ਅੱਗ ਲੱਗਣ ਕਾਰਨ ਸੜੀ ਹੋਈ ਕਣਕ ਦਾ ਦ੍ਰਿਸ਼।
ਫਿਰੋਜ਼ਪੁਰ 16 ਅਪ੍ਰੈਲ 2018 (ਗੁਰਿੰਦਰ ਸਿੰਘ)-ਅੱਗ ਦੀਆਂ ਚਿੰਗਾੜੀਆਂ ਕਾਰਨ ਪੱਕੀ ਹੋਈ ਕਣਕ ਦੀ ਫਸਲ ਸੜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜਾ ਘਟਨਾ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਅਤੇ ਪਿੰਡ ਤੇਲੀਆਂ ਵਾਲਾ ਦੀ ਸਾਹਮਣੇ ਆ ਰਹੀ ਹੈ, ਜਿਥੇ ਦਰਜਨ ਤੋਂ ਵੱਧ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਅੱਗ ਦੀ ਚਿੰਗਆੜੀ ਕਾਰਨ ਸਣ ਬਲ ਕੇ ਸੁਆਹ ਹੋ ਗਈ। ਜਾਣਕਾਰੀ ਮੁਤਾਬਿਕ ਪਿੰਡ ਬੰਡਾਲਾ ਵਿਖੇ ਅਚਾਨਕ ਅੱਗ ਲੱਗ ਜਾਣ ਦੇ ਕਾਰਨ ਕਿਸਾਨ ਅਮਰਜੀਤ ਸਿੰਘ, ਅਮਰੀਕ ਸਿੰਘ, ਗੁਰਮੀਤ ਸਿੰਘ, ਸੁੱਚਾ ਸਿੰਘ ਆਦਿ ਕਿਸਾਨਾਂ ਦੀ ਕਣਕ ਕਰੀਬ 25 ਏਕੜ ਸੜ ਕੇ ਸੁਆਹ ਹੋ ਗਈ। ਮੌਕੇ 'ਤੇ ਮੌਜ਼ੂਦ ਲੋਕਾਂ ਵਲੋਂ ਆਪਣੇ ਟਰੈਕਟਰ ਨਾਲ ਅੱਗ 'ਤੇ ਕਾਬੂ ਪਾਇਆ ਗਿਆ, ਜਦੋਂਕਿ ਫਾਇਰ ਬ੍ਰਿਗੇਡ ਨਾ ਪਹੁੰਚ ਸਕੀ। ਸ਼ਾਮ ਢਲਣ ਤੱਕ ਅੱਗ 'ਤੇ ਪਿੰਡ ਵਾਸੀਆਂ ਦੇ ਵਲੋਂ ਪਾ ਲਿਆ ਗਿਆ ਸੀ। ਘਟਨਾ ਸਥਾਨ 'ਤੇ ਪਹੁੰਚੇ ਤਹਿਸੀਲਦਾਰ ਨੇ ਜਾਇਜਾ ਲੈਂਦਿਆ ਆਖਿਆ ਕਿ ਜਿਨ੍ਹਾਂ ਕਿਸਾਨਾਂ ਦੀ ਕਣਕ ਸੜੀ ਹੈ ਨੂੰ ਬਣਦਾ ਮੁਆਵਜਾ ਦਿੱਤਾ ਜਾਵੇਗਾ।
ਦੂਜੇ ਪਾਸੇ ਗੁਰੂਹਰਸਹਾਏ ਦੇ ਪਿੰਡ ਤੇਲੀਆਂ ਵਾਲਾ ਦੇ ਕਿਸਾਨ ਗੁਰਬਚਨ ਸਿੰਘ ਦੇ ਖੇਤਾਂ ਵਿਚ ਅੱਜ ਕੰਬਾਈਨ ਕਣਕ ਦੀ ਕਟਾਈ ਕਰ ਰਹੀ ਸੀ ਤਾਂ ਕਿਸੇ ਕਾਰਨ ਕੰਬਾਈਨ ਦੇ ਅੰਦਰ ਅੱਗ ਦੀਆਂ ਚਿੰਗਾੜੀਆਂ ਨਿਕਲ ਨਾਲ ਕਣਕ ਨੂੰ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਕਣਕ ਨੂੰ ਲੱਗੀ ਅੱਗ ਨੇ ਭਿਆਨਕ ਰੂਪ ਧਾਰ ਲਿਆ। ਖੇਤਾਂ ਅੰਦਰ ਕੰਮ ਕਰਦੇ ਕਿਸਾਨਾਂ ਨੇ ਉੱਚੀ ਉੱਚੀ ਰੌਲਾ ਪਾ ਕੇ ਪਿੰਡਾਂ ਦੇ ਗੁਰੂਦੁਆਰਿਆਂ ਵਿਚ ਅਵਾਜਾ ਦੁਆ ਕੇ ਲੋਕਾਂ ਨੂੰ ਬੁਲਾਇਆ ਅਤੇ ਦਰਜਨਾਂ ਲੋਕਾਂ ਨੇ ਅੱਗ 'ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਪੰਥਪ੍ਰੀਤ ਸਿੰਘ ਦੀ ਕਰੀਬ 25 ਏਕੜ, ਜੈ ਚੰਦ, ਰਾਜ ਸਿੰਘ ਤੇ ਪਾਲਾ ਸਿੰਘ ਦੀ 45 ਏਕੜ ਕਣਕ ਸੜ ਗਈ। ਮੌਕੇ 'ਤੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਪੁੱਜੇ ਪਰ ਫਾਇਰ ਬਿਗੇਡ ਦੇ ਪੁੱਜਣ ਤੋਂ ਪਹਿਲਾਂ ਹੀ ਅੱਗ 'ਤੇ ਕੰਟਰੋਲ ਹੋ ਗਿਆ ਸੀ।