ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਰਨੀਵਾਲਾ ਦੇ ਕੋਚ ਗੁਰਵਿੰਦਰ ਸਿੰਘ ਦੇ ਨਾਲ ਮਹਿਲਾ ਕਬੱਡੀ ਖਿਡਾਰਨਾਂ
ਜਗਦੀਸ਼ ਥਿੰਦ
ਫਾਜ਼ਿਲਕਾ 24 ਅਪਰੈਲ
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਹੋਣਹਾਰ ਖਿਡਾਰਨਾਂ ਮਹਿਲਾ ਕਬੱਡੀ ਵਿੱਚ ਜ਼ਿਲ੍ਹੇ ਦਾ ਨਾਮ ਚਮਕਾ ਰਹੀਆਂ ਹਨ। ਇਹ ਹੋਣਹਾਰ ਖਿਡਾਰਨਾਂ ਸਕੂਲੀ ਮੈਚਾਂ ਤੋਂ ਇਲਾਵਾ ਸੂਬੇ ਭਰ ਵਿੱਚ ਹੋਣ ਵਾਲੇ ਵੱਖ-ਵੱਖ ਪੇਂਡੂ ਖੇਡ ਮੇਲਿਆਂ ਦੌਰਾਨ ਸੌ ਤੋਂ ਵਧੇਰੇ ਓਪਨ ਕਬੱਡੀ ਦੇ ਮੈਚ ਖੇਡ ਕੇ ਆਪਣੀ ਖੇਡ ਦਾ ਲੋਹਾ ਮਨਵਾ ਚੁੱਕੀਆਂ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੀਵਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲਾ ਕਲਾਂ ਵਿਖੇ ਪੜ੍ਹ ਰਹੀਆਂ ਵਿਦਿਆਰਥਣਾਂ ਵੱਲੋਂ ਕਬੱਡੀ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਜਾ ਚੁੱਕਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਰਨੀਵਾਲਾ ਦੇ ਕੌਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਇਨ੍ਹਾਂ ਖਿਡਾਰਨਾਂ ਨੂੰ ਕਬੱਡੀ ਖਿਡਾਉਣ ਲਈ ਮੁਫਤ ਕੋਚਿੰਗ ਦਿੱਤੀ ਜਾ ਰਹੀ ਹੈ। ਇਨ੍ਹਾਂ ਖਿਡਾਰਨਾਂ ਵੱਲੋਂ ਜਿੱਥੇ ਪਿਛਲੇ ਸਾਲ ਅੰਡਰ-17 ਦੀਆਂ ਸਟੇਟ ਪੱਧਰ ਦੀਆਂ ਨਵਾਂਸ਼ਹਿਰ ਵਿਖੇ ਹੋਈਆਂ ਖੇਡਾਂ ਦੌਰਾਨ ਗੋਲਡ ਮੈਡਲਿਸਟ ਪਾ੍ਰਪਤ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਗਿਆ ਉਥੇ ਇਸ ਤੋਂ ਪਹਿਲਾ ਇਨ੍ਹਾ ਖਿਡਾਰਨਾਂ ਵੱਲੋਂ ਬਰਨਾਲਾ ਵਿਖੇ ਹੋਈ ਪੰਜਾਬ ਚੈਂਪੀਅਨਸ਼ਿਪ ਦੌਰਾਨ ਖੇਡਾਂ ਵਿੱਚ ਆਪਣੀ ਕਲਾ ਦੇ ਖੂਬ ਜ਼ੋਹਰ ਦਿਖਾਉਂਦਿਆਂ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਇਨ੍ਹਾਂ ਖਿਡਾਰਨਾਂ ਵੱਲੋਂ ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਬਰਨਾਲਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਗੁਆਂਢੀ ਸੂਬੇ ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਹੋਏ ਇਕ ਸੌ ਤੋਂ ਵਧੇਰੇ ਕਬੱਡੀ ਓਪਨ ਦੇ ਮੈਚਾਂ ਦੌਰਾਨ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ।
ਕੌਚ ਗੁਰਵਿੰਦਰ ਸਿੰਘ ਨੇ ਹੋਰ ਦੱਸਿਆ ਕਿ ਅੰਡਰ-19 ਵਿੱਚ ਕਿਰਨਾਂ ਰਾਣੀ ਅਤੇ ਅੰਡਰ-17 ਵਿੱਚ ਜਸ਼ਨਦੀਪ ਕੌਰ ਵੱਲੋਂ ਬਤੌਰ ਕੈਪਟਨ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਰੇਡਰ ਵੱਜੋਂ ਸੋਚਾ ਰਾਣੀ, ਜਸਨਪ੍ਰੀਤ ਕੌਰ, ਪਵਨਦੀਪ ਕੌਰ ਅਤੇ ਰੋਜ਼ਾ ਬਾਈ ਅਤੇ ਜਾਫੀ ਵਜੋਂ ਕਿਰਨਾਂ ਰਾਣੀ, ਪ੍ਰਿਆ ਰਾਣੀ, ਸੀਮਾ ਰਾਣੀ, ਸ਼ਨੀਦੇਵ, ਜਯੋਤੀ ਬਾਲਾ ਅਤੇ ਹਰਸ਼ ਵੱਲੋਂ ਆਪੋ-ਆਪਣੀ ਖੇਡ ਦੇ ਖੂਬ ਜ਼ੋਹਰ ਦਿਖਾਏ ਜਾਂਦੇ ਹਨ।
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਰਨੀਵਾਲਾ ਦੇ ਕੌਚ ਗੁਰਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਇਨ੍ਹਾ ਲੜਕੀਆਂ ਨੂੰ ਗਰਮੀ ਦੇ ਦਿਨਾਂ ਵਿੱਚ ਸ਼ਾਮ 5 ਵਜੇ ਤੋਂ 7 ਵਜੇ ਤੱਕ ਅਤੇ ਸਰਦੀਆਂ ਦੇ ਮੌਸਮ ਵਿੱਚ ਸ਼ਾਮ 4 ਤੋਂ 6 ਵਜੇ ਤੱਕ ਰੋਜ਼ਾਨਾ ਮੁਫਤ ਟੇ੍ਰਨਿੰਗ ਦਿੱਤੀ ਜਾਂਦੀ ਹੈ। ਇਹ ਸਭ ਲੜਕੀਆਂ ਆਰਥਿਕ ਤੌਰ 'ਤੇ ਬਹੁਤ ਹੀ ਗਰੀਬ ਪਰਿਵਾਰਾਂ ਨਾਲ ਸਬੰਧਿਤ ਹਨ।