ਜਗਦੀਸ਼ ਥਿੰਦ
ਫਾਜ਼ਿਲਕਾ 23 ਮਈ
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਖੇਤੀ ਕਰਜ਼ਿਆਂ ਦੀ ਮੁਆਫ਼ੀ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਤਹਿਸੀਲ ਜਲਾਲਾਬਾਦ ਵਿਖੇ ਢਾਈ ਏਕੜ ਤੱਕ ਦੇ ਮਾਲਕੀ ਜ਼ਮੀਨ ਵਾਲੇ 1302 ਕਿਸਾਨਾਂ ਨੂੰ ਕਰਜ਼ ਮੁਆਫ਼ੀ ਤਹਿਤ ਲਾਭ ਦਿੱਤਾ ਗਿਆ। ਇਸ ਯੋਜਨਾ ਤਹਿਤ 6 ਕਰੋੜ ਰੁਪਏ ਦੀ ਦੂਜੀ ਰਾਸ਼ੀ ਜਾਰੀ ਕੀਤੀ ਗਈ ਅਤੇ ਬਾਕੀ ਰਹਿੰਦੇ ਕਿਸਾਨਾਂ ਨੂੰ ਵੀ ਕਰਜ਼ਾ ਮੁਆਫ਼ੀ ਦਾ ਲਾਭ ਜਲਦ ਦਿੱਤਾ ਜਾਵੇਗਾ। ਇਹ ਜਾਣਕਾਰੀ ਉਪਮੰਡਲ ਮੈਜਿਸਟਰੇਟ ਜਲਾਲਾਬਾਦ ਸ. ਪ੍ਰਿਥੀ ਸਿੰਘ ਨੇ ਸਥਾਨਕ ਕਮਿਉਨਿਟੀ ਹਾਲ ਵਿਖੇ ਕਰਜਾ ਮੁਆਫੀ ਦੇ ਸਰਟੀਫਿਕੇਟ ਜਾਰੀ ਕਰਨ ਮੌਕੇ ਦਿੱਤੀ।
ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਨੇ ਦੱਸਿਆ ਕਿ ਜਲਾਲਾਬਾਦ ਦੇ ਕੁੱਲ 10500 ਕਿਸਾਨਾਂ ਦਾ ਕਰਜਾ ਮੁਆਫ ਕੀਤਾ ਜਾਣਾ ਹੈ ਜਿਸਦੀ ਪਹਿਲੀ ਕਿਸ਼ਤ 1515 ਕਿਸਾਨਾਂ ਨੂੰ 5 ਕਰੋੜ 93 ਲੱਖ ਦੀ ਜਾਰੀ ਕੀਤੀ ਜਾ ਚੁੱਕੀ ਹੈ ਤੇ ਹੁਣ ਦੂਜੀ ਕਿਸ਼ਤ ਜਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ 2. 5 ਏਕੜ ਤੱਕ ਮਾਲਕੀ ਜਮੀਨੀ ਕਿਸਾਨਾਂ ਨੂੰ 2 ਲੱਖ ਰੁਪਏ ਤੱਕ ਦੇ ਕਰਜ਼ ਮੁਆਫ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਰਜ਼ ਮੁਆਫੀ ਦੀ ਅਗਲੀ ਕਿਸ਼ਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਲਦ ਜਾਰੀ ਕੀਤੀ ਜਾਵੇਗੀ।
ਐਸ.ਡੀ.ਐਮ ਸ. ਪ੍ਰਿਥੀ ਸਿੰਘ ਨੇ ਦੱਸਿਆ ਕਿ ਕੈਪਟਨ ਸਰਕਾਰ ਕਿਸਾਨਾਂ, ਮਜ਼ਦੂਰਾਂ ਤੇ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਯਤਨਸ਼ੀਲ ਹੈ। ਉਨ੍ਹਾਂ ਜ਼ਿਲ੍ਹੇ ਦੇ ਢਾਈ ਏਕੜ ਤੋਂ ਉੱਪਰ ਅਤੇ 5 ਏਕੜ ਤੱਕ ਵਾਲੇ ਕਿਸਾਨਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਪਹਿਲੇ ਪੜਾਅ ਵਿੱਚ ਢਾਈ ਏਕੜ ਤੋਂ ਘੱਟ ਵਾਲੇ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ਼ ਕਰਨ ਦੀ ਪ੍ਰਕਿਰਿਆ ਤੋਂ ਬਾਅਦ, ਉਨ੍ਹਾਂ ਦੇ ਮਾਮਲਿਆਂ ਨੂੰ ਮੁਆਫ਼ੀ ਪ੍ਰਕਿਰਿਆ ਅਧੀਨ ਲਿਆਂਦਾ ਜਾ ਰਿਹਾ ਹੈ।
ਇਸ ਦੌਰਾਨ ਪਿੰਡ ਲੱਖੇਵਾਲੀ ਦੇ ਵਸਨੀਕ ਕਿਸਾਨ ਸ੍ਰੀ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਉਹ 1.5 ਏਕੜ ਜ਼ਮੀਨ ਦਾ ਮਾਲਕ ਹੈ ਅਤੇ ਉਸ 'ਤੇ 46049 ਰੁਪਏ ਦਾ ਕਰਜਾਂ ਸੀ ਜੋ ਕਿ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਸਦਕਾ ਮੁਆਫ ਕੀਤੇ ਜਾਣ 'ਤੇ ਉਹ ਧੰਨਵਾਦੀ ਹੈ।
ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰੀ ਵਿਕਰਮ ਗੁੰਬਰ, ਖੇਤੀਬਾੜੀ ਅਧਿਕਾਰੀ ਸ੍ਰੀ ਸਵਰਨ ਕੁਮਾਰ ਤੋਂ ਇਲਾਵਾ ਕੋਪਰੇਟਿਵ ਬੈਂਕ ਦੇ ਅਧਿਕਾਰੀ ਸ੍ਰੀ ਹਰਿੰਦਰ ਸਿੰਘ ਅਤੇ ਹੋਰ ਅਧਿਕਾਰੀ ਤੇ ਕਿਸਾਨ ਮੌਜੂਦ ਸਨ।