ਚੰਡੀਗੜ੍ਹ, 12 ਜੂਨ 2018: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਭਲਾਈ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਵੱਲੋਂ ਅੱਜ ਆਂਗਨਵਾੜੀ ਮੁਲਾਜ਼ਮ ਯੂਨੀਅਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ ਦੀ ਮੰਗਾਂ ਨੂੰ ਹਮਦਰਦੀ ਨਾਲ ਸੁਣਿਆ ਗਿਆ ਅਤੇ ਹੱਲ ਹੋਣ ਵਾਲੀਆਂ ਜਾਇਜ਼ ਮੰਗਾਂ ਮੰਨਣ ਦਾ ਵਿਸ਼ਵਾਸ ਦਿਵਾਇਆ। ਇਸ ਤੋਂ ਇਲਾਵਾ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਨਾਲ ਸਬੰਧਤ ਮਸਲਿਆਂ ਦੇ ਹੱਲ ਲਈ ਸਬੰਧਤ ਮੰਤਰੀਆਂ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ। ਸ੍ਰੀਮਤੀ ਚੌਧਰੀ ਵੱਲੋਂ ਸਾਰੀਆਂ ਧਿਰਾਂ ਨਾਲ ਮੀਟਿੰਗਾਂ ਉਪਰੰਤ 17 ਜੁਲਾਈ ਨੂੰ ਆਂਗਨਵਾੜੀ ਮੁਲਾਜ਼ਮ ਯੂਨੀਅਨਾਂ ਨੂੰ ਮੁੜ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਚੌਧਰੀ ਵੱਲੋਂ ਅੱਜ ਆਂਗਨਵਾੜੀ ਮੁਲਾਜ਼ਮਾਂ ਦੀਆਂ ਤਿੰਨੇ ਜਥੇਬੰਦੀਆਂ ਦੇ ਆਗੂਆਂ ਨਾਲ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀ ਕੇ.ਬੀ.ਐਸ.ਸਿੱਧੂ ਤੇ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ ਵੀ ਹਾਜ਼ਰ ਸਨ। ਯੂਨੀਅਨ ਆਗੂਆਂ ਵਿੱਚ ਸ੍ਰੀਮਤੀ ਹਰਗੋਬਿੰਦ ਕੌਰ, ਸ੍ਰੀਮਤੀ ਊਸ਼ਾ ਰਾਣੀ ਤੇ ਸ੍ਰੀਮਤੀ ਸਰੋਜ ਛਾਬੜੀਵਾਲ ਵੀ ਸ਼ਾਮਲ ਸਨ।
ਮੀਟਿੰਗ ਉਪਰੰਤ ਪ੍ਰੈਸ ਨੂੰ ਵੇਰਵੇ ਦਿੰਦਿਆਂ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਆਂਗਨਵਾੜੀ ਵਰਕਰਾਂ ਦੀਆਂ ਮੰਗਾਂ ਨਾਲ ਵਿਭਾਗ ਨੂੰ ਪੂਰੀ ਹਮਦਰਦੀ ਹੈ ਅਤੇ ਵਿਭਾਗ ਦੀ ਇਹ ਰਾਇ ਹੈ ਕਿ ਜਿਹੜੀਆਂ ਜਾਇਜ਼ ਮੰਗਾਂ ਹੱਲ ਹੋਣ ਵਾਲੀਆਂ ਹਨ, ਉਨ੍ਹਾਂ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਜਿਹੜੀਆਂ ਮੰਗਾਂ ਉਨ੍ਹਾਂ ਦੇ ਵਿਭਾਗ ਦੇ ਦਾਇਰੇ ਤੋਂ ਬਾਹਰ ਦੂਜੇ ਵਿਭਾਗ ਨਾਲ ਸਬੰਧਤ ਹਨ, ਉਨ੍ਹਾਂ ਦੇ ਹੱਲ ਲਈ ਸਬੰਧਤ ਮੰਤਰੀਆਂ ਨਾਲ ਮੀਟਿੰਗ ਕਰ ਕੇ ਪੈਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਵਿੱਤ ਵਿਭਾਗ ਨਾਲ ਸਬੰਧਤ ਮੰਗਾਂ ਸਬੰਧੀ ਉਹ ਜਲਦ ਹੀ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੀਟਿੰਗ ਕਰਨਗੇ। ਇਸੇ ਤਰ੍ਹਾਂ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਵੇਲੇ 26 ਨਵਬੰਰ 2017 ਨੂੰ ਸਿੱਖਿਆ ਤੇ ਸਮਾਜਿਕ ਸੁਰੱਖਿਆ ਵਿਭਾਗ ਵਿਚਾਲੇ ਤੈਅ ਹੋਈਆਂ ਸਾਂਝੀਆਂ ਹਦਾਇਤਾਂ ਨੂੰ ਹੂਬਹੂ ਲਾਗੂ ਕਰਨ ਲਈ ਸਿੱਖਿਆ ਮੰਤਰੀ ਸ੍ਰੀ ਓ. ਪੀ. ਸੋਨੀ ਨਾਲ ਜਲਦ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜਿਹੜੀਆਂ ਉਨ੍ਹਾਂ ਦੇ ਵਿਭਾਗ ਨਾਲ ਸਬੰਧਤ ਮੰਗਾਂ ਹਨ, ਉਨ੍ਹਾਂ ਦੇ ਹੱਲ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਅੱਜ ਮੌਕੇ 'ਤੇ ਹੀ ਮੀਟਿੰਗ ਵਿੱਚ ਨਿਰਦੇਸ਼ ਦੇ ਦਿੱਤੇ ਹਨ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਤਿੰਨੇ ਵਿਭਾਗਾਂ ਦੀਆਂ ਮੀਟਿੰਗਾਂ ਉਪਰੰਤ ਉਨ੍ਹਾਂ ਵੱਲੋ 17 ਜੁਲਾਈ ਨੂੰ ਮੁੜ ਆਂਗਨਵਾੜੀ ਮੁਲਾਜ਼ਮ ਯੂਨੀਅਨ ਆਗੂਆਂ ਨੂੰ ਸੱਦਿਆ ਜਾਵੇ।