ਪਟਿਆਲਾ, 14 ਅਪ੍ਰੈਲ 2018 : ਪਟਿਆਲਾ ਪੁਲਿਸ ਦੇ ਐਸ.ਐਸ.ਪੀ. ਡਾ.ਐਸ. ਭੂਪਤੀ ਨੇ ਦੱਸਿਆ ਕਿ ਪਟਿਆਲਾ ਪੁਲਿਸ ਦੀ ਸਮਾਜ ਵਿਰੋਧੀ ਅਨਸਰਾਂ ਵਿਰੁਧ ਚਲਾਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋ ਸੀ.ਆਈ.ਏ ਸਟਾਫ ਪਟਿਆਲਾ ਦੀ ਇੱਕ ਟੀਮ ਨੇ ਡਰਾਅ ਕੱਢਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ 7 ਜਣੇ ਗ੍ਰਿਫ਼ਤਾਰ ਕਰ ਲਏ। ਐਸ.ਐਸ.ਪੀ. ਨੇ ਦੱਸਿਆ ਕਿ ਇਹ ਕਾਮਯਾਬੀ ਐਸ.ਪੀ. ਜਾਂਚ ਸ. ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਤੇ ਡੀ.ਐਸ.ਪੀ ਜਾਂਚ ਸ. ਸੁਖਮਿੰਦਰ ਸਿੰਘ ਚੌਹਾਨ ਅਤੇ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਇੰਸਪੈਕਟਰ ਦਲਬੀਰ ਸਿੰਘ ਗਰੇਵਾਲ ਦੀ ਅਗਵਾਈ ਹੇਠਲੀ ਥਾਣੇਦਾਰ ਕਰਤਾਰ ਸਿੰਘ ਦੀ ਟੀਮ ਨੇ ਹਾਸਲ ਕੀਤੀ।
ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਨੇ ਇੱਕ ਸਮਰਾਟ ਇੰਟਰਪ੍ਰਾਈਜ ਨਾਮੀ ਫਰਜੀ ਕੰਪਨੀ ਬਣਾਕੇ ਭੋਲੇ ਭਾਲੇ ਲੋਕਾਂ ਨੂੰ ਡਰਾਅ ਕੱਢਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜੇ ਵਿੱਚੋਂ ਇੱਕ ਸਵਿਫਟ ਕਾਰ (ਪੀ.ਬੀ-11-ਬੀ.ਐਲ-2338) ਇੱਕ ਲੈਪਟਾਪ ਅਤੇ 60 ਹਜਾਰ ਰੁਪਏ ਨਕਦ ਬ੍ਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ 13 ਅਪਰੈਲ ਨੂੰ ਥਾਣੇਦਾਰ ਕਰਤਾਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਜਦੋਂ ਪਿੰਡ ਬਘੌਰਾ ਦੇ ਬੱਸ ਅੱਡੇ ਨੇੜੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨਜੀਰ ਮੁਹੰਮਦ ਪੁੱਤਰ ਸ਼ਰੀਫ ਮੁਹੰਮਦ ਤੇ ਸਤਨਾਮ ਸਿੰਘ ਪੁੱਤਰ ਰਣਧੀਰ ਸਿੰਘ ਵਾਸੀਅਨ ਪਿੰਡ ਮਾਜਰੀ ਅਕਾਲੀਆ, ਪ੍ਰਤਾਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਖਨੌੜਾ, ਗੁਰਪ੍ਰੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਦੌਣ ਖੁਰਦ, ਵਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਭੱਟੋ ਥਾਣਾ ਅਮਲੋਹ, ਰੋਸ਼ਨ ਸਿੰਘ ਪੁੱਤਰ ਕਾਕਾ ਸਿੰਘ ਤੇ ਕੁਲਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀਅਨ ਪਿੰਡ ਬਾਰਨ ਤੇ ਗੁਰਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਲਲੌਢਾ ਆਪਣੇ ਹੋਰ ਸਾਥੀਆ ਨਾਲ ਰੱਲਕੇ ਇੱਕ ਸਮਰਾਟ ਇੰਟਰਪ੍ਰਾਈਜ ਨਾਮ ਦੀ ਫਰਜੀ ਕੰਪਨੀ ਬਣਾਕੇ ਲੋਕਾਂ ਨੂੰ ਠੱਗ ਰਹੇ ਸਨ।
ਇਨ੍ਹਾਂ ਵੱਲੋਂ ਪਟਿਆਲਾ ਦੇ ਆਸ-ਪਾਸ ਦੇ ਇਲਾਕਿਆ ਵਿੱਚ ਭੋਲੇ ਭਾਲੇ ਲੋਕਾਂ ਤੋਂ 1300 ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪੈਸੇ ਇੱਕਠੇ ਕਰਕੇ ਫਿਰ ਕੁੱਝ ਨੰਬਰਾਂ ਦੇ ਏ.ਸੀ ਫਰਿਜ, ਮੋਟਰ ਸਾਇਕਲ, ਵਗੈਰਾ ਡਰਾਅ ਕੱਢ ਦਿਤਾ ਜਾਂਦਾ ਹੈ ਅਤੇ ਬਾਕੀ ਦੀ ਰਕਮ ਆਪਸ ਵਿੱਚ ਹੜਪ ਲਈ ਜਾਂਦੀ ਹੈ। ਇਸ 'ਤੇ ਪੁਲਿਸ ਨੇ ਇਹਨਾ ਖ਼ਿਲਾਫ਼ ਮੁਕੱਦਮਾ ਨੰਬਰ 28 ਮਿਤੀ 14/04/2018 ਅ/ਧ 406,420,120 ਬੀ ਆਈ.ਪੀ.ਸੀ ਥਾਣਾ ਘਨੌਰ ਦਰਜ ਕਰਕੇ ਤਫ਼ਤੀਸ਼ ਅਰੰਭ ਕੀਤੀ।
ਐਸ.ਐਸ.ਪੀ. ਨੇ ਦੱਸਿਆ ਕਿ ਅੱਜ ਥਾਣੇਦਾਰ ਕਰਤਾਰ ਸਿੰਘ ਵਲੋਂ ਜਗਤ ਫਾਰਮ ਹਾਊਸ ਨੇੜੇ ਘਨੌਰ ਤੋਂ ਨਜੀਰ ਮਹੰਮਦ, ਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ, ਰੋਸ਼ਨ ਸਿੰਘ, ਕੁਲਵਿੰਦਰ ਸਿੰਘ ਤੇ ਗੁਰਦੀਪ ਸਿੰਘ ਨੂੰ ਗਿਫ਼ਤਾਰ ਕਰਕੇ ਇਨ੍ਹਾਂ ਦੇ ਕਬਜੇ ਵਿੱਚੋ ਇੱਕ ਕਾਰ ਸਵਿਫਟ ਨੰਬਰੀ ਪੀ.ਬੀ 11 ਬੀ.ਐਲ 2338 ਬ੍ਰਾਮਦ ਕੀਤੀ ਤੇ ਕਾਰ ਦੀ ਤਲਾਸ਼ੀ ਕਰਨ 'ਤੇ ਇੱਕ ਲੈਪਟਾਪ ਮਾਰਕਾ ਐਚ.ਸੀ.ਐਲ ਅਤੇ 60,000 ਰੁਪਏ ਦੇ ਕਰੰਸੀ ਨੋਟ ਬ੍ਰਾਮਦ ਕੀਤੇ ਗਏ। ਜਦਕਿ ਇਹਨਾ ਦੇ ਫਰਾਰ ਸਾਥੀ ਸਤਨਾਮ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਡਾ. ਭੂਪਤੀ ਨੇ ਦੱਸਿਆ ਕਿ ਇਹਨਾਂ ਨੇ 1200 ਦੇ ਕਰੀਬ ਮੈਬਰ ਬਣਾਏ ਸਨ, ਜਿਹਨਾਂ ਕੋਲੋਂ ਇਹ 1300 ਰੁਪਏ ਪ੍ਰਤੀ ਮਹੀਨਾ ਕਿਸ਼ਤ ਲੈਦੇ ਸਨ ਤੇ ਡਰਾਅ ਮਹੀਨੇ ਦੀ 10 ਤਰੀਖ ਤੋਂ ਲੈਕੇ 15 ਤਰੀਖ ਦੇ ਵਿੱਚਕਾਰ ਕਢਦੇ ਸਨ। ਇਹ ਹੁਣ ਤੱਕ ਕੁਲ 17 ਡਰਾਅ ਕੱਢ ਚੁੱਕੇ ਸਨ, ਇਹਨਾਂ ਨੇ ਆਰਜੀ ਤੌਰ 'ਤੇ ਬਾਰਨ ਵਿਖੇ ਦੁਕਾਨ ਲੈਕੇ ਦਫ਼ਤਰ ਵੀ ਖੋਲ੍ਹਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁਛਗਿੱਛ ਕੀਤੀ ਜਾਵੇਗੀ।