ਮਰਹੂਮ ਅਧਿਆਪਕ ਦੇ ਪਰਿਵਾਰ ਨੂੰ ਐੱਫ ਡੀਜ਼ ਸੌਂਪੇ ਜਾਣ ਦਾ ਦ੍ਰਿਸ਼
ਜਗਦੀਸ਼ ਥਿੰਦ
ਗੁਰੂਹਰਸਹਾਏ /ਫਿਰੋਜ਼ਪੁਰ 22 ਮਈ ਕੁਝ ਸਮਾਂ ਪਹਿਲਾਂ ਆਰਥਿਕ ਮੰਦਹਾਲੀ ਕਾਰਨ ਆਤਮ ਹੱਤਿਆ ਕਰ ਗਏ ਸਿੱਖਿਆ ਪ੍ਰੋਵਾਈਡਰ ( ਪ੍ਰਾਇਮਰੀ ਅਧਿਆਪਕ ) ਚੰਨਾ ਸਿੰਘ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਲਈ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਨੇ ਵੱਡਾ ਉਪਰਾਲਾ ਕੀਤਾ ਹੈ । ਵਿਛੜ ਗਏ ਇਸ ਅਧਿਆਪਕ ਸਾਥੀ ਦੀ ਨਹਿਰ ਵਿੱਚੋਂ ਮਿਰਤਕ ਦੇਹ ਮਿਲਣ ਤੋਂ ਬਾਅਦ ਪੰਜਾਬ ਭਰ ਦੇ ਅਧਿਆਪਕਾਂ ਨੇ ਫ਼ਿਰੋਜ਼ਪੁਰ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਸੀ ਜਿਸ ਦੇ ਫਲਸਵਰੂਪ ਪੰਜ ਲੱਖ ਰੁਪਏ ਦੀ ਮਾਲੀ ਸਹਾਇਤਾ ਕਰਨ ਅਤੇ ਮ੍ਰਿਤਕ ਅਧਿਆਪਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਨ ਲਈ ਸੀ ਜਿਸ ਤਹਿਤ ਦੋ ਲੱਖ ਪੰਜਾਹ ਹਜ਼ਾਰ ਰੁਪਏ ਰੈੱਡ ਕਰਾਸ ਸੁਸਾਇਟੀ ਰਾਹੀਂ ਪਰਿਵਾਰ ਨੂੰ ਮਿਲ ਚੁੱਕੇ ਹਨ । ਇਸ ਦੌਰਾਨ ਹੀ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੇ ਆਗੂਆਂ ਦੀ ਇੱਕ ਟੀਮ ਇਸ ਅਧਿਆਪਕ ਦੇ ਘਰ ਪੁੱਜੀ । ਟੀਮ ਦੇ ਮੈਂਬਰਾਂ ਨੇ ਅਧਿਆਪਕਾਂ ਵੱਲੋਂ ਮਰਹੂਮ ਚੰਨਾ ਸਿੰਘ ਦੇ ਪਰਿਵਾਰਕ ਮੈਂਬਰਾਂ ਲਈ ਇਕੱਤਰ ਕੀਤੀ ਪੰਜ ਲੱਖ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਪਰਿਵਾਰਕ ਮੈਂਬਰਾਂ ਨੂੰ ਸੌਂਪੀ । ਇਸ ਸਬੰਧੀ ਅਧਿਆਪਕ ਆਗੂ ਹਰਜਿੰਦਰ ਹਾਂਡਾ ਨੇ ਦੱਸਿਆ ਕਿ ਇਹ ਰਾਸ਼ੀ ਚੰਨਾ ਸਿੰਘ ਦੀਆਂ ਬੇਟੀਆਂ , ਬਿਰਧ ਮਾਪਿਆਂ ਦੇ ਨਾਮ ਕਰਵਾਈਆਂ ਐੱਫ ਡੀਜ਼ ਦੇ ਰੂਪ ਵਿੱਚ ਸੌਂਪੀਆਂ ਗਈਆਂ ਹਨ । ਇੱਥੇ ਦੱਸਿਆ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮ੍ਰਿਤਕ ਅਧਿਆਪਕ ਦੀ ਪਤਨੀ ਨੂੰ ਸਿੱਖਿਆ ਵਿਭਾਗ ਵਿੱਚ ਸਰਕਾਰੀ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ ਉਸ ਸਬੰਧੀ ਡਿਪਟੀ ਕਮਿਸ਼ਨਰ ਨਾਲ ਹਾਲੀਆ ਸਮੇਂ ਵਿੱਚ ਕੀਤੀ ਗਈ ਮਿਲਣੀ ਵਿੱਚ ਉਨ੍ਹਾਂ ਦੱਸਿਆ ਹੈ ਕਿ ਇਸ ਸਬੰਧੀ ਜ਼ਰੂਰੀ ਦਸਤਾਵੇਜ਼ ਮੁਕੰਮਲ ਕਰ ਲਏ ਗਏ ਹਨ ਅਤੇ ਕੁੱਝ ਸਮੇਂ ਦੌਰਾਨ ਹੀ ਉਸ ਦੀ ਪਤਨੀ ਨੂੰ ਬੀ ਪੀ ਓ ਦਫ਼ਤਰ ਵਿੱਚ ਸਰਕਾਰੀ ਨੌਕਰੀ ਦੇ ਦਿੱਤੀ ਜਾਵੇਗੀ । ਇਸ ਦੌਰਾਨ ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਅਧਿਆਪਕਾਂ ਪ੍ਰਤੀ ਗ਼ਲਤ ਨੀਤੀਆਂ ਦੇ ਕਾਰਨ ਅੱਜ ਦੇਸ਼ ਦੇ ਭਵਿੱਖ ਦਾ ਨਿਰਮਾਤਾ ਆਤਮ ਹੱਤਿਆਵਾਂ ਦੇ ਰਾਹ ਪੈ ਰਿਹਾ ਹੈ । ਮਹਿਜ਼ ਪੰਜ ਹਜ਼ਾਰ --ਅੱਠ ਹਜ਼ਾਰ ਰੁਪਏ ਮਹੀਨਾ ਵਿੱਚ ਨੌਕਰੀ ਕਰ ਰਹੇ ਇਹ ਅਧਿਆਪਕ ਚਾਰ ਚਾਰ ਮਹੀਨੇ ਤਨਖਾਹ ਨਾ ਮਿਲਣ ਦੀ ਸੂਰਤ ਵਿੱਚ ਅਜਿਹੇ ਕਦਮ ਮਜਬੂਰ ਹੋ ਕੇ ਉਠਾ ਰਹੇ ਹਨ । ਇਸ ਮੌਕੇ ਬਰਾਬਰ ਕੰਮ ਬਰਾਬਰ ਤਨਖ਼ਾਹ ਦੀ ਮੰਗ ਨੂੰ ਉਠਾਉਂਦਿਆਂ ਕਿਹਾ ਗਿਆ ਕਿ ਅਧਿਆਪਕਾਂ ਨੂੰ ਪੱਕਾ ਕਰਕੇ ਵੇਤਨ ਮਾਣ ਦੇਣਾ ਸਰਕਾਰ ਯਕੀਨੀ ਬਣਾਵੇ । ਇਸ ਮੌਕੇ ਅਧਿਆਪਕ ਆਗੂ ਹਰਜਿੰਦਰ ਹਾਂਡਾ, ਗੁਰਜੀਤ ਸਿੰਘ ਸੋਢੀ,ਸਰਬਜੀਤ ਸਿੰਘ ਭਾਵੜਾ,ਸੰਪੂਰਨ ਵਿਰਕ , ਪਰਮਜੀਤ ਸਿੰਘ ਪੰਮਾ,ਜਸਬੀਰ ਸਿੰਘ ,ਸੁਖਜਿੰਦਰ ਸਿੰਘ ਖਾਨਪੁਰੀਅਾ,ਭੁਪਿੰਦਰ ਸਿੰਘ,ਕੁਲਵਿੰਦਰ ਸਿੰਘ,ਰਾਜ ਕੁਮਾਰ ਫਿਰੋਜਪੁਰ,ਦਰਸ਼ਨ ਸਿੰਘ,ਰੇਸ਼ਮ ਸਿੰਘ,ਗੁਰਮੇਜ ਸਿੰਘ,ਜਗਸੀਰ ਸਿੰਘ ਸੰਧੂ,ਤਲਵਿੰਦਰ ਸਿੰਘ,ਸੁਰਿੰਦਰ ਸਿੰਘ ਗਿੱਲ,ਹਰਮਨਪ੍ਰੀਤ ਸਿੰਘ ਮੁੱਤੀ,ਸਤਪਾਲ ਸਿੰਘ,ਸੁਰਜੀਤ ਸਿੰਘ ਆਦਿ ਮੌਜੂਦ ਸਨ