ਹਲਕਾ ਸਨੋਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
ਪਟਿਆਲਾ, 03 ਜੂਨ 2018 : ਹਲਕਾ ਸਨੋਰ ਦੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਉਹਨਾਂ ਘੱਗਰ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਘੱਗਰ ਦੇ ਪਾਣੀ ਨੂੰ ਟਰੀਟ ਕਰਕੇ ਉਸ ਨੂੰ ਮੁੜ ਤੋਂ ਉਪਯੋਗ ਵਿਚ ਲਿਆਉਣ ਲਈ ਲਿਆਂਦੇ ਗਏ ਗੈਰ ਸਰਕਾਰੀ ਮਤੇ ਨੂੰ ਸਰਕਾਰ ਨੇ ਰੱਦ ਕਰਕੇ ਲੱਖਾਂ ਲੋਕਾਂ ਦੀ ਸਿਹਤ ਪ੍ਰਤੀ ਗੈਰ ਸੰਜੀਦਗੀ ਦਿਖਾਈ ਹੈ। ਉਹ ਆਪਣੇ ਨਿਵਾਸ 'ਤੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਵਿਧਾਇਕ ਚੰਦੂਮਾਜਰਾ ਨੇ ਐਲਾਨ ਕੀਤਾ ਕਿ ਉਹ 6 ਜੂਨ ਦਿਨ ਬੁਧਵਾਰ ਨੂੰ ਘੱਗਰ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਲਈ ਪਿੰਡ ਹਸਨਪੁਰ ਕੰਬਆਂ ਤੋਂ ਇਲਾਕੇ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਣ ਜਾ ਰਹੇ ਹਨ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਉਹਨਾਂ ਵੱਲੋਂ ਮਤਾ ਲਿਆਂਦਾ ਗਿਆ ਸੀ ਕਿ ਘੱਗਰ ਵਿਚ ਲਗਤਾਰ ਇੰਡਸਟਰੀਲਿਸਟਾਂ ਵੱਲੋਂ ਗੰਦਾ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਦੀ ਚੈਕਿੰਗ ਕਰਕੇ ਇਸ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਚਾਹੀਦਾ ਹੈ। ਦੂਜਾ ਉਹਨਾਂ ਵੱਲੋਂ ਪਹਿਲਾਂ ਘੱਗਰ ਵਿਚ 6 ਥਾਵਾਂ ਦੀ ਪਹਿਚਾਣ ਕਰਕੇ ਉਥੇ ਚੈਕ ਡੈਮ ਬਣਾ ਕੇ ਘੱਗਰ ਦੇ ਪਾਣੀ ਨੂੰ ਟਰੀਟ ਕਰਕੇ ਉਸ ਦਾ ਮੁੜ ਤੋਂ ਉਪਯੋਗ ਲਿਆਉਣ ਲਈ ਪ੍ਰਾਜੈਕਟ ਬਣਾਇਆ ਗਿਆ ਉਸ ਨੂੰ ਪੁਰਾ ਕਰਨ ਦੇ ਲਈ ਮਤਾ ਲਿਆਂਦਾ ਗਿਆ ਸੀ, ਸਰਕਾਰ ਵੱਲੋਂ ਦੋਨੋ ਰੱਦ ਕਰ ਦਿੱਤੇ ਗਏ ਹਨ, ਜੋ ਕਿ ਇੱਕ ਮੰਦਭਾਗੀ ਗੱਲ ਕਹੀ ਜਾ ਸਕਦੀ ਹੈ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਇਹ ਮਤਾ ਕੋਈ ਰਾਜਨੀਤਕ ਨਹੀਂ ਸਗੋਂ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜਿਆ ਹੋਇਆ ਸੀ। ਉਹਨਾਂ ਕਿਹਾ ਕਿ ਘੱਗਰ ਦੇ ਆਸੇ ਪਾਸੇ ਰਹਿਣ ਵਾਲੇ ਲੋਕਾਂ ਨੂੰ ਪ੍ਰਦੂਸ਼ਿਤ ਪਾਣੀ ਦੇ ਕਾਰਨ ਕੈਂਸਰ ਅਤੇ ਕਿਡਨੀ ਦੀਆ ਬਿਮਾਰੀਆਂ ਕਾਫੀ ਜਿਆਦਾ ਵਧ ਰਹੀਆਂ ਹਨ। ਕਿਉਂਕਿ ਘੱਗਰ ਵਿਚ ਆ ਰਿਹਾ ਪ੍ਰਦੂਸ਼ਤ ਪਾਣੀ ਸਿੱਧੇ ਤੌਰ 'ਤੇ ਧਰਤੀ ਵਿਚ ਸਿਮ ਜਾਂਦਾ ਹੈ। ਉਹਨਾਂ ਕਿਹਾ ਜਿਥੋਂ ਤੱਕ ਚੈਕ ਡੈਮਾਂ ਦਾ ਸਬੰਧ ਹੈ ਤਾਂ ਇਸ ਨਾਲ ਜਿਥੇ ਘੱਗਰ ਦੇ ਆਸੇ ਪਾਸੇ ਰਹਿਣ ਵਾਲੇ ਕਿਸਾਨਾ ਨੂੰ ਸਸਤੀਆਂ ਦਰਾਂ 'ਤੇ ਸਿੰਚਾਈ ਲਈ ਪਾਣੀ ਉਪਬਲਧ ਰਹੇਗਾ, ਉਥੇ ਧਰਤੀ ਪਾਣੀ ਦਾ ਪੱਧਰ ਵੀ ਉਪਰ ਆਵੇਗਾ। ਇਸ ਮੌਕੇ ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਸਾਬਕਾ ਕੌਂਸਲਰ ਸੁਖਬੀਰ ਅਬਲੋਵਾਲ, ਜਸਵਿੰਦਰਪਾਲ ਸਿੰਘ ਚੱਢਾ, ਪਲਵਿੰਦਰ ਰਿੰਕੂ ਅਤੇ ਬੀਰਦਵਿੰਦਰ ਗੁਥਮੜਾ ਵੀ ਹਾਜ਼ਰ ਸਨ।