ਪਟਿਆਲਾ, 16 ਮਈ 2018: ''ਐਨ.ਆਰ.ਆਈ. ਲਾੜਿਆਂ ਦੀਆਂ ਸਤਾਈਆਂ ਪੰਜਾਬਣ ਮੁਟਿਆਰਾਂ ਦੇ ਕਰੀਬ 26 ਹਜ਼ਾਰ ਮਾਮਲੇ ਪੰਜਾਬ ਰਾਜ ਮਹਿਲਾ ਅਧਿਕਾਰ ਕਮਿਸ਼ਨ ਕੋਲ ਸੁਣਵਾਈ ਅਧੀਨ ਹਨ ਅਤੇ ਕਮਿਸ਼ਨ ਵੱਲੋਂ ਇਨ੍ਹਾਂ ਨੂੰ ਨਿਆਂ ਦਿਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।'' ਇਹ ਪ੍ਰਗਟਾਵਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਗੁਲਾਟੀ ਨੇ ਅੱਜ ਇਥੇ ਕੀਤਾ।
ਪਟਿਆਲਾ ਦੇ ਕੇਂਦਰੀ ਸੁਧਾਰ ਘਰ ਵਿਖੇ ਮਹਿਲਾ ਬੰਦੀਆਂ ਨੂੰ ਮਿਲਦੀਆਂ ਸਹੂਲਤਾਂ ਦਾ ਨਿਰੀਖਣ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਨਣ ਲਈ ਪੁੱਜੇ ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਐਨ.ਆਰ.ਆਈ. ਲਾੜਿਆਂ ਦੀ ਸਮੱਸਿਆ ਦੇ ਹੱਲ ਲਈ ਉਹ ਕੈਨੇਡਾ ਅਤੇ ਅਸਟ੍ਰੇਲੀਆ ਦੇ ਹਾਈ ਕਮਿਸ਼ਨਜ ਨਾਲ ਤਾਲਮੇਲ ਕਰ ਰਹੇ ਹਨ ਤੇ ਮਗਰੋਂ ਹੋਰ ਵੀ ਮੁਲਕਾਂ ਦੇ ਵਿਦੇਸ਼ ਵਿਭਾਗਾਂ ਨਾਲ ਸੰਪਰਕ ਸਾਧਿਆ ਜਾਵੇਗਾ।
ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਐਨ.ਆਰ.ਆਈ. ਲਾੜਿਆਂ ਦੀਆਂ ਸਤਾਈਆਂ ਪੰਜਾਬਣਾਂ ਦੀ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਜਿਸ ਲਈ ਕਮਿਸ਼ਨ ਵਲੋਂ ਵਿਆਹ ਕਰਵਾਉਣ ਵਾਲੀਆਂ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਤਾਂ ਕਿ ਵਿਆਹ ਦੀਆਂ ਧਾਰਮਿਕ ਰਸਮਾਂ ਤੋਂ ਪਹਿਲਾਂ ਹੀ ਲਾੜੇ ਦੇ ਦੇਸ਼ ਦਾ ਸੋਸ਼ਲ ਸਕਿਉਰਟੀ ਨੰਬਰ ਦੀ ਕਾਪੀ ਸਮੇਤ ਪੂਰੇ ਦਸਤਾਵੇਜ ਲੈ ਕੇ ਰੱਖੇ ਜਾਣ ਤਾਂ ਕਿ ਬਾਅਦ 'ਚ ਭੱਜਣ ਦੀ ਸੂਰਤ 'ਚ ਉਨ੍ਹਾਂ ਨੂੰ ਲੱਭਣਾ ਆਸਾਨ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਘਰੇਲੂ ਹਿੰਸਾ ਤੋਂ ਪੀੜਤ ਮਹਿਲਾਵਾਂ ਜੋ ਮਹਿਲਾ ਕਮਿਸ਼ਨ ਦੀ ਪਹੁੰਚ ਤੋਂ ਦੂਰ ਹਨ, ਨੂੰ ਨਿਆਂ ਦਿਵਾਉਣ ਲਈ ਪੁਲਿਸ ਸਾਂਝ ਕੇਂਦਰਾਂ ਦੀਆਂ ਸਹੂਲਤਾਂ ਲਈਆਂ ਜਾਣਗੀਆਂ।
ਆਪਣੇ ਪਟਿਆਲਾ ਜੇਲ੍ਹ ਦੇ ਦੌਰੇ ਸਮੇਂ ਜਨਾਨਾ ਅਹਾਤੇ ਅਤੇ ਕਰੈਚ ਸਮੇਤ ਸਕਿਲ ਡਿਵੈਲਪਮੈਂਟ ਸੈਂਟਰ ਦਾ ਨਿਰੀਖਣ ਕਰਦਿਆਂ ਸ੍ਰੀਮਤੀ ਗੁਲਾਟੀ ਨੇ ਜੇਲ ਦੇ ਮਹਿਲਾ ਬੰਦੀਆਂ ਨਾਲ ਗੱਲਬਾਤ ਕੀਤੀ। ਬਾਅਦ 'ਚ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ। ਉਨ੍ਹਾਂ ਨੇ ਜੇਲ੍ਹ ਦੇ ਮਹਿਲਾ ਅਹਾਤੇ ਅੰਦਰ ਸਾਫ਼-ਸਫ਼ਾਈ ਸਮੇਤ ਖਾਣੇ 'ਤੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ ਅਤੇ ਪਟਿਆਲਾ ਜੇਲ੍ਹ ਦੀਆਂ ਮਹਿਲਾ ਬੰਦੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਮਿਲਦੀਆਂ ਸਹੂਲਤਾਂ ਦੀ ਸ਼ਲਾਘਾ ਕਰਦਿਆਂ ਇਸ ਮਾਡਲ ਨੂੰ ਸੂਬੇ ਦੀਆਂ ਹੋਰਨਾਂ ਜੇਲਾਂ 'ਚ ਵੀ ਅਪਣਾਏ ਜਾਣ 'ਤੇ ਜ਼ੋਰ ਦਿੱਤਾ।
ਇਸ ਮੌਕੇ ਸ੍ਰੀਮਤੀ ਗੁਲਾਟੀ ਨੇ ਕਿਹਾ ਕਿ ਉਹ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਦਾ ਦੌਰਾ ਕਰਨਗੇ ਤੇ ਉਥੇ ਬੰਦ ਮਹਿਲਾ ਬੰਦੀਆਂ ਦੀਆਂ ਮੁਸ਼ਕਿਲਾਂ ਸੁਣਕੇ ਇਸਦਾ ਹੱਲ ਕਰਵਾਇਆ ਜਾਵੇਗਾ ਅਤੇ ਜੇਲਾਂ 'ਚ ਇਨ੍ਹਾਂ ਨੂੰ ਮਿਲਦੀਆਂ ਸਹੂਲਤਾਂ ਦਾ ਜਾਇਜਾ ਵੀ ਲਿਆ ਜਾਵੇਗਾ। ਇਸ ਦੌਰਾਨ ਪਟਿਆਲਾ ਜੇਲ੍ਹ ਦੇ ਸੀਨੀਅਰ ਸੁਪਰਡੈਂਟ ਸ੍ਰੀ ਰਾਜਨ ਕਪੂਰ ਵੱਲੋਂ ਜੇਲ੍ਹ ਸੁਧਾਰ ਦੀਆਂ ਕੁਝ ਤਜਵੀਜਾਂ ਦਾ ਜਿਕਰ ਕੀਤਾ, ਜਿਸ ਬਾਬਤ ਸ੍ਰੀਮਤੀ ਗੁਲਾਟੀ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਨੂੰ ਜੇਲ੍ਹ ਮੰਤਰੀ ਅਤੇ ਮੁੱਖ ਮੰਤਰੀ ਦੇ ਧਿਆਨ 'ਚ ਲਿਆ ਕੇ ਉਹ ਇਸ ਉਪਰ ਲੋੜੀਂਦੀ ਕਾਰਵਾਈ ਕੀਤੇ ਜਾਣ ਦੀ ਸਿਫ਼ਾਰਸ਼ ਕਰਨਗੇ।
ਇਸੇ ਸਮੇਂ ਸ੍ਰੀ ਰਾਜਨ ਕਪੂਰ ਨੇ ਦੱਸਿਆ ਕਿ ਇਥੇ 95 ਮਹਿਲਾਵਾਂ ਬੰਦ ਹਨ, ਜਿਨ੍ਹਾਂ ਨੂੰ ਹੁਨਰ ਵਿਕਾਸ ਕੇਂਦਰ 'ਚ ਸਿਲਾਈ-ਕਢਾਈ, ਬਿਊਟੀ ਪਾਰਲਰ ਦੇ ਕੋਰਸ, ਮੈਡੀਕਲ ਸਹੂਲਤਾਂ ਦੇਣ ਸਮੇਤ ਕਾਂਊਂਸਲਿੰਗ, ਮੈਡੀਟੇਸ਼ਨ ਤੇ ਯੋਗਾ ਕਰਵਾਇਆ ਜਾਂਦਾ ਹੈ। ਜਦੋਂਕਿ ਇਨ੍ਹਾਂ ਦੇ ਛੋਟੇ ਬੱਚਿਆਂ ਲਈ ਕਰੈਚ ਤੇ ਸਕੂਲ ਸਥਾਪਤ ਕੀਤਾ ਗਿਆ ਹੈ, ਜਿਥੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਅਧਿਆਪਕ ਤੇ ਪੌਸ਼ਟਿਕ ਅਹਾਰ ਦੇ ਪ੍ਰਬੰਧ ਸਮੇਤ ਮਹਿਲਾ ਬੰਦੀਆਂ ਦੇ ਆਮ ਅਪਰਾਧਾਂ ਦੇ ਕੇਸਾਂ ਦੇ ਜਲਦ ਨਿਪਟਾਰੇ ਲਈ ਜੇਲ ਅੰਦਰ ਕੈਂਪ ਅਦਾਲਤ ਵੀ ਲਗਾਈ ਜਾਂਦੀ ਹੈ। ਸ੍ਰੀ ਕਪੂਰ ਨੇ ਦੱਸਿਆ ਕਿ ਪਟਿਆਲਾ ਜੇਲ 'ਚ ਖੋਲ੍ਹਿਆ ਗਿਆ ਨਸ਼ਾ ਮੁਕਤੀ ਕੇਂਦਰ ਪੰਜਾਬ ਦੀਆਂ 6 ਜੇਲਾਂ ਦੇ ਬੰਦੀਆਂ ਨੂੰ ਨਸ਼ਾ ਮੁਕਤ ਕਰਨ ਲਈ ਸੇਵਾਵਾਂ ਨਿਭਾ ਰਿਹਾ ਹੈ।
ਇਸ ਮੌਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਸਲਾਹਕਾਰ ਸ੍ਰੀ ਲਵ ਸ਼ਰਮਾ, ਐਡਵੋਕੇਟ ਸ਼ਿਵਾਂਕਰ ਗੁਲਾਟੀ, ਐਸ.ਡੀ.ਐਮ. ਪਟਿਆਲਾ ਸ. ਅਨਮੋਲ ਸਿੰਘ ਧਾਲੀਵਾਲ, ਐਸ.ਪੀ. ਸਿਟੀ ਸ. ਕੇਸਰ ਸਿੰਘ, ਜੇਲ੍ਹ ਦੇ ਵਧੀਕ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ, ਜੇਲ ਅੰਦਰਲੇ ਜਨਾਨਾ ਅਹਾਤੇ ਦੇ ਇੰਚਾਰਜ ਸਹਾਇਕ ਸੁਪਰਡੈਂਟ ਸ੍ਰੀਮਤੀ ਨਛੱਤਰ ਕੌਰ, ਸੀ.ਡੀ.ਪੀ.ਓ. ਪਟਿਆਲਾ ਦਿਹਾਤੀ ਸ੍ਰੀਮਤੀ ਸੁਪ੍ਰੀਤ ਬਾਜਵਾ, ਸੀ.ਡੀ.ਪੀ.ਓ. ਭੁਨਰਹੇੜੀ ਅਨੂ ਰਤਨ ਅਤੇ ਹੋਰ ਅਧਿਕਾਰੀ ਮੌਜੂਦ ਸਨ।