← ਪਿਛੇ ਪਰਤੋ
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 22 ਮਈ ਇਸ ਖੇਤਰ ਵਿੱਚ ਚੋਰਾਂ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਸਿਲਸਲਾ ਲਗਾਤਾਰ ਜਾਰੀ ਹੈ । ਚੋਰਾਂ ਦੇ ਹੌਸਲੇ ੲੇਨੇ ਵਧ ਗਏ ਹਨ ਕਿ ਉਹ ਦਿਨ ਦਿਹਾੜੇ ਹੀ ਘਰਾਂ ਵਿੱਚੋਂ ਚੋਰੀਆਂ ਕਰਨ ਲੱਗੇ ਹਨ । ਪਿੰਡ ਬਹਾਦਰ ਕੇ ਦੇ ਇੱਕ ਕਿਸਾਨ ਦੇ ਘਰ ਉਸ ਵਕਤ ਅਲਮਾਰੀ ਵਿੱਚ ਪਿਆ ਸੋਨਾ ਅਤੇ ਨਕਦੀ ਚੋਰੀ ਕਰ ਲੈ ਗਏ ਜਦੋਂ ਉਹ ਪਿੰਡ ਵਿੱਚ ਹੋਈ ਇੱਕ ਮੌਤ ਵਾਲੇ ਘਰ ਅਫਸੋਸ ਕਰਨ ਲਈ ਗਏ ਹੋਏ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਰਮੇਸ਼ ਕੁਮਾਰ ਪੁੱਤਰ ਬੂਟਾ ਰਾਮ ਵਾਸੀ ਪਿੰਡ ਬਹਾਦਰ ਕੇ ਦੇ ਘਰ ਅੰਦਰੋਂ ਦੋ ਲੱਖ ਰੁਪਏ ਨਗਦ ਅਤੇ 40 ਤੋਲੇ ਸੋਨਾ ਚ ਚੋਰੀ ਹੋਇਆ ਹੈ । ਇਸ ਸਬੰਧੀ ਸੁਮਿਨ ਕੁਮਾਰ ਪੁੱਤਰ ਰਮੇਸ਼ ਲਾਲ ਨੇ ਦੱਸਿਆ 11.30 ਵਜੇ ਦੇ ਕਰੀਬ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚ ਹੋਈ ਮੌਤ ਸਬੰਧੀ ਪੂਰਾ ਪਰਿਵਾਰ ਪਿੰਡ ਵਿੱਚ ਹੀ ਗਿਆ ਹੋਇਆ ਸੀ ਕਿ ਘਰ ਆ ਕੇ ਦੇਖਿਆ ਤਾਂ ਖੁੱਲ੍ਹੀ ਅਲਮਾਰੀ ਵਿਚੋਂ ਸਾਮਾਨ ਕੱਢ ਕੇ ਬਾਹਰ ਖਿੱਲਰਿਆ ਹੋਇਆ ਸੀ । ਅਲਮਾਰੀ ਵਿੱਚ ਪਿਆ ਹੋਇਆ 40 ਤੋਲੇ ਸੋਨਾ ਅਤੇ ਦੋ ਲੱਖ ਰੁਪਏ ਗਾਇਬ ਸਨ । ਇਸ ਤੋਂ ਪਹਿਲਾਂ ਲਾਗਲੇ ਪਿੰਡ ਬਾਜੇ ਕੇ ਵਿਖੇ ਸਰਵਣ ਕੁਮਾਰ ਦੇ ਘਰ ਵਿੱਚੋਂ 30 ਤੋਲੇ ਸੋਨਾ ਚੋਰੀ ਹੋ ਚੁੱਕਿਆ ਹੈ । ਇਸ ਕਿਸਾਨ ਪਰਿਵਾਰ ਦੇ ਖੇਤ ਵਿੱਚ ਪਈ ਤੂੜੀ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਤਾਂ ਪੂਰਾ ਪਰਿਵਾਰ ਜਦੋਂ ਅੱਗ ਬੁਝਾਉਣ ਲਈ ਖੇਤ ਵੱਲ ਰੁੱਝ ਗਿਆ ਤਾਂ ਮਗਰੋਂ ਚੋਰਾਂ ਨੇ ਇਹ ਸੋਨਾ ਚੋਰੀ ਕਰ ਲਿਆ । ਇਸ ਤੋਂ ਪਹਿਲਾਂ ਗੋਲੂ ਕਾ ਮੋੜ ਉਪਰ ਪੰਧੂ ਫੈਸ਼ਨ ਹਾਊਸ ਦੀ ਦੁਕਾਨ ਤੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਹੋ ਚੁੱਕਿਆ ਹੈ । ਇੱਕ ਦਿਨ ਪਹਿਲਾਂ ਪਿੰਡ ਛਾਂਗਾ ਰਾਏ ਉਤਾੜ ਦੇ ਨੇੜੇ ਮਹਿੰਦਰ ਸਿੰਘ ਪੁੱਤਰ ਕਾਲਾ ਸਿੰਘ ਨੂੰ ਦਿਨ ਦਿਹਾੜੇ ਲੁਟੇਰਿਆਂ ਨੇ ਰਸਤੇ ਵਿੱਚ ਰੋਕ ਕੇ ਅੱਠ ਹਜ਼ਾਰ ਰੁਪਏ ਅਤੇ ਮੋਬਾਈਲ ਫੋਨ ਖੋਹ ਲਿਆ । ਵਾਪਰ ਰਹੀਆਂ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਤੋਂ ਆਮ ਲੋਕਾਂ ਵਿੱਚ ਭੈਅ ਦਾ ਮਾਹੌਲ ਪਾਇਆ ਜਾ ਰਿਹਾ ਹੈ ।
Total Responses : 942