ਜ਼ਾਹਿਦਾ ਸੁਲੇਮਾਨ ਦੀ ਤਸਵੀਰ
ਐਸ.ਏ.ਐਸ. ਨਗਰ (ਮੋਹਾਲੀ) , 26 ਅਪ੍ਰੈਲ, 2018 :
ਸੀਨੀਅਰ ਪੱਤਰਕਾਰ ਜ਼ਾਹਿਦਾ ਸੁਲੇਮਾਨ ਨੂੰ ਨੈਸ਼ਨਲ ਦਲਿਤ ਕੌਂਸਲ ਆਫ਼ ਇੰਡੀਆ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨੈਸ਼ਨਲ ਦਲਿਤ ਕੌਂਸਲ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਲਛਮਣ ਦਾਸ ਜਤੀ ਨੇ ਜ਼ਾਹਿਦਾ ਸੁਲੇਮਾਨ ਨੂੰ ਪੰਜਾਬ ਪ੍ਰਧਾਨ ਨਿਯੁਕਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਨਿਯੁਕਤੀ ਮਨੁੱਖਤਾ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਅਤੇ ਦਬੇ ਕੁਚਲੇ ਲੋਕਾਂ ਦੀ ਮਦਦ ਕਰਨ ਦਾ ਜਜ਼ਬਾ ਰੱਖਣ ਵਾਲੀ ਜ਼ਾਹਿਦਾ ਸੁਲੇਮਾਨ ਦੀਆਂ ਪਿਛਲੀਆਂ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਕੀਤੀ ਹੈ। ਜ਼ਾਹਿਦਾ ਸੁਲੇਮਾਨ ਇਕ ਸੁਲਝੀ ਹੋਈ ਮਹਿਲਾ ਹੈ ਅਤੇ ਦਲਿਤ ਸਮਾਜ ਦੀ ਤਰਸਯੋਗ ਸਥਿਤੀ ਨੂੰ ਸੁਧਾਰਨ ਲਈ ਤਤਪਰ ਰਹੀ ਹੈ। ਨਿਯੁਕਤੀ ਪਿੱਛੋਂ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਦਲਿਤ ਕੌਂਸਲ ਆਫ਼ ਇੰਡੀਆ ਦੀ ਪੰਜਾਬ ਇਕਾਈ ਦਾ ਮੁਖੀ ਬਣ ਕੇ ਉਹ ਬੇਹੱਦ ਖ਼ੁਸ਼ੀ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਵੇਲੇ ਪੂਰੇ ਦੇਸ਼ ਵਿਚ ਦਲਿਤਾਂ, ਪਛੜੀਆਂ ਜਾਤੀਆਂ ਅਤੇ ਮੁਸਲਮਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਤਬਕਿਆਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਨ੍ਹਾਂ ਤਬਕਿਆਂ ਨੂੰ ਸੰਵਿਧਾਨ ਵਿਚ ਦਿੱਤੇ ਗਏ ਅਧਿਕਾਰ ਵੀ ਸੰਪੂਰਨ ਰੂਪ ਵਿਚ ਨਹੀਂ ਦਿੱਤੇ ਜਾ ਰਹੇ। ਇੱਥੋਂ ਤਕ ਕਿ ਵੱਡੇ ਅਹੁਦਿਆਂ ਉੱਤੇ ਕੰਮ ਕਰਦੇ ਸੀਨੀਅਰ ਦਲਿਤ ਅਧਿਕਾਰੀਆਂ ਨੂੰ ਵੀ ਦਬਾ ਕੇ ਰੱਖਿਆ ਜਾਂਦਾ ਹੈ। ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਉਹ ਜਲਦ ਹੀ ਪੰਜਾਬ ਦੇ ਹਰ ਜ਼ਿਲ੍ਹੇ, ਤਹਿਸੀਲ ਅਤੇ ਪਿੰਡਾਂ ਵਿਚ ਰਾਸ਼ਟਰੀ ਦਲਿਤ ਕੌਂਸਲ ਦੀਆਂ ਇਕਾਈਆਂ ਦਾ ਗਠਨ ਕਰਨਗੇ।