ ਹੀ ਲਾਭਦਾਇਕ ਹੈ। ਇਸ ਲਈ ਆਪਣੇ ਪੋਣ-ਪਾਣੀ ਨੂੰ ਸਾਫ-ਸੁਥਰਾ ਰੱਖਣ, ਸਵੱਛ ਵਾਤਾਵਰਣ ਅਤੇ ਮਿਲਾਵਟ ਰਹਿਤ ਖਾਦ ਪਦਾਰਥਾਂ ਦੀ ਵਰਤੋਂ ਨਾਲ ਹੀ ਬਿਮਾਰੀਆ ਤੋਂ ਬਚਾਉ ਸੰਭਵ ਹੈ। ਜਿਸਦੇ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਉਣ ਦੀ ਲੋੜ ਹੈ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਿਸ਼ਨ ਤੰਦਰੁਸਤ ਪੰਜਾਬ ਜਿਸ ਤਰ੍ਹਾਂ ਨਾਲ ਸੂਬੇ ਦੇ ਲੋਕਾਂ ਵਿੱਚ ਇੱਕ ਨਿਵੇਕਲੀ ਜਾਗਰੁਕਤਾ ਲੈ ਕੇ ਆਇਆ ਹੈ, ਉਸਨੇ ਇਹ ਸਿੱਧ ਕੀਤਾ ਹੈ ਕਿ ਪੰਜਾਬ ਦੇ ਲੋਕ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੂਸਤੀ ਪ੍ਰਤੀ ਬੇਹੱਦ ਚੇਤੰਨ ਹਨ। ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਅੱਜ ਰਲ-ਮਿਲ ਕੇ ਇਸ ਜਾਗਰੂਕਤਾ ਮੁਹਿੰਮ ਨੂੰ ਇੱਕ ਲਹਿਰ ਦੇ ਰੂਪ ਵਿੱਚ ਚਲਾਉਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੀ ਆਉਣ ਵਾਲੀਆਂ ਪੀੜੀਆਂ ਨੂੰ ਕੁਦਰਤ ਤੋਂ ਮਿਲੇ ਸਾਫ-ਸਵੱਛ ਕੁਦਰਤੀ ਤੋਹਫਿਆਂ ਨੂੰ ਉਨ੍ਹਾਂ ਦੇ ਸਪੁਰਦ ਕਰ ਸਕੀਏ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਾਲ-ਨਾਲ ਸਮਾਜ ਸੇਵੀ ਸੰਗਠਨਾ ਅਤੇ ਆਮ ਲੋਕਾਂ ਨੂੰ ਵੀ ਇਸ ਮਿਸ਼ਨ ਤੰਦਰੁਸਤ ਪੰਜਾਬ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।