ਨੌਜਵਾਨ ਆਗੂ ਰਮਨ ਬਹਿਲ , ਸਾਜਨ ਸੰਧੂ ਅਤੇ ਸਾਥੀ ਸ਼ਪਤ ਲੈਣ ਮੌਕੇ
ਜਗਦੀਸ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 23 ਅਪਰੈਲ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਠੱਲ ਪਾਉਣ ਲਈ ਗੁਰੂ ਹਰਸਹਾਏ ਨਾਲ ਸਬੰਧਤ ਵੱਖ- ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਕੋਸ਼ਿਸ਼ਾਂ ਕਰਨ ਦਾ ਅਹਿਦ ਲਿਆ ਹੈ । ਸਥਾਨਕ ਰੇਲਵੇ ਪਾਰਕ ਵਿੱਚ ਨੌਜਵਾਨ ਆਗੂ ਰਮਨ ਬਹਿਲ ਦੀ ਪ੍ਰਧਾਨਗੀ ਹੇਠ ਸਾਹਿਤ ਸਭਾ ਗੁਰੂ ਹਰਸਹਾਏ , ਆਈ ਡੀ ਐੱਲ ਵਿਸਲਰ ਸਮਾਜ ਅਤੇ ਹੋਰ ਸੰਸਥਾਵਾਂ ਨਾਲ ਜੁੜੇ ਅਹੁਦੇਦਾਰ ਇਕੱਤਰ ਹੋਏ । ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਰਕਾਰੀ ਸੰਸਥਾਵਾਂ ਵੱਲੋਂ ਚਾਹੇ ਨਸ਼ਾ ਬੰਦ ਹੋਣ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲ ਵਿੱਚ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਧੱਸਦੀ ਜਾ ਰਹੀ ਹੈ । ਅੱਜ ਨਸ਼ਿਆਂ ਵਿਚ ਫਸੇ ਲੋਕਾਂ ਦੇ ਪਰਿਵਾਰ ਟੁੱਟ ਰਹੇ ਹਨ । ਨਸ਼ਈ ਵਿਅਕਤੀ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਦੇ ਨਾਲ- ਨਾਲ ਹੋਰ ਗੈਰ ਸਮਾਜੀ ਕੰਮਾਂ ਵਿੱਚ ਸ਼ਾਮਲ ਹੋ ਰਹੇ ਹਨ । ਕੈਮੀਕਲ ਨਸ਼ੇ ਕਾਰਨ ਆਏ ਦਿਨ ਕੋਈ ਨਾ ਕੋਈ ਵਿਅਕਤੀ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ । ਇਸ ਮੌਕੇ ਸ਼ਪਤ ਲਈ ਗਈ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗੇ ਅਨਸਰਾਂ ਨੂੰ ਨੰਗਿਆਂ ਕਰਨ ਲਈ ਉਹ ਪੁਲਸ ਕੋਲ ਸ਼ਿਕਾਇਤ ਕਰਨ ਦੇ ਨਾਲ ਮੀਡੀਆ ਦਾ ਸਹਾਰਾ ਵੀ ਲੈਣਗੇ । ਇਸ ਮੌਕੇ ਸਾਜਨ ਸੰਧੂ ,ਪ੍ਰਮੋਦ ਕਾਫਿਰ , ਨਿਸ਼ਾਨ ਲਿਖਾਰੀ , ਮਨੋਹਰ ਲਾਲ ਸ਼ਰਮਾ , ਸੁਖਵਿੰਦਰ ਸਿੰਘ , ਸੌਰਵ ਮੈਣੀ , ਜਤਿੰਦਰ ਸਿੰਘ ਵੀ ਮੌਜੂਦ ਸਨ