ਡੈਟਾ ਲੀਕ ਨੇ ਇੰਡੀਆ ਦੇ ਵੱਡੇ ਟੈਕਸਟਾਈਲ ਗਰੁੱਪ ਟਰਾਈਡੈਂਟ ਨੂੰ ਕਸੂਤਾ ਫਸਾਇਆ
ਚੰਡੀਗੜ੍ਹ :
ਭਾਰਤ ਦਾ ਵੱਡਾ ਟੈਕਸਟਾਈਲ ਗਰੁੱਪ 'ਟ੍ਰਾਈਡੈਂਟ ਗਰੁੱਪ' ਜੋ ਕੈਮੀਕਲ, ਕੈਪਟਿਵ ਊਰਜਾ, ਧਾਗਾ, ਪੇਪਰ ਅਤੇ ਘਰੇਲੂ ਟੈਕਸਟਾਈਲ 'ਚ ਵਪਾਰ ਕਰਦਾ ਹੈ, ਇੱਕ ਵੱਡੀ ਮੁਸੀਬਤ ਵਿਚ ਆ ਘਿਰਿਆ ਹੈ ਕਿੳੇਂਕਿ ਉਸਦਾ ਡੈਟਾ ਅਤੇ ਪਾਸਵਰਡ ਲੀਕ ਹੋ ਗਏ ਹਨ। ਟ੍ਰਾਈਡੈਂਟ ਗਰੁੱਪ ਦੀਆਂ ਬਰਨਾਲਾ, ਪੰਜਾਬ ਅਤੇ ਬੁਧਨੀ, ਮੱਧ ਪ੍ਰਦੇਸ਼ ਵਿਚ ਨਿਰਮਾਣ ਫੈਕਟਰੀਆਂ ਹਨ। ਡੈਟਾ ਲੀਕੇਜ ਅਤੇ ਇਸਦੇ ਸਰਵਰਾਂ ਦੇ ਬਹੁਤੇ ਪਾਸਵਰਡਾਂ ਦੀ ਚੋਰੀ ਨੇ ਕੰਪਨੀ ਨੂੰ ਮੁਸ਼ਕਿਲ 'ਚ ਪਾ ਦਿੱਤਾ ਹੈ। ਸਰਵਰਾਂ ਵਿੱਚ ਕੰਪਨੀਆਂ ਦੇ ਗ੍ਰਾਹਕਾਂ, ਵਿਕਰੇਤਾ, ਸ਼ੇਅਰ ਹੋਲਡਰ, ਕਰਮਚਾਰੀਆਂ, ਕੱਚਾ ਮਾਲ, ਕਾਰੋਬਾਰੀ ਯੋਜਨਾਵਾਂ, ਰਣਨੀਤੀ ਦਸਤਾਵੇਜ਼, ਉਤਪਾਦਾਂ, ਪੇਟੈਂਟ, ਵਿੱਤ, ਮਸ਼ੀਨਾਂ ਅਤੇ ਉਤਪਾਦ ਸਮੇਤ ਸੰਪੂਰਨ ਵਪਾਰਕ ਕਾਰੋਬਾਰ ਸੰਬੰਧੀ ਅੰਕੜੇ ਹਨ। ਪੰਜਾਬ ਦਾ ਸਾਈਬਰ ਕ੍ਰਾਈਮ ਸੈੱਲ ਜੂਨ, 2018 ਦੇ ਪਹਿਲੇ ਹਫ਼ਤੇ ਤੋਂ ਇਸ ਮਾਮਲੇ ਦੀ ਜਾਂਚ 'ਚ ਜੁਟਿਆ ਹੋਇਆ ਹੈ।
ਟ੍ਰਾਈਡੈਂਟ ਗਰੁੱਪ ਦੇ ਪ੍ਰਮੋਟਰ ਰਜਿੰਦਰ ਗੁਪਤਾ ਦੀ ਅਗਵਾਈ ਹੇਠ ਕੰਪਨੀ ਨੇ ਆਪਣੇ ਆਪ ਨੂੰ ਵਿਸ਼ਵ ਵਿਚ ਸਭ ਤੋਂ ਵੱਡਾ ਅਤਿ ਆਧੁਨਿਕ, ਏਕੀਕ੍ਰਿਤ ਘਰੇਲੂ ਟੈਕਸਟਾਈਲ ਨਿਰਮਾਤਾਵਾਂ 'ਚੋਂ ਇੱਕ ਬਣਨ ਲਈ ਤਬਦੀਲ ਕੀਤਾ ਹੈ।
ਕੰਪਨੀ ਦੇ ਗਾਹਕਾਂ ਦੀ ਗਿਣਤੀ ਛੇ ਮਹਾਂਦੀਪਾਂ ਦੇ 100 ਤੋਂ ਵੱਧ ਦੇਸ਼ਾਂ ਵਿਚ ਫੈਲੀ ਹੋਈ ਹੈ। ਜ਼ਿਆਦਾਤਰ ਅਮਰੀਕਾ ਅਤੇ ਯੂਰਪ ਦੇ ਵੱਡੇ ਰੀਟੇਲ ਸਟੋਰ ਇਸ ਦੀ ਗਾਹਕ ਸੂਚੀ ਦਾ ਹਿੱਸਾ ਹਨ।
2004 ਵਿੱਚ 'ਸੈਪ' ਨੂੰ ਲਾਗੂ ਕਰਨ ਲਈ ਕੰਪਨੀ ਪਹਿਲੀਆਂ ਕੁਝ ਨਿਰਮਾਤਾ ਕੰਪਨੀਆਂ ਵਿੱਚੋਂ ਇਕ ਸੀ। ਕੰਪਨੀ ਨੇ ਆਪਣੇ ਸਾਰੇ ਕੌਮੀ ਅਤੇ ਅੰਤਰਰਾਸ਼ਟਰੀ ਦਫ਼ਤਰਾਂ ਨੂੰ ਇਕ ਨੈੱਟਵਰਕ ਵਿੱਚ ਜੋੜਿਆ।
ਕੰਪਨੀ ਨੇ ਆਪਣੇ ਆਈਟੀ ਇਨਫਰਾਸਟ੍ਰਕਚਰ ਮੈਨੇਜਮੈਂਟ ਨੂੰ ਐਨ.ਆਈ.ਆਈ.ਟੀ ਟੈਕਨਾਲੋਜੀਜ਼ ਲਿਮਿਟਡ ਨੂੰ ਆਊਟਸੋਰਸ ਕੀਤਾ ਸੀ ਤਾਂ ਜੋ ਆਈ.ਟੀ ਆਪਰੇਸ਼ਨ ਮੈਨੇਜਮੈਂਟ, ਆਈ.ਟੀ ਸਰਵਿਸ ਮੈਨੇਜਮੈਂਟ, ਸਰਵਿਸ ਲੈਵਲ ਅੇਗਰੀਮੈਂਟ ਫਰੇਮਵਰਕ ਵਰਗੀਆਂ ਸੁਵਿਧਾਵਾਂ ਲੈ ਸਕੇ। ਇਸ ਸਮਝੌਤੇ ਦੀ ਕੁੱਲ ਮਿਆਦ ਤਿੰਨ ਸਾਲ ਹੈ।