ਐਸ.ਏ.ਐਸ. ਨਗਰ 24 ਅਪ੍ਰੈਲ 2018: ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਹਿਲਾ ਸਰੀਰਿਕ ਸਿੱਖਿਆ ਲੈਕਚਰਾਰਾਂ, ਡੀਪੀਈਜ਼ ਅਤੇ ਪੀਟੀਆਈਜ਼ ਨੂੰ ਸਵੇ-ਸੁਰੱਖਿਆ ਦੇ ਗੁਰ ਅਤੇ ਆਤਮ ਵਿਸਵਾਸ਼ ਵਧਾਉਣ ਲਈ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ ਆਈ.ਏ.ਐੱਸ. ਦੀ ਅਗਵਾਈ ਵਿੱਚ ਸਿਖਲਾਈ ਵਰਕਸ਼ਾਪ ਦੇ ਦੂਜੇ ਗੇੜ ਦੌਰਾਨ 23 ਤੋਂ 28 ਅਪ੍ਰੈਲ ਤੱਕ ਪਟਿਆਲਾ ਜਿਲ੍ਹੇ ਦੀਆਂ 69, ਫਤਿਹਗੜ੍ਹ ਸਾਹਿਬ ਜਿਲ੍ਹੇ ਦੀਆਂ 27 ਤੇ ਰੂਪਨਗਰ ਜਿਲ੍ਹੇ ਦੀਆਂ 15 ਅਧਿਆਪਕਾਵਾਂ ਰਾਸ਼ਟਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ 32 ਚੰਡੀਗੜ੍ਹ ਵਿਖੇ ਭਾਗ ਲੈ ਰਹੀਆਂ ਹਨ|
ਬੁਲਾਰੇ ਨੇ ਦੱਸਿਆ ਕਿ ਇਸ ਸਿਖਲਾਈ ਵਰਕਸ਼ਾਪ ਦੌਰਾਨ ਸਕੂਲਾਂ ਦੀ ਮਹਿਲਾ ਅਧਿਆਪਕਾਵਾਂ ਨੂੰ ਸਵੈ-ਸੁਰੱਖਿਆ ਦੇ ਗੁਰ ਅਤੇ ਸਿਹਤਮੰਦ ਜੀਵਨ ਬਾਰੇ ਸਟੇਟ ਰਿਸੋਰਸ ਪਰਸਨਾਂ ਦੁਆਰਾ ਸਿਖਾਇਆ ਜਾ ਰਿਹਾ ਹੈ| ਇਹ ਅਧਿਆਪਕਾਵਾਂ ਸਕੂਲਾਂ 'ਚ ਪੜ੍ਹ ਰਹੀਆਂ ਲੜਕੀਆਂ ਨੂੰ ਮੁੱਢਲੀ ਜਾਣਕਾਰੀ ਦੇਣਗੀਆਂ| ਇਸ ਦੌਰਾਨ ਰਿਸੋਰਸ ਪਰਸਨਾਂ ਵੱਲੋਂ ਅਧਿਆਪਕਾਂ ਨੂੰ ਹਲਕੀ ਕਸਰਤਾਂ, ਕਰਾਟੇ, ਮਾਰਸ਼ਲ-ਆਰਟ, ਸਮਾਜ 'ਚ ਹੋ ਰਹੀਆਂ ਮੰਦਭਾਗੀ ਘਟਨਾਵਾਂ ਤੋਂ ਬਚਣ ਲਈ ਸਵੈ-ਸੁਰੱਖਿਆ ਦੇ ਗੁਰ ਸਿਖਾਏ ਜਾ ਰਹੇ ਹਨ|
ਇਸ ਮੌਕੇ ਪਟਿਆਲਾ ਤੋਂ ਭਾਗ ਲੈਣ ਆਏ ਪੀਟੀਆਈ ਅਧਿਆਪਕਾ ਮਮਤਾ ਰਾਣੀ ਨੇ ਕਿਹਾ ਕਿ ਉਹਨਾਂ ਨੂੰ ਇਸ ਸਿਖਲਾਈ ਵਰਕਸ਼ਾਪ 'ਚ ਆਕੇ ਬਹੁਤ ਵਧੀਆ ਲੱਗਾ ਹੈ ਅਤੇ ਉਹ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਜੀ ਦਾ ਧੰਨਵਦ ਕਰਦੇ ਹਨ ਜਿਨ੍ਹਾਂ ਨੇ ਇਹ ਵਧੀਆ ਉਪਰਾਲਾ ਸਰੀਰਿਕ ਸਿੱਖਿਆ ਦੀਆਂ ਮਹਿਲਾ ਅਧਿਆਪਕਾਵਾਂ ਲਈ ਕੀਤਾ ਹੈ| ਹੁਣ ਉਹ ਆਪਣੇ ਸਕੂਲਾਂ 'ਚ ਪਹਿਲਾਂ ਨਾਲੋਂ ਵੱਧ ਜੋਸ਼ ਅਤੇ ਤਕਨੀਕ ਨਾਲ ਲੜਕੀਆਂ 'ਚ ਆਤਮ-ਵਿਸਵਾਸ਼ ਵਧਾਉਣਗੇ ਅਤੇ ਸਵੇ-ਸੁਰੱਖਿਆ ਦੇ ਜੋ ਗੁਰ ਉਹਨਾਂ ਨੂੰ ਮਿਲੇ ਹਨ ਉਹ ਵਧੀਆ ਤੇ ਸੁਰੱਖਿਅਤ ਜੀਵਨ ਲਈ ਸਕੂਲਾਂ ਦੀਆਂ ਬੱਚੀਆਂ ਨਾਲ ਸਾਂਝੇ ਕਰਨਗੇ|
ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ 'ਚ ਪੜ੍ਹਦੀਆਂ ਬੱਚੀਆਂ ਨੂੰ ਉਹਨਾਂ ਦੇ ਅਧਿਆਪਕਾਂ ਰਾਹੀਂ ਹੀ ਸਵੈ-ਸੁਰੱਖਿਆ ਦੇ ਗੁਰ ਪ੍ਰਦਾਨ ਕਰਵਾਉਣ ਨਾਲ ਬੱਚੀਆਂ ਦਾ ਆਤਮ-ਵਿਸਵਾਸ਼ ਤਾਂ ਵਧੇਗਾ ਹੀ ਨਾਲ ਅਧਿਆਪਕਾਵਾਂ ਨਾਲ ਵਿਦਿਆਰਥਣਾਂ ਘਰ ਤੋਂ ਸਕੂਲ ਤੇ ਸਕੂਲ ਤੋਂ ਘਰ ਆਉਂਦੇ-ਜਾਂਦੇ ਸਮੇਂ ਰੋਜ਼ਾਨਾਂ ਦੀਆਂ ਸਮੱਸਿਆਵਾਂ ਵੀ ਸਾਂਝੀਆਂ ਕਰ ਸਕਣਗੀਆਂ| ਮਹਿਲਾ ਅਧਿਆਪਕਾਵਾਂ ਨੇ ਸਿਖਲਾਈ ਵਰਕਸ਼ਾਪ 'ਚ ਭਾਗ ਲੈਂਦੇ ਹੋਏ ਕਿਹਾ ਕਿ ਇਹ ਸਿਖਲਾਈ ਵਰਕਸ਼ਾਪ ਅਧਿਆਪਕਾਵਾਂ ਲਈ ਰਿਫਰੈਸ਼ਰ ਹੈ ਜਿਸ ਨੂੰ ਉਹ ਲੰਬੇ ਸਮੇਂ ਤੱਕ ਯਾਦ ਵੀ ਰੱਖਣਗੀਆਂ|
ਇਸ ਮੌਕੇ ਸਿੱਖਿਆ ਵਿਭਾਗ ਦੇ ਅਧਿਕਾਰੀ ਸੁਭਾਸ਼ ਚੰਦਰ ਮਹਾਜਨ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ, ਸੁਰੇਖਾ ਠਾਕੁਰ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ, ਸੰਜੀਵ ਭੂਸ਼ਣ ਅਤੇ ਹੋਰ ਅਧਿਕਾਰੀ ਤੇ ਕਰਾਟੇ ਕੋਚ ਵੀ ਹਾਜ਼ਰ ਸਨ|