ਫਿਰੋਜ਼ਪੁਰ 26 ਅਪ੍ਰੈਲ 2018: ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਜਲਦੀ ਨਵੀਂ ਖੇਡ ਨੀਤੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਰਾਜ ਦੇ ਨੌਜਵਾਨਾਂ ਨੂੰ ਉਸਾਰੂ ਗਤੀਵਿਧੀਆਂ ਵੱਲ ਉਤਸ਼ਾਹਿਤ ਕਰਨ ਲਈ ਯੁਵਕ ਗਤੀਵਿਧੀਆਂ ਅਤੇ ਯੁਵਕ ਕਲੱਬਾਂ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ। ਇਹ ਪ੍ਰਗਟਾਵਾਂ ਪੰਜਾਬ ਦੇ ਕੈਬਨਿਟ ਮੰਤਰੀ (ਖੇਡਾਂ ਤੇ ਯੁਵਕ ਸੇਵਾਵਾਂ) ਰਾਣਾ ਗੁਰਮੀਤ ਸਿੰਘ ਸੋਢੀ ਨੇ ਸਥਾਨਿਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਕੈਬਨਿਟ ਮੰਤਰੀ ਬਣਨ ਉਪਰੰਤ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਪਹਿਲੀ ਵਾਰ ਫਿਰੋਜ਼ਪੁਰ ਪਹੁੰਚੇ ਸ. ਰਾਣਾ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਅੰਦਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਯੁਵਕਾਂ ਨੂੰ ਉਸਾਰੂ ਪਾਸੇ ਲਗਾਉਣ ਲਈ ਪੂਰੀ ਤਰ੍ਹਾਂ ਗੰਭੀਰ ਹਨ। ਉਨ੍ਹਾਂ ਕਿਹਾ ਕਿ ਖ਼ੁਦ ਖਿਡਾਰੀ ਹੋਣ ਕਾਰਨ ਮੁੱਖ ਮੰਤਰੀ ਤੇ ਮੈਨੂੰ ਖਿਡਾਰੀਆਂ ਦੀਆਂ ਮੁਸ਼ਕਲਾਂ ਬਾਰੇ ਪੂਰੀ ਤਰ੍ਹਾਂ ਪਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ ਅੰਦਰ ਰਾਜ ਦੀ ਪਹਿਲੀ ਖੇਡ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ। ਇਸ ਲਈ ਬਜਟ ਵਿੱਚ ਪੂਰਾ ਪ੍ਰਬੰਧ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਖੇਡ ਯੂਨੀਵਰਸਿਟੀ 250 ਏਕੜ ਵਿੱਚ ਬਣੇਗੀ, ਜਿੱਥੇ ਵੱਖ-ਵੱਖ ਤਰ੍ਹਾਂ ਦੇ ਖਿਡਾਰੀਆਂ ਨੂੰ ਅੰਤਰ-ਰਾਸ਼ਟਰੀ ਪੱਧਰ ਦੀਆਂ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸ. ਰਾਣਾ ਸੋਢੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਜਲਦੀ ਹੀ ਨਵੀਂ ਖੇਡ ਨੀਤੀ ਵੀ ਬਣਾਈ ਜਾਵੇਗੀ। ਜਿਸ ਵਿੱਚ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਨੌਕਰੀਆਂ ਤੋਂ ਇਲਾਵਾ ਵਿੱਤੀ ਤੌਰ 'ਤੇ ਵੀ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਖਿਡਾਰੀਆਂ ਨੂੰ ਆਰਥਿਕ, ਤਕਨੀਕੀ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਣ ਤੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਪੱਧਰ ਤੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਇੱਕ ਪੀਰੀਅਡ ਖੇਡ ਗਤੀਵਿਧੀਆਂ ਦਾ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਅੰਦਰ ਲੋੜ ਅਨੁਸਾਰ ਖੇਡ ਸਟੇਡੀਅਮ ਬਣਾਏ ਜਾਣਗੇ ਅਤੇ ਪੁਰਾਣੇ ਖੇਡ ਸਟੇਡੀਅਮਾਂ ਨੂੰ ਅਪਗ੍ਰੇਡ ਕਰਕੇ ਵਧੀਆ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਆਉਣ ਵਾਲੀਆਂ ਉਲੰਪਿਕ ਅਤੇ ਏਸ਼ੀਆਈ ਖੇਡਾਂ 'ਚ ਪੰਜਾਬ ਦੇ ਖਿਡਾਰੀ ਵਧੀਆ ਪ੍ਰਦਰਸ਼ਨ ਕਰ ਸਕਣ ਅਤੇ ਸੂਬੇ ਦਾ ਨਾਮ ਚਮਕਾ ਸਕਣ।
ਕੈਬਨਿਟ ਮੰਤਰੀ ਸ. ਰਾਣਾ ਸੋਢੀ ਨੇ ਕਿਹਾ ਕਿ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਰਾਜ ਲਈ ਬਹੁਤ ਅਹਿਮ ਹਨ। ਸਰਕਾਰ ਵੱਲੋਂ ਯੁਵਕ ਕਲੱਬਾਂ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਕਰਕੇ ਉਨ੍ਹਾਂ ਦੀਆਂ ਗਤੀਵਿਧੀਆਂ ਵਿੱਚ ਹੋਰ ਵਾਧਾ ਕੀਤਾ ਜਾਵੇਗਾ ਤਾਂ ਜੋ ਨੌਜਵਾਨਾਂ ਦੀ ਸੋਚ ਨੂੰ ਉਸਾਰੂ ਕੰਮਾਂ ਵਿੱਚ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਕੇਂਦਰੀ ਖੇਡ ਮੰਤਰੀ ਨੂੰ ਮਿਲ ਕੇ ਉਨ੍ਹਾਂ ਤੋਂ ਵੱਖ-ਵੱਖ ਕੇਂਦਰੀ ਸਕੀਮਾਂ ਤਹਿਤ ਰਾਜ ਲਈ ਗਰਾਂਟਾ ਦੀ ਮੰਗ ਕਰਨਗੇ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਦੌਰਾਨ ਕਰਵਾਏ ਜਾਂਦੇ ਕਬੱਡੀ ਕੱਪ ਮਹਿਜ਼ ਮੇਲੇ ਦੀ ਤਰ੍ਹਾਂ ਸਨ ਜਦਕਿ ਪੰਜਾਬ ਸਰਕਾਰ ਵੱਲੋਂ ਸਰਕਲ ਸਟਾਈਲ ਕਬੱਡੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਖ਼ੁਸ਼ ਹਾਂ ਕੇ ਮੇਰੀ ਖੇਡਾਂ ਪ੍ਰਤੀ ਭਾਵਨਾ ਨੂੰ ਦੇਖਦਿਆਂ ਮੈਨੂੰ ਸਰਕਾਰ ਵਿੱਚ ਖੇਡ ਮੰਤਰੀ ਦਾ ਅਹੁਦਾ ਮਿਲਿਆ ਹੈ। ਮੈਂ ਆਪਣੀ ਪੂਰੀ ਤਾਕਤ ਨਾਲ ਪੰਜਾਬ ਦੀਆਂ ਖੇਡਾਂ ਨੂੰ ਹੋਰ ਉੱਚਾ ਚੁੱਕਣ ਦੀ ਆਪਣੀ ਪੂਰੀ ਕੋਸ਼ਿਸ਼ ਕਰਾਂਗਾ। ਇਸ ਤੋਂ ਪਹਿਲਾਂ ਸਰਕਟ ਹਾਊਸ ਪਹੁੰਚਣ ਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਗਾਰਡ ਆਫ ਆਨਰ (ਸਲਾਮੀ) ਵੀ ਦਿੱਤਾ ਗਿਆ।
ਇਸ ਮੌਕੇ ਸ਼੍ਰੀਮਤੀ ਸਤਕਾਰ ਕੌਰ ਗਹਿਰੀ ਵਿਧਾਇਕ ਫਿਰੋਜ਼ਪੁਰ ਦਿਹਾਤੀ, ਕਮਿਸ਼ਨਰ ਸ੍ਰੀ ਸੁਮੇਰ ਗੁਰਜ਼ਰ, ਆਈ.ਜੀ ਸ੍ਰ: ਗੁਰਿੰਦਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ, ਸ੍ਰ: ਪ੍ਰੀਤਮ ਸਿੰਘ ਐਸ.ਐਸ.ਪੀ, ਸ. ਅਨੁਮੀਤ ਸਿੰਘ ਹੀਰਾ ਸੋਢੀ, ਸ੍ਰ: ਜਸਮੇਲ ਸਿੰਘ ਲਾਡੀ ਗਹਿਰੀ, , ਸ.ਗੁਰਦੀਪ ਸਿੰਘ ਢਿੱਲੋਂ, ਸ੍ਰੀ. ਦਵਿੰਦਰ ਜੰਗ, ਸ. ਅੰਮ੍ਰਿਤਪਾਲ ਸਿੰਘ, ਸ. ਨਸੀਬ ਸਿੰਘ ਸੰਧੂ, ਸ੍ਰੀ ਵਿਕੀ ਸੰਧੂ ( ਓ.ਐਸ.ਡੀ.), ਗੁਰਭੇਜ ਸਿੰਘ ਟਿੱਬੀ (ਸਕੱਤਰ ਆਲ ਇੰਡੀਆ ਯੂਥ ਕਾਂਗਰਸ), ਸ੍ਰੀ ਰਵੀ ਸ਼ਰਮਾ, ਸ੍ਰੀ ਅਮੋਲਕ ਚੰਦ, ਸ੍ਰ: ਬਲਕਾਰ ਸਿੰਘ ਪੀ.ਏ, ਸ੍ਰ: ਬਲਦੇਵ ਸਿੰਘ ਮਾਹਮੂਜੋਈਆ,ਸ੍ਰੀ ਰਾਜਾ ਕੁੱਕੜ, ਗੁਰਪ੍ਰਤਾਪ ਸਿੰਘ ਟਿੱਕਾ, ਰਾਜੂ ਸਾਈਆਂ ਸਮੇਤ ਵੱਖ-ਵੱਖ ਕਾਂਗਰਸੀ ਆਗੂ ਹਾਜ਼ਰ ਸਨ।