ਐਸ.ਟੀ. ਐਫ ਟੀਮ ਵੱਲੋਂ ਕਾਬੂ ਕੀਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਦੋਸ਼ੀ ।
ਐਸ.ਏ.ਐਸ.ਨਗਰ, 22 ਮਈ 2018: ਸਪੈਸ਼ਲ ਟਾਸਕ ਫੋਰਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਐਸ.ਟੀ.ਐਫ ਮੁਹਾਲੀ ਦੀ ਟੀਮ ਨੇ ਵੱਖ ਵੱਖ ਥਾਵਾਂ ਤੋਂ ਇੱਕ ਨਾਈਜ਼ੀਰੀਅਨ ਮਹਿਲਾ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ 465 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਜਿੰਦਰ ਸਿੰਘ ਸੋਹਲ, ਕਪਤਾਨ ਪੁਲਿਸ ਐਸ.ਟੀ.ਐਫ ਨੇ ਦੱਸਿਆ ਕਿ ਥਾਣਾ ਐਸ.ਟੀ.ਐਫ ਫੇਜ਼ -4 ਮੁਹਾਲੀ ਵਿਖੇ ਇਤਲਾਹ ਮਿਲੀ ਸੀ ਕਿ ਵੇਰਾ ਉਮਾਰੋ ਔਰਤ ਨਾਈਜ਼ੀਰੀਆ ਦੀ ਰਹਿਣ ਵਾਲੀ ਅਤੇ ਇਸ ਵੇਲੇ ਕ੍ਰਿਸ਼ਨਾ ਪੁਰੀ ਨਵੀਂ ਦਿੱਲੀ ਵਿਖੇ ਰਹਿ ਰਹੀ ਹੈ, ਦਿੱਲੀ ਤੋਂ ਹੈਰੋਇਨ ਲੈ ਕੇ ਆ ਰਹੀ ਹੈ। ਇਸ ਤੇ ਕਾਰਵਾਈ ਕਰਦਿਆਂ ਏ.ਐਸ.ਆਈ. ਅਵਤਾਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਟੀ.ਪੁਆਇੰਟ ਸਿਵਲ ਹਸਪਾਤਲ ਫੇਜ਼-6 ਨੇੜੇ ਉਕਤ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ, ਜਿਸ ਪਾਸੋਂ 265 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਵਿਰੁੱਧ ਮੁਕੱਦਮਾ ਨੰਬਰ 23 ਮਿਤੀ 21.05.2018 ਅ/ਧ 21-61-85 ਐਨ.ਡੀ.ਪੀ.ਐਸ.ਐਕਟ ਅਤੇ 14 ਫਾਰਨਰ ਐਕਟ 1946 ਥਾਣਾ ਐਸ.ਟੀ.ਐਫ ਫੇਜ਼-4 ਮੁਹਾਲੀ ਵਿਖੇ ਦਰਜ਼ ਕੀਤਾ ਗਿਆ ਹੈ। ਮੁਲਜ਼ਮ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਹ 2017 ਵਿਚ ਸਟੱਡੀ ਵੀਜ਼ੇ ਤੇ ਭਾਰਤ ਆਈ ਸੀ ਤੇ ਉਸ ਨੇ ਦਿੱਲੀ ਵਿਚ ਸੈਲੂਨ ਤੇ ਹੇਅਰ ਡਰੈਸਿੰਗ ਦਾ ਕੰਮ ਸ਼ੁਰੂ ਕਰ ਦਿੱਤਾ। ਕੱਲ ਉਹ ਹੈਰੋਇਨ ਸਪਲਾਈ ਕਰਨ ਲਈ ਮੁਹਾਲੀ ਆਈ ਸੀ।
ਰਜਿੰਦਰ ਸਿੰਘ ਸੋਹਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਇਲਾਵਾ ਇਤਲਾਹ ਦੇ ਅਧਾਰ ਤੇ ਦੋ ਵਿਅਕਤੀਆਂ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਸਿਕੰਦਰ ਸਿੰਘ ਵਾਸੀ ਪਿੰਡ ਸੁਹਾਵੀ ਥਾਣਾ ਖਮਾਣੋਂ ਜਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਮਰਹੂਮ ਰਵਿੰਦਰ ਸਿੰਘ ਵਾਸੀ ਖਰੜ, ਇਹ ਵੀ ਦਿੱਲੀ ਤੋਂ ਹੈਰੋਇਨ ਲੈ ਕਿ ਆ ਰਹੇ ਸਨ ਨੂੰ ਵੀ ਏ.ਐਸ.ਆਈ. ਮਲਕੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਹਿੰਡਰਸਨ ਸੀਨੀਅਰ ਸੈਕੰਡਰੀ ਸਕੂਲ ਖਰੜ ਨੇੜੇ ਨਾਕਾ ਲਾ ਕੇ ਕਾਬੂ ਕੀਤਾ। ਤਲਾਸੀ ਲੈਣ ਤੇ ਉਨ੍ਹਾਂ ਦੀ ਗੱਡੀ ਪੀ.ਬੀ. 65 ਏ ਐਨ 2531 ਮਾਰਕਾ ਆਈ ਟਵੰਟੀ ਰੰਗ ਚਿੱਟਾ ਵਿਚੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛ ਪੜਤਾਲ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਪਹਿਲਾਂ ਇਹ ਦੋਵੇ ਚੰਗੇ ਖਿਡਾਰੀ ਸਨ ਪਰ ਮਾੜੀ ਸੰਗਤ ਕਾਰਨ ਨਸ਼ਿਆਂ ਦਾ ਧੰਦਾ ਕਰਨ ਲੱਗ ਪਏ। ਉਹ ਅਕਸਰ ਵਟਸਐਪ ਤੇ ਹੀ ਇੱਕ ਦੂਜੇ ਨਾਲ ਗੱਲਬਾਤ ਕਰਦੇ ਸਨ। ਜਸਪ੍ਰੀਤ ਸਿੰਘ ਜੱਸੀ ਨੇ ਵਿਦੇਸ਼ ਤੋਂ ਸਿਮ ਮੰਗਵਾ ਕੇ ਪਾਇਆ ਹੋਇਆ ਸੀ, ਜਿਸ ਦੀ ਨਾ ਤਾਂ ਲੋਕੇਸ਼ਨ ਆਉਂਦੀ ਹੈ ਤੇ ਨਾ ਹੀ ਕੋਈ ਰਿਕਾਰਡ ਮਿਲਦਾ ਹੈ। ਉਸ ਵਿਰੁੱਧ ਥਾਣਾ ਸਿਟੀ ਖਰੜ ਵਿਖੇ ਪਹਿਲਾਂ ਵੀ ਸਾਲ 2015 ਵਿੱਚ ਲੜਾਈ ਝਗੜੇ ਦਾ ਕੇਸ ਦਰਜ ਹੋਇਆ ਸੀ। ਮੁਲਜ਼ਮਾਂ ਵਿਰੁੱਧ ਮੁਕੱਦਮਾ ਨੰਬਰ 24 ਮਿਤੀ 21.05.2018 ਅ/ਧ 21,29-61-85 ਐਨ.ਡੀ.ਪੀ.ਐਸ. ਐਕਟ, ਥਾਣਾ ਐਸ.ਟੀ.ਐਫ., ਫੇਜ਼-04 ਮੋਹਾਲੀ ਵਿਖੇ ਦਰਜ ਕੀਤਾ ਗਿਆ ਹੈ।