ਚੰਡੀਗੜ, 26 ਅਪਰੈਲ 2018: ਖਣਨ ਬਾਰੇ ਬਣੀ ਕੈਬਨਿਟ ਸਬ ਕਮੇਟੀ ਵੱਲੋਂ ਅੱਜ ਮੀਟਿੰਗ ਕਰ ਕੇ ਰਿਪੋਰਟ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਇਹ ਰਿਪੋਰਟ ਦੋ ਦਿਨਾਂ ਤੱਕ ਮੁੱਖ ਮੰਤਰੀ ਜੀ ਨੂੰ ਸੌਂਪੀ ਜਾਵੇਗੀ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਰੇਤਾ ਸਸਤੀਆਂ ਦਰਾਂ 'ਤੇ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ ਅਤੇ ਕੀਮਤਾਂ ਬਾਰੇ ਅੰਤਿਮ ਫੈਸਲਾ ਮੁੱਖ ਮੰਤਰੀ ਕਰਨਗੇ। ਇਹ ਖੁਲਾਸਾ ਕਮੇਟੀ ਦੇ ਮੁਖੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਇਥੇ ਕਮੇਟੀ ਦੀ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ ਗਿਆ।
ਇਥੇ ਸੈਕਟਰ 35 ਸਥਿਤ ਪੰਜਾਬ ਮਿਉਂਸਪਲ ਭਵਨ ਵਿਖੇ ਹੋਈ ਅੱਜ ਦੀ ਮੀਟਿੰਗ ਵਿੱਚ ਕਮੇਟੀ ਦੇ ਮੈਂਬਰ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੋਂ ਇਲਾਵਾ ਨਵੇਂ ਬਣੇ ਖਣਨ ਅਤੇ ਭੂ ਵਿਗਿਆਨ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਵੀ ਉਚੇਚੇ ਤੌਰ 'ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਸ.ਸਿੱਧੂ ਦੀ ਅਗਵਾਈ ਹੇਠ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਦੌਰੇ 'ਤੇ ਗਈ ਟੀਮ ਵੱਲੋਂ ਉਥੋਂ ਦੇ ਸੂਬਿਆਂ ਵਿੱਚ ਚੱਲ ਰਹੀ ਖਣਨ ਨੀਤੀ ਬਾਰੇ ਵੀ ਚਾਨਣਾ ਪਾਇਆ ਗਿਆ ਜਿਸ ਉਪਰ ਵਿਚਾਰ ਚਰਚਾ ਹੋਈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਜ਼ਿਲੇ ਦਾ ਦੌਰਾ ਕਰ ਕੇ ਕਰੱਸ਼ਰ ਨੀਤੀ ਬਣਾਉਣ ਸਬੰਧੀ ਹਾਸਲ ਕੀਤੇ ਅੰਕੜਿਆਂ ਨੂੰ ਵੀ ਸਾਂਝਾ ਕੀਤਾ ਗਿਆ।
ਸ.ਸਿੱਧੂ ਨੇ ਕਿਹਾ ਕਿ ਕਮੇਟੀ ਦੀ ਅੱਜ ਦੀ ਮੀਟਿੰਗ ਵਿੱਚ ਕੈਬਨਿਟ ਨੂੰ ਸੌਂਪੀ ਜਾਣ ਵਾਲੀ ਰਿਪੋਰਟ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਜੋ ਕਿ ਪੂਰੀ ਤਰ•ਾਂ ਮੁਕੰਮਲ ਕਰ ਕੇ ਦੋ ਦਿਨਾਂ ਅੰਦਰ ਮੁੱਖ ਮੰਤਰੀ ਜੀ ਨੂੰ ਸੌਂਪੀ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਖਣਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਜਸਪਾਲ ਸਿੰਘ, ਡਾਇਰੈਕਟਰ ਸ੍ਰੀ ਕੁਮਾਰ ਰਾਹੁਲ, ਵਧੀਕ ਸਕੱਤਰ ਸ੍ਰੀ ਵਿਨੀਤ ਕੁਮਾਰ, ਸ. ਸਿੱਧੂ ਦੇ ਸਲਾਹਕਾਰ ਸ੍ਰੀ ਅੰਗਦ ਸਿੰਘ ਸੋਹੀ ਤੇ ਸ. ਬਾਜਵਾ ਦੇ ਓ.ਐਸ.ਡੀ. ਸ੍ਰੀ ਗੁਰਦਰਸ਼ਨ ਸਿੰਘ ਬਾਹੀਆ ਵੀ ਹਾਜ਼ਰ ਸਨ।