18 ਨੂੰ ਰਾਹੁਲ ਨਾਲ ਮਿਲਣ ਦਾ ਹੈ ਅਮਰਿੰਦਰ ਦਾ ਪ੍ਰੋਗਰਾਮ
ਬਲਜੀਤ ਬੱਲੀ
ਚੰਡੀਗੜ੍ਹ ,15 ਅਪ੍ਰੈਲ , 2018 : ਲਗਦੈ ਝੰਡੀ ਵਾਲੀ ਕਾਰ ਦੀ ਇੱਛਾ ਵਿਚ ਤਰਲੋਮੱਛੀ ਹੋ ਰਹੇ ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀਆਂ ਆਸਾਂ ਨੂੰ ਬੂਰ ਪੈਣ ਦੇ ਦਿਨ ਥੋੜ੍ਹੇ ਰਹਿ ਗਏ ਨੇ . ਬਾਬੂਸ਼ਾਹੀ ਡਾਟ ਕਾਮ ਦੀ ਜਾਣਕਾਰੀ ਅਨੁਸਾਰ ਕੈਪਟਨ ਵਜ਼ਾਰਤ 19 ਜਾਂ 20 ਅਪ੍ਰੈਲ ਨੂੰ ਕੀਤੇ ਜਾਣ ਦੀ ਤਜਵੀਜ਼ ਹੈ . ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਅਨੁਸਾਰ ਤਜਵੀਜ਼ ਤਾਂ 19 ਅਪ੍ਰੈਲ ਨੂੰ ਹੀ ਵਜ਼ਾਰਤੀ ਵਾਧਾ ਕਰਨ ਦੀ ਹੈ ਪਰ ਅੰਤਿਮ ਨਿਰਨਾ ਇਸ ਗੱਲ ਤੇ ਨਿਰਭਰ ਹੈ ਕਿ ਉਸ ਤੋਂ ਇੱਕ ਦਿਨ ਪਹਿਲਾਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਸਿਰੇ ਚੜ੍ਹ ਜਾਂਦੀ ਹੈ ਜਾਂ ਨਹੀਂ .
ਬਾਬੂਸ਼ਾਹੀ ਦੀ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦਾ 18 ਅਪ੍ਰੈਲ ਨੂੰ ਰਾਹੁਲ ਗਾਂਧੀ ਨੂੰ ਮਿਲਣ ਦਿੱਲੀ ਜਾਣਗੇ . ਉਸ ਦਿਨ ਮੁੱਖ ਮੰਤਰੀ ਵੱਲੋਂ ਵਜ਼ਾਰਤੀ ਵਾਧੇ ਲਈ ਸੰਭਾਵੀ ਨਾਵਾਂ ਦੀ ਸੂਚੀ ਤੇ ਮੋਹਰ ਲਵਾਉਣ ਦੀ ਤਜਵੀਜ਼ ਹੈ . ਜੇਕਰ ਇਹ ਮੀਟਿੰਗ ਸਿਰੇ ਚੜ੍ਹ ਜਾਂਦੀ ਹੈ ਤਾਂ ਫੇਰ 19 ਅਪ੍ਰੈਲ ਨੂੰ ਹੀ ਵਾਧਾ ਕੀਤੇ ਜਾਣ ਦੇ ਆਸਾਰ ਹਨ .ਮੁੱਖ ਮੰਤਰੀ ਦੇ ਨੇੜਲੇ ਕਾਂਗਰਸੀ ਹਲਕੇ ਇਹੀ ਉਮੀਦ ਲਾ ਰਹੇ ਹਨ ਕੀ ਰਾਹੁਲ ਗਾਂਧੀ ਇਸ ਮਸਲੇ ਨੂੰ ਹੋਰ ਨਹੀਂ ਲਟਕਾਉਣਗੇ ਕਿਉਂਕਿ ਪਹਿਲਾਂ ਇਸ ਮਾਮਲੇ ਤੇ ਹੋਏ ਦੇਰੀ ਕਰਨ ਕਾਂਗਰਸੀ ਵਿਧਾਇਕਾਂ ਅੰਦਰ ਕਾਫ਼ੀ ਬੇਚੈਨੀ ਪਾਈ ਜਾ ਰਹੀ ਹੈ . ਮੁੱਖ ਮੰਤਰੀ ਵੱਲੋਂ ਕਈ ਵਾਰ ਵਜ਼ਾਰਤੀ ਵਾਧੇ ਦੇ ਸੰਭਾਵੀ ਸਮੇਂ ਦਾ ਐਲਾਨ ਕਰਕੇ ਹਰ ਵਾਰ ਇਸ ਨੂੰ ਹੋਰ ਅੱਗੇ ਪਾਏ ਜਾਣ ਕਾਰਨ ਉਨ੍ਹਾਂ ਅੰਦਰ ਮਾਯੂਸੀ ਪੈਦਾ ਹੁੰਦੀ ਰਹੀ ਹੈ .
ਉਂਜ ਮੁੱਖ ਮੰਤਰੀ ਖ਼ੁਦ ਵੀ ਕਹਿ ਚੁੱਕੇ ਹਨ ਕਿ ਸਿਰਫ਼ 8 ਵਜ਼ੀਰਾਂ ਨਾਲ ਇੰਨੇ ਮਹਿਕਮਿਆਂ ਦਾ ਕੰਮ ਚਲਾਉਣਾ ਬਹੁਤ ਔਖਾ ਹੈ . ਖ਼ੁਦ ਮੁੱਖ ਮੰਤਰੀ ਕੋਲ ਏਨੇ ਮਹਿਕਮੇ ਹਨ ਕਿ ਉਹ ਪੂਰਾ ਧਿਆਨ ਹੀ ਨਹੀਂ ਦੇ ਸਕਦੇ . ਇਹ ਗੱਲ ਤਾਂ ਜੱਗ-ਜ਼ਾਹਿਰ ਹੈ ਕਿ ਵਜ਼ਾਰਤੀ ਵਾਧੇ ਲਈ ਪੰਜਾਬ ਕਾਂਗਰਸ ਦੇ ਅੰਦਰੋਂ ਅਤੇ ਉੱਪਰੋਂ ਹਾਈ ਕਮਾਂਡ ਦੋਹਾਂ ਥਾਵਾਂ ਤੋਂ ਹੀ ਕਾਫ਼ ਆਈ ਦਬਾਅ ਪੈ ਰਿਹਾ . ਇਹ ਵੀ ਸਮਝਿਆ ਜਾ ਰਿਹਾ ਹੈ ਕਿ ਜੇਕਰ ਕੈਪਟਨ ਸਰਕਾਰ ਦਾ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਅਗਲੇ ਵਰ੍ਹੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਸਰਕਾਰ ਦਾ ਗਿਰਾਫ਼ ਹੋਰ ਥੱਲੇ ਆ ਸਕਦਾ ਹੈ ਜਿਸ ਦਾ ਖ਼ਮਿਆਜ਼ਾ ਪਾਰਟੀ ਨੂੰ ਐੱਸ ਭੁਗਤਣਾ ਪੈ ਸਕਦਾ ਹੈ .
ਇਸ ਵੇਲੇ 9 ਵਜ਼ਾਰਤੀ ਕੁਰਸੀਆਂ ਖ਼ਾਲੀ ਹਨ . ਇਹ ਵੀ ਹੋ ਸਕਦਾ ਹੈ ਕੈਪਟਨ ਅਮਰਿੰਦਰ ਸਿੰਘ ਇੱਕੋ ਵਾਰ ਸਾਰੇ ਵਜ਼ੀਰ ਆਪਣੀ ਕੈਬਿਨੇਟ ਵਿਚ ਸ਼ਾਮਲ ਨਾ ਕਰਨ ਅਤੇ ਕੁਝ ਗੁੰਜਾਇਸ਼ ਭਵਿੱਖ ਲਈ ਵੀ ਰੱਖ ਲੈਣ ਪਰ ਉਮੀਦ ਇਹ ਹੈ ਘੱਟੋ -ਘੱਟ 6 ਵਜ਼ੀਰ ਨਵੇਂ ਜ਼ਰੂਰ ਲਏ ਜਾਣਗੇ .ਵਜ਼ੀਰਾਂ ਦੀ ਗਿਣਤੀ ਦਾ ਨਿਰਨਾ ਕਾਫ਼ੀ ਹੱਦ ਤੱਕ ਰਾਹੁਲ ਗਾਂਧੀ ਤੇ ਵੀ ਨਿਰਭਰ ਕਰਦਾ ਹੈ.
ਇਹ ਵੀ ਯਾਦ ਰਹੇ ਕਿ ਮੁੱਖ ਮੰਤਰੀ ਵੱਲੋਂ ਪਾਰਟੀ ਦੇ ਐਮ ਐਲ ਏਜ਼ ਨੂੰ ਵਜ਼ੀਰਾਂ ਦੇ ਨਾਲ ਵਿਧਾਨਿਕ ਅਸਿਸਟੈਂਟ ਲਾਏ ਜਾਣ ਦਾ ਐਲਾਨ ਵੀ ਇਹੀ ਸੰਕੇਤ ਕਰਦਾ ਹੈ ਕਿ ਵਜ਼ਾਰਤੀ ਵਾਧਾ ਹੁਣ ਛੇਤੀ ਹੋਣ ਵਾਲਾ ਹੈ ਕਿਉਂਕਿ ਵਜ਼ੀਰੀ ਲੈਣ ਤੋਂ ਰਹਿ ਗਏ ਵਿਧਾਇਕਾਂ ਨੂੰ ਅਜਿਹੇ ਨਵੇਂ ਅਹੁਦੇ ਤੇ ਬਿਠਾ ਕੇ ਕੁਝ ਧਰਵਾਸ ਦੇਣ ਜਾਂ ਚੁੱਪ ਕਰਾਉਣ ਲਈ ਅਜਿਹਾ ਕੋਈ ਕਦਮ ਚੁੱਕਣਾ ਜ਼ਰੂਰੀ ਸੀ .