ਪਟਿਆਲਾ ਦੀ ਮਾਲ ਰੋਡ 'ਤੇ ਸਥਿਤ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਪਟਿਆਲਾ ਵਿਖੇ ਬੈਂਕ ਅਧਿਕਾਰੀਆਂ ਦਾ ਧੰਨਵਾਦ ਕਰਨ ਪੁੱਜੇ ਪੰਜਾਬ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ ਦੇ ਲਾਭਪਾਤਰੀ ਕਿਸਾਨ।
ਪਟਿਆਲਾ, 10 ਜੂਨ 2018: ''ਪਹਿਲਾਂ ਨੋਟਬੰਦੀ ਫੇਰ ਮਹਿੰਗਾਈ ਅਤੇ ਡੀਜ਼ਲ ਤੇ ਖਾਦਾਂ ਦੇ ਲਗਾਤਾਰ ਬੇਰੋਕ ਵਧਦੇ ਜਾਂਦੇ ਭਾਅ ਸਮੇਤ ਫ਼ਸਲਾਂ ਦੇ ਵਾਜਬ ਮੁੱਲ ਨਾ ਮਿਲਣ ਕਰਕੇ ਕਰਜ਼ੇ ਨੇ ਤਾਂ ਸਾਡਾ ਲੱਕ ਹੀ ਤੋੜ ਦਿੱਤਾ ਸੀ, ਕਿਸੇ ਪਾਸੇ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਸੀ ਆ ਰਹੀ ਅਤੇ ਦਿਲ ਕਰਦਾ ਸੀ ਕਿ ਗਲ 'ਚ ਫਾਹਾ ਪਾ ਕੇ ਕੰਮ ਹੀ ਨਿਬੇੜ ਦਿਆਂ, ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਦੋ-ਦੋ ਲੱਖ ਦੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਤਾਂ ਜਿਉਣ ਦੀ ਆਸ ਮੁੜ ਬੱਝ ਗਈ।'' ਇਹ ਕਹਿਣਾ ਹੈ ਕਿ ਪਟਿਆਲਾ ਜ਼ਿਲੇ ਦੇ ਪਿੰਡ ਗਗਰੋਲਾ (ਸਨੌਰ) ਦੇ ਛੋਟੇ ਕਿਸਾਨ ਜਸਪਾਲ ਸਿੰਘ ਦਾ।
ਪੰਜਾਬ ਸਰਕਾਰ ਦੀ ਕਿਸਾਨ ਕਰਜ਼ਾ ਮੁਆਫ਼ੀ ਸਕੀਮ ਦਾ ਪੂਰਾ ਲਾਭ ਲੈਣ ਵਾਲਾ ਇਹ ਕਿਸਾਨ, ਆਪਣੇ ਵਰਗੇ ਤਿੰਨ ਹੋਰ ਸਾਥੀ ਕਿਸਾਨਾਂ ਸਮੇਤ ਇਥੇ ਮਾਲ ਰੋਡ 'ਤੇ ਸਥਿਤ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਪਟਿਆਲਾ ਵਿਖੇ ਬੈਂਕ ਅਧਿਕਾਰੀਆਂ ਦਾ ਧੰਨਵਾਦ ਕਰਨ ਪੁੱਜਾ ਹੋਇਆ ਸੀ। ਦੋ ਲੜਕੀਆਂ ਦੇ ਪਿਓ ਕਿਸਾਨ ਜਸਪਾਲ ਸਿੰਘ ਦਾ ਕਹਿਣਾਂ ਸੀ ਕਿ, 'ਉਸ ਕੋਲ ਵੀ 6 ਕਿੱਲੇ ਪੈਲੀ ਸੀ, ਪੰ੍ਰਤੂ ਮਾੜੇ ਹਾਲਾਤ, ਘਰੇਲੂ ਲੋੜਾਂ ਤੇ ਮਜ਼ਬੂਰੀਆਂ ਕਰਕੇ ਇਹ ਵਿਕਕੇ 2 ਕਿੱਲਿਆਂ ਤੱਕ ਸੁੰਗੜ ਗਈ ਪਰ ਕਰਜ਼ੇ ਦੀ ਪੰਡ ਵਧਕੇ 2 ਲੱਖ ਰੁਪਏ ਹੋ ਗਈ। ਹੁਣ 2 ਕਿੱਲਿਆਂ ਦਾ ਠੇਕਾ ਕੇਵਲ 80 ਹਜ਼ਾਰ ਤੇ ਕਰਜ਼ਾ ਮੁੜਨ ਦੀ ਕੋਈ ਆਸ ਨਾਂ ਰਹੀ ਤੇ ਮੈਂ ਇਸ ਜਹਾਨੋਂ ਕੂਚ ਕਰਨ ਦੀ ਸੋਚਣ ਲੱਗਾ।'
ਹੰਝੂ ਵਹਿੰਦੀਆਂ ਅੱਖਾਂ ਨਾਲ ਜਸਪਾਲ ਸਿੰਘ ਨੇ ਕਿਹਾ ਕਿ ''ਜਿਊਂਦਾ ਰਹੇ ਕੈਪਟਨ ਅਮਰਿੰਦਰ ਸਿੰਘ ਤੇ ਉਸਦੀ ਸਰਕਾਰ, ਜਿਸਨੇ ਸਾਡੀ ਬਾਂਹ ਫੜੀ ਤੇ ਮੇਰਾ ਕਰਜ਼ੇ ਵਾਲਾ ਚਰਖਾ ਟੁੱਟਾ ਤੇ ਮੇਰੀ ਜਿੰਦਗੀ ਦੀ ਨਵੀਂ ਸ਼ੁਰੂਆਤ ਹੋਈ।'' ਇਸੇ ਕਿਸਾਨ ਵਰਗੀ ਬਾਤ ਪਾਉਂਦਿਆਂ ਨਾਭਾ ਨੇੜਲੇ ਪਿੰਡ ਹਿਆਣਾ ਖੁਰਦ ਦੇ ਦਰਸ਼ਨ ਸਿੰਘ, ਜਿਸਦਾ ਡੇਢ ਲੱਖ ਰੁਪਏ ਕਰਜ਼ਾ ਮੁਆਫ਼ ਹੋਇਆ ਹੈ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਾਰ-ਵਾਰ ਧੰਨਵਾਦ ਕਰਦਿਆਂ ਕਿਹਾ ਕਿ ਉਹਨੇ ਤਾਂ ਇਸ ਕਰਜ਼ੇ ਦਾ ਵਿਆਜ ਵੀ ਨਹੀਂ ਸੀ ਮੋੜ ਸਕਣਾ।
ਜਦੋਂਕਿ ਪਿੰਡ ਕਟਖੇੜੀ ਦੇ ਕਿਸਾਨ ਹਰਜੀਤ ਸਿੰਘ, ਜਿਸਦਾ 53 ਹਜ਼ਾਰ ਕਰਜ਼ਾ ਮੁਆਫ਼ ਹੋਇਆ ਹੈ, ਨੇ ਵੀ ਇਹੋ ਗੱਲ ਆਖੀ ਕਿ ਉਸਦਾ ਕਰਜ਼ਾ ਮੁਆਫ਼ ਹੋ ਗਿਆ ਤੇ ਉਹ ਹੁਣ ਬੇਫ਼ਿਕਰ ਹੋ ਕੇ ਆਪਣੇ ਨਿਆਣੇ ਪਾਲੇਗਾ। ਇਸੇ ਤਰਾਂ ਪਿੰਡ ਅਸਰਪੁਰ (ਸਨੌਰ) ਦੇ ਵਾਸੀ ਕਾਹਨ ਸਿੰਘ ਜੋ ਕਿ ਕਾਫ਼ੀ ਬਜ਼ੁਰਗ ਹੋ ਚੁੱਕਾ ਹੈ ਦੇ ਸਪੁੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਉਨਾਂ ਦੇ ਸਿਰੋਂ ਵੀ 1.50 ਲੱਖ ਰੁਪਏ ਕਰਜ਼ੇ ਦੀ ਪੰਡ ਉਤਰੀ ਪਰ ਜੇ ਇਹ ਮੁਆਫ਼ੀ ਦਾ ਲਾਭ ਪੰਜਾਬ ਸਰਕਾਰ ਨਾ ਦਿੰਦੀ ਤਾਂ ਉਨਾਂ ਦਾ ਵੀ ਹਾਲ ਮਾੜਾ ਹੀ ਹੋਣਾਂ ਸੀ।
ਇਨਾਂ ਕਿਸਾਨਾਂ ਦਾ ਕਹਿਣਾਂ ਸੀ ਕਿ ਉਨਾਂ ਨੂੰ ਆਪਣਾ ਕਰਜ਼ਾ ਮੁਆਫ਼ ਕਰਵਾਉਣ ਲਈ ਇੱਧਰ-ਉਧਰ ਨਹੀਂ ਭਟਕਣਾ ਪਿਆ ਅਤੇ ਨਾ ਹੀ ਕਿਸੇ ਸਿਫ਼ਾਰਸ਼ ਦੀ ਲੋੜ ਪਈ। ਜਸਪਾਲ ਸਿੰਘ ਕਹਿੰਦਾ ਕਿ, 'ਸਰਕਾਰ ਨੇ ਆਪਣੇ ਆਪ ਕਰਜ਼ੇ ਵਾਲੇ ਕਿਸਾਨਾਂ ਦੀਆਂ ਸੂਚੀਆਂ ਚੁੱਕੀਆਂ ਅਤੇ ਉਨਾਂ ਨੂੰ ਤਾਂ ਘਰ ਬੈਠੇ-ਬੈਠੇ ਪਤਾ ਲੱਗਾ ਕਿ ਉਨਾਂ ਦਾ ਕਰਜ਼ਾ ਮੁਆਫ਼ ਹੋ ਰਿਹੈ।'
ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਪਟਿਆਲਾ ਜ਼ਿਲੇ ਦੇ 23651 ਕਿਸਾਨਾਂ ਦਾ 147.17 ਕਰੋੜ ਰੁਪਏ ਕਰਜਾ ਮੁਆਫ਼ ਕੀਤਾ ਹੈ। ਜਦੋਂ ਕਿ ਕਈ ਕਿਸਾਨਾਂ ਨੂੰ ਤਾਂ ਇਸ ਮੁਆਫ਼ੀ ਦਾ ਪਤਾ ਵੀ ਉਦੋਂ ਚੱਲਿਆ ਜਦੋਂ ਸਹਿਕਾਰੀ ਬੈਂਕ ਵਾਲਿਆਂ ਨੇ ਦੱਸਿਆ ਕਿ ਉਹ ਵੀ ਇਸ ਕਰਜ਼ਾ ਮੁਆਫ਼ੀ ਦੀ ਸੂਚੀ ਵਿੱਚ ਸ਼ਾਮਲ ਹਨ ਅਤੇ ਉਨਾਂ ਦੇ ਲੋਨ ਖਾਤਿਆਂ 'ਤੇ ਘਰ ਬੈਠੇ ਹੀ ਲੀਕ ਵੱਜ ਗਈ।