ਪਿਆਰਾ ਸਿੰਘ ਭੋਗਲ, ਡਾ. ਸਵਰਾਜ ਸਿੰਘ, ਨਰਪਾਲ ਸਿੰਘ ਸ਼ੇਰਗਿੱਲ, ਚਰਨਜੀਤ ਸਿੰਘ ਗੁਮਟਾਲਾ, ਡਾ. ਐੱਸ. ਐੱਸ ਛੀਨਾ, ਗੁਰਮੀਤ ਸਿੰਘ ਪਲਾਹੀ
ਫਗਵਾੜਾ, 25 ਅਪ੍ਰੈਲ 2018: ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ:) ਨੇ ਪੰਜਾਬ ਵਿੱਚ ਸਮਾਜ ਨੂੰ ਵੰਡਣ ਅਤੇ ਫਿਰਕੂ ਸੋਚ ਵਾਲੀ ਲਕੀਰ ਖਿੱਚੇ ਜਾਣ ਦੀਆਂ ਕੋਸ਼ਿਸ਼ਾਂ ਦੀ ਭਰਪੂਰ ਨਿਖੇਧੀ ਕੀਤੀ ਹੈ। ਪਿਛਲੇ ਦਿਨੀਂ ਫਗਵਾੜਾ ਸ਼ਹਿਰ ‘ਚ ਵਾਪਰੀਆਂ ਘਟਨਾਵਾਂ ਦੀ ਪੁਰਜ਼ੋਰ ਨਿੰਦਿਆ ਕਰਦਿਆਂ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਦੇ ਸਰਪ੍ਰਸਤਾਂ ਪਿਆਰਾ ਸਿੰਘ ਭੋਗਲ, ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਡਾ. ਸਵਰਾਜ ਸਿੰਘ, ਚਰਨਜੀਤ ਸਿੰਘ ਗੁੰਮਟਾਲਾ, ਪ੍ਰੋ. ਐਸ.ਐਸ ਛੀਨਾ ਅਤੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੇ ਪੰਜਾਬੀ ਚਿੰਤਕਾਂ, ਲੇਖਕਾਂ, ਵਿਚਾਰਵਾਨਾਂ ਨੂੰ ਇੱਕ ਮੰਚ ਉਤੇ ਇੱਕਠੇ ਹੋਕੇ ਸਮਾਜ ਵਿੱਚ ਪਾੜਾ ਪਾਉਣ ਵਾਲੇ ਸਵਾਰਥੀ ਲੋਕਾਂ ਨੂੰ ਬੇਨਕਾਬ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਦਾ ਵਿਚਾਰ ਹੈ ਕਿ ਅੱਜ ਲੋੜ ਪੰਜਾਬ ਦੇ ਮੁੱਖ ਮੁੱਦਿਆਂ ਅਤੇ ਦਰਪੇਸ਼ ਸਮੱਸਿਆਵਾਂ ਨੂੰ ਰਲ ਬੈਠਕੇ ਹੱਲ ਕਰਨ ਦੀ ਹੈ। ਪੰਜਾਬ ਸੂਬੇ ਵਿੱਚ ਸਮਾਜ ਵਿੱਚ ਵੰਡੀਆਂ ਕਾਰਨ ਪੈਦਾ ਹੋ ਰਿਹਾ ਕਿਸੇ ਵੀ ਕਿਸਮ ਦਾ ਤਨਾਓ, ਪੰਜਾਬ ਨੂੰ ਸਾਲਾਂ ਬੱਧੀ ਹੋਰ ਪਿੱਛੇ ਖਿੱਚ ਦੇਵੇਗਾ, ਜਿਸ ਨਾਲ ਸੂਬੇ ਵਿੱਚ ਪਹਿਲਾਂ ਹੀ ਖਾਸ ਤੌਰ ‘ਤੇ ਬੇਰੁਜ਼ਗਾਰੀ, ਨਸ਼ਾਖੋਰੀ, ਆਤਮ ਹੱਤਿਆਵਾਂ ਦਾ ਸੰਤਾਪ ਝੱਲ ਰਹੇ ਲੋਕ ਹੋਰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਗੇ। ਇਸ ਮੰਚ ਨੇ ਪੰਜਾਬੀਆਂ ਨੂੰ ਪੰਜਾਬ ਵਿੱਚ ਆਪਸੀ ਭਾਈਚਾਰਾ, ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਸ ਅਪੀਲ ਉਤੇ ਦਸਤਖਤ ਕਰਨ ਵਾਲਿਆਂ ਵਿੱਚ ਮੀਤ ਪ੍ਰਧਾਨ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਮੀਤ ਪ੍ਰਧਾਨ ਡਾ: ਸ਼ਿਆਮ ਸੁੰਦਰ ਦੀਪਤੀ, ਸੁਲੱਖਣ ਸਰਹਦੀ ਮੀਤ ਪ੍ਰਧਾਨ, ਗੁਰਚਰਨ ਸਿੰਘ ਨੂਰਪੁਰ ਜਨਰਲ ਸਕੱਤਰ, ਜੀ.ਐਸ. ਗੁਰਦਿੱਤ ਸਕੱਤਰ, ਦੀਦਾਰ ਸ਼ੇਤਰਾ ਵਿੱਤ ਸਕੱਤਰ ਅਤੇ ਮੈਂਬਰ ਪ੍ਰੋ. ਜਸਵੰਤ ਸਿੰਘ ਗੰਡਮ, ਪਰਵਿੰਦਰਜੀਤ ਸਿੰਘ ਆਦਿ ਸ਼ਾਮਲ ਹਨ।