ਅੰਮ੍ਰਿਤਸਰ, 25 ਅਪ੍ਰੈਲ 2018: ਅੰਮ੍ਰਿਤਸਰ ਤੋਂ ਨੌਜੁਆਨ ਕਾਂਗਰਸੀ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਪੰਜਾਬ ਵਾਸੀਆਂ ਦੀ ਚਿਰੋਕਣੀ ਮੰਗ ਅੰਮ੍ਰਿਤਸਰ-ਲੰਡਨ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦੇ ਮਕਸਦ ਨਾਲ ਭਾਰਤ-ਇੰਗਲੈਂਡ ਸਰਕਾਰਾਂ ਤੇ ਦਬਾਅ ਪਾਉਣ ਲਈ ਇੰਗਲੈਂਡ ਦੇ ਪੰਜਾਬੀ ਪਾਰਲੀਮੈਂਟ ਮੈਂਬਰਾਂ, ਇੰਗਲੈਂਡ ਦੇ ਵਿਰੋਧੀ ਧਿਰ ਦੇ ਆਗੂ, ਗੈਰ ਸਰਕਾਰੀ ਸੰਸਥਾਵਾਂ ਅਤੇ ਯੂ.ਕੇ. ਦੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਨਾਲ ਲੰਡਨ ਵਿਖੇ ਵਿਸੇਸ਼ ਮੀਟਿੰਗ ਦੌਰਾਨ ਸਿੱਧੀ ਹਵਾਈ ਸੇਵਾ ਲਈ ਵਿਸੇਸ਼ ਸਾਂਝੀ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਆਸ ਪ੍ਰਗਟਾਈ ਕਿ ਜਲਦੀ ਹੀ ਅੰਮ੍ਰਿਤਸਰ-ਲੰਡਨ ਸਿੱਧੀ ਹਵਾਈ ਸੇਵਾ ਸ਼ੁਰੂ ਹੋ ਜਾਵੇਗੀ।
ਇੰਗਲੈਂਡ ਦੇ ਸ਼ਹਿਰ ਲੰਡਨ ਵਿਖੇ ਆਪਣੇ ਵਿਦੇਸ਼ ਦੌਰੇ ਦੌਰਾਨ ਪੁੱਜੇ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਸ਼ੁਰੂ ਕੀਤੀ ਇਸ ਸਾਂਝੀ ਮੁਹਿੰਮ ਨੂੰ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ, ਐਮ.ਪੀ. ਸ਼੍ਰੀਮਤੀ ਪ੍ਰੀਤ ਗਿੱਲ, ਇੰਗਲੈਂਡ ਦੇ ਵਿਰੋਧੀ ਧਿਰ ਦੇ ਆਗੂ ਮਿ: ਜਿਰੇਮਈ ਕੋਰਬਾਈਨ, ਨੇ ਪੂਰਨ ਸਮਰਥਨ ਦਾ ਐਲਾਨ ਕਰਦਿਆਂ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅੰਮ੍ਰਿਤਸਰ-ਲੰਡਨ ਸਿੱਧੀ ਹਵਾਈ ਸ਼ੁਰੂ ਕਰਵਾਉਣ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਸ. ਗੁਰਜੀਤ ਸਿੰਘ ਔਜਲਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਗਲੈਂਡ ਦੀ ਧਰਤੀ ਤੇ ਪੰਜਾਬੀਆਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਹਰ ਪੰਜਾਬੀ ਦੀ ਇਛਾ ਹੁੰਦੀ ਹੈ ਕਿ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੇ। ਸ. ਔਜਲਾ ਨੇ ਦੋਹਾਂ ਸਰਕਾਰਾਂ ਤੋਂ ਮੰਗ ਕਰਦਿਆਂ ਕਿਹਾ ਕਿ ਲੰਡਨ-ਅੰਮ੍ਰਿਤਸਰ ਦਰਮਿਆਨ ਰੋਜਾਨਾ ਵੱਡ ਅਕਾਰੀ ਹਵਾਈ ਜਹਾਜ ਸੇਵਾ ਜਲਦ ਸ਼ੁਰੂ ਕੀਤੀ ਜਾਵੇ ਜੋ ਸਵਾਰੀਆਂ ਦੇ ਨਾਲ ਨਾਲ ਕਾਰਗੋ ਲਿਜਾਣ ਦੇ ਸਮਰਥ ਹੋਵੇ ਇਸ ਨਾਲ ਜਿਥੇ ਸ਼ਰਧਾਲੂਆਂ ਤੇ ਭਾਰਤ ਜਾਣ ਵਾਲੇ ਸੈਲਾਨੀਆਂ ਨੂੰ ਸਹੂਲਤ ਮਿਲੇਗੀ ਉਥੇ ਹੀ ਕਾਰਗੋ ਕਾਰਨ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਕਿਸਾਨਾਂ ਤੇ ਉਦਯੋਗਪਤੀਆਂ ਨੂੰ ਵੱਡੇ ਲਾਭ ਮਿਲਣ ਦੀ ਸੰਭਾਵਨਾ ਹੈ। ਇਸ ਸਮੇਂ ਦੋਹਾਂ ਦੇਸ਼ਾਂ ਦੇ ਆਗੂਆਂ ਵਲੋਂ ਲੰਡਨ-ਅੰਮ੍ਰਿਤਸਰ ਸਿੱਧੀ ਉਡਾਨ ਸ਼ੁਰੂ ਕਰਵਾਉਣ ਲਈ ਆਰੰਭੀ ਮੁਹਿੰ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਮ੍ਰਿਤਸਰ ਵਿਕਾਸ ਮੰਚ ਆਗੂ ਸਮੀਪ ਸਿੰਘ ਗੁੰਮਟਾਲਾ, ਸੇਵਾ ਟਰੱਸਟ ਯੂ.ਕੇ. ਆਗੂ ਚਰਨਜੀਤ ਸਿੰਘ ਸੇਖੋਂ, ਗੁਰਦੁਆਰਾ ਸਿੰਘ ਸਭਾ ਸਾਊਥ ਹਾਲ ਅਤੇ ਗੁਰੂ ਰਵੀਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਮੇਲ ਸਿੰਘ ਮੱਲੀ, ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਚੈਪਟਰ ਦੇ ਯੂਥ ਓਵਰਸੀਜ ਪ੍ਰਧਾਨ ਵਿਕਰਮਜੀਤ ਸਿੰਘ ਸਮੇਤ ਭਾਰਤ ਅਤੇ ਇੰਗਲੈਂਡ ਦੀਆਂ ਪ੍ਰਮੁਖ ਸਖਸ਼ੀਅਤਾਂ ਹਾਜਰ ਸਨ।