ਨਵੀਂ ਦਿੱਲੀ, 26 ਅਪ੍ਰੈਲ 2018: ਫਰਾਂਸ ਵਿਚ ਭਾਰਤੀ ਸਫਾਰਤਖਾਨੇ ਨ ਫਰਾਂਸ ਵਿਚ ਰਹਿੰਦੇ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਨਵੇਂ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ । ਇਹ ਮਾਮਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਕੋਲ ਚੁੱਕਿਆ ਗਿਆ ਸੀ ਜਿਸ ਮਗਰੋਂ ਇਹ ਪ੍ਰਕਿਰਿਆ ਸ਼ੁਰੂ ਹੋਈ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਫਰਾਂਸ 'ਚ ਰਹਿੰਦੇ ਸਿੱਖ ਭਾਈਚਾਰੇ ਦੇ ਨੇਤਾਵਾਂ ਇਕਬਾਲ ਸਿੰਘ ਭੱਟੀ, ਚੀਮਾ ਬੇਗੋਵਾਲ, ਸੁਰਜੀਤ ਸਿੰਘ ਮਾਨਾ, ਹਰਿੰਦਰਪਾਲ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਇਸ ਘਟਨਾਕ੍ਰਮ ਨਾਲ ਸਿੱਖ ਭਾਈਚਾਰੇ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਇਹਨਾਂ ਆਗੂਆਂ ਨੇ ਫਰਾਂਸ ਵਿਚ ਅਰੋਰ ਡਾਨ ਨਾਮ ਦਾ ਸੰਗਠਨ ਬਣਾਇਆ ਹੋਇਆ ਹੈ ਜੋ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਮਾਮਲੇ ਚੁੱਕਦਾ ਹੈ ਅਤੇ ਇਹ ਮਾਮਲਾ ਇਸ ਵੱਲੋਂ ਸ੍ਰੀ ਸਿਰਸਾ ਕੋਲ ਕੁਝ ਸਮਾਂ ਪਹਿਲਾਂ ਉਠਾਇਆ ਗਿਆ ਸੀ।
ਇਹਨਾਂ ਨੇਤਾਵਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਇਹ ਮਾਮਲਾ ਸ੍ਰੀ ਸਿਰਸਾ ਕੋਲ ਚੁੱਕਿਆ ਤਾਂ ਉਹਨਾਂ ਨੇ ਜਿਥੇ ਇਹ ਮਾਮਲਾ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਕੋਲ ਚੁੱਕਿਆ , ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਇਹ ਮਾਮਲਾ ਪ੍ਰਧਾਨ ਮੰਤਰੀ ਦਫਤਰ ਦੇ ਧਿਆਨ ਵਿਚ ਲਿਆਂਦਾ ਜਿਸਦੇ ਨਤੀਜੇ ਵਜੋਂ ਇਹ ਮਸਲਾ ਹੱਲ ਹੋ ਸਕਿਆ।
ਉਹਨਾਂ ਦੱਸਿਆ ਕਿ ਨਾ ਸਿਰਫ ਹੁਣ ਸਿੱਖ ਭਾਈਚਾਰੇ ਦੇ ਬੱਚਿਆਂ ਨੂੰ ਨਵੇਂ ਪਾਸਪੋਰਟ ਜਾਰੀ ਹੋ ਰਹੇ ਹਨ ਬਲਕਿ ਸਫਾਰਤਖਾਨੇ ਨੇ ਇਹ ਵੀ ਭਰੋਸਾ ਦੁਆਇਆ ਹੈ ਕਿ ਉਹਨਾਂ ਪਰਿਵਾਰਾਂ ਨੂੰ ਵੀ ਨਵੇਂ ਪਾਸਪੋਰਟ ਜਾਰੀ ਕੀਤੇ ਜਾਣਗੇ ਜਿਹਨਾਂ ਕੋਲ ਰਫਿਊਜੀ ਸਟੇਟਸ ਹੈ ਅਤੇ ਉਹਨਾਂ ਖਿਲਾਫ ਭਾਰਤ ਵਿਚ ਕਿਸੇ ਵੀ ਤਰਾਂ ਦਾ ਮੁਕੱਦਮਾ ਦਰਜ ਨਹੀਂ ਹੈ ਅਤੇ ਉਹ ਆਪਣੀ ਵਿੱਤੀ ਹਾਲਤ ਸੁਧਾਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਚਾਰ ਹੋਰ ਅਣਪਛਾਤੇ ਮਾਮਲੇ ਜਿਹਨਾਂ ਵਿਚ ਵਿਅਕਤੀਆਂ ਨੇ ਭਾਰਤ ਵਿਚ ਵਾਪਸ ਆਪਣੇ ਪਰਿਵਾਰਾਂ ਕੋਲ ਪਰਤਣ ਦੀ ਇੱਛਾ ਪ੍ਰਗਟਾਈ ਹੈ, ਦੇ ਵਿਚੋਂ ਵੀ ਤਿੰਨ ਕੇਸ ਸਫਾਰਤਖਾਨੇ ਦੇ ਵਿਚਾਰ ਅਧੀਨ ਹਨ ਤੇ ਇਹਨਾਂ ਨੂੰ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ।
ਫਰਾਂਸ ਦੇ ਆਗੂਆਂ ਨੇ ਸ੍ਰੀ ਸਿਰਸਾ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਇਹ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਦੀ ਦਖਲਅੰਦਾਜ਼ੀ ਸਦਕਾ ਹੀ ਸੰਭਵ ਹੋ ਸਕਿਆ ਹੈ।
ਸ੍ਰੀ ਸਿਰਸਾ ਨੇ ਸਿੱਖ ਭਾਈਚਾਰੇ ਦੇ ਆਗੂਆਂ ਨੂੰ ਭਰੋਸਾ ਦੁਆਇਆ ਕਿ ਸ੍ਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਭਾਈਚਾਰੇ ਦੀ ਬੇਹਤਰੀ ਲਈ ਕੰਮ ਕਰਨ ਵਾਸਤੇ ਦ੍ਰਿੜ ਸੰਕਲਪ ਹੈ ਤੇ ਦੁਨੀਆਂ ਵਿਚ ਕਿਸੇ ਵੀ ਥਾਂ 'ਤੇ ਸਿੱਖ ਭਾਈਚਾਰੇ ਨੁੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਵਾਸਤੇ ਹਮੇਸ਼ਾ ਯਤਨਸ਼ੀਲ ਰਹੇਗੀ।